ਸਾਲ 2019 ਦਾ ਲੇਖਾ-ਜੋਖਾ: ਪਟਿਆਲਾ ਪੁਲਸ ਨੇ ਨਾ ਅਪਰਾਧੀ ਬਖਸ਼ੇ, ਨਾ ਪੁਲਸ ਵਾਲੇ

12/29/2019 10:13:15 AM

ਪਟਿਆਲਾ (ਬਲਜਿੰਦਰ) : 2019 ਪਟਿਆਲਾ ਪੁਲਸ ਲਈ ਕਾਫੀ ਜ਼ਿਆਦਾ ਉਤਾਰ-ਚੜ੍ਹਾਅ ਵਾਲਾ ਰਿਹਾ। ਪੁਲਸ ਨੂੰ ਜਿਥੇ ਇਕ ਪਾਸੇ ਅਪਰਾਧੀਆਂ ਨਾਲ ਜੂਝਣਾ ਪਿਆ, ਉਥੇ ਆਪਣੇ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਵੀ ਦੋ-ਚਾਰ ਹੋਣਾ ਪਿਆ। ਹਾਲਾਤ ਇਹ ਰਹੇ ਕਿ ਪੁਲਸ ਨੇ ਨਾ ਤਾਂ ਅਪਰਾਧ ਕਰਨ ਵਾਲਿਆਂ ਨੂੰ ਬਖਸ਼ਿਆ ਅਤੇ ਨਾ ਹੀ ਜਿਹੜੇ ਪੁਲਸ ਵਾਲੇ ਸਾਹਮਣੇ ਆਏ ਉਨ੍ਹਾਂ ਨੂੰ ਬਖਸ਼ਿਆ। 2019 ਅਜਿਹਾ ਸਾਲ ਕਿਹਾ ਜਾ ਸਕਦਾ ਹੈ, ਜਿਸ ਵਿਚ ਸਭ ਤੋਂ ਜ਼ਿਆਦਾ ਅਪਰਾਧੀ ਫੜੇ ਗਏ ਅਤੇ ਇਸੇ ਸਾਲ ਵਿਚ ਸਭ ਤੋਂ ਜ਼ਿਆਦਾ ਪੁਲਸ ਮੁਲਾਜ਼ਮਾਂ ਨੂੰ ਡਿਸਮਿਸ, ਸਸਪੈਂਡ ਅਤੇ ਪੁਲਸ ਵਾਲਿਆਂ 'ਤੇ ਕੇਸ ਦਰਜ ਹੋਏ।

ਸਾਰੇ ਬਲਾਈਂਡ ਮਰਡਰ ਕੀਤੇ ਟਰੇਸ
ਪਟਿਆਲਾ ਪੁਲਸ ਨੇ ਸਾਲ ਵਿਚ ਹੋਏ ਸਮੁੱਚੇ ਬਲਾਈਂਡ ਮਰਡਰ ਟਰੇਸ ਕੀਤੇ ਹਨ। ਹੁਣ ਤੱਕ ਜ਼ਿਲੇ ਵਿਚ ਇਕ ਵੀ ਬਲਾਈਂਡ ਮਰਡਰ ਟਰੇਸ ਹੋਏ ਬਿਨਾਂ ਨਹੀਂ ਰਿਹਾ, ਜਦੋਂ ਤੋਂ ਐੱਸ. ਐੱਸ. ਪੀ. ਸਿੱਧੂ ਨੇ ਕਮਾਨ ਸੰਭਾਲੀ ਹੈ, ਉਦੋਂ ਤੋਂ ਹੀ ਕੋਈ ਬਲਾਈਂਡ ਮਰਡਰ ਬਕਾਇਆ ਨਹੀਂ ਰਿਹਾ। ਇਸ ਵਿਚ ਪਟਿਆਲਾ ਸੀ. ਆਈ. ਏ. ਸਟਾਫ ਦੀ ਕਾਫੀ ਅਹਿਮ ਭੂਮਿਕਾ ਰਹੀ ਹੈ।

ਨਾ ਗੈਂਗਸਟਰ ਛੱਡੇ, ਨਾ ਲੁਟੇਰੇ
ਪਟਿਆਲਾ ਪੁਲਸ ਨੇ ਇਸ ਸਾਲ ਵੱਡੀ ਗਿਣਤੀ ਵਿਚ ਗੈਂਗਸਟਰ, ਏ. ਟੀ. ਐੱਮ. ਚੋਰ ਅਤੇ ਵਾਹਨ ਚੋਰਾਂ ਨੂੰ ਵੱਡੀ ਗਿਣਤੀ ਵਿਚ ਗ੍ਰਿਫ਼ਤਾਰ ਕੀਤਾ ਹੈ। ਕਈ ਅਜਿਹੇ ਕੇਸ ਬਹੁਤ ਘੱਟ ਟਾਈਮ ਵਿਚ ਟਰੇਸ ਕੀਤੇ ਗਏ ਹਨ, ਜਿਸ ਕਾਰਣ 2019 ਵਿਚ ਪਟਿਆਲਾ ਪੁਲਸ ਨੂੰ ਡੀ. ਜੀ. ਪੀ. ਪੰਜਾਬ ਵਲੋਂ ਸਭ ਤੋਂ ਵੱਧ ਨਕਦ ਐਵਾਰਡ ਮਿਲੇ ਹਨ, ਜਿਹੜੇ ਪ੍ਰਮੁੱਖ ਕੇਸ 2019 ਵਿਚ ਹੋਏ, ਉਨ੍ਹਾਂ ਵਿਚ ਦਿੱਲੀ ਤੋਂ ਫਰਾਰ ਹੋਏ ਗੈਂਗਸਟਰ ਰਾਹੁਲ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਚੋਣਾਂ ਦੌਰਾਨ ਵੱਡੀ ਗਿਣਤੀ ਵਿਚ ਕੈਸ਼, 165 ਕਿਲੋ ਚਾਂਦੀ ਅਤੇ ਹੋਰ ਸਾਮਾਨ ਫੜਿਆ। ਪੁਲਸ ਨੇ ਆਰੀਆ ਸਮਾਜ ਵਿਚ ਬੀ ਟੈਂਕੀ ਕੋਲ ਕੈਸ਼ ਲੁੱਟ ਦੇ ਝੂਠੇ ਡਰਾਮੇ ਦਾ ਪਰਦਾਫਾਸ਼ ਕੀਤਾ। ਇਸ ਵਾਰ ਜਦੋਂ ਪਟਿਆਲਾ ਦੀ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨਾਲ 23 ਲੱਖ ਰੁਪਏ ਦੀ ਆਨਲਾਈਨ ਠੱਗੀ ਹੋਈ ਤਾਂ ਇਸ ਤੋਂ ਬਾਅਦ ਪਟਿਆਲਾ ਪੁਲਸ ਨੇ ਆਨਲਾਈਨ ਠੱਗੀ ਦੇ ਝਾਰਖੰਡ ਵਿਚ ਬੈਠੇ ਸਰਗਣਿਆਂ ਨੂੰ ਦਬੋਚਿਆ।
ਇਕ ਪ੍ਰਾਈਵੇਟ ਬੈਂਕ ਵੱਲੋਂ ਕਿਸ ਤਰ੍ਹਾਂ ਹੈਕਰਾਂ ਦਾ ਸਾਥ ਦੇ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ, ਉਸ ਦਾ ਪਰਦਾਫਾਸ਼ ਕੀਤਾ। ਜਾਅਲੀ ਇੰਸ਼ੋਰੈਂਸਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਰਾਜਗੜ੍ਹ ਤੋਂ ਨਸ਼ਾ ਸਮੱਗਲਰ ਵਿਚ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਾਹਨ ਚੋਰਾਂ ਨੂੰ ਵੱਡੀ ਗਿਣਤੀ ਵਿਚ ਗ੍ਰਿਫ਼ਤਾਰ ਕੀਤਾ। ਸਮਾਨੀਆ ਗੇਟ ਤੋਂ ਹੋਈ ਏ. ਟੀ. ਐੱਮ. ਦੀ ਲੁੱਟ ਅਤੇ ਏ. ਟੀ. ਐੱਮ. ਲੁੱਟਣ ਵਿਚ ਕਿਸ ਤਰ੍ਹਾਂ ਕੈਸ਼ ਲੋਡਰਾਂ ਦੀ ਭੂਮਿਕਾ ਰਹਿੰਦੀ ਹੈ, ਉਸ ਦਾ ਵੀ ਪਰਦਾਫਾਸ਼ ਕੀਤਾ। ਇਸੇ ਸਾਲ ਮਾਰਚ ਵਿਚ ਜ਼ੀਰਕਪੁਰ ਦੇ ਪ੍ਰਾਪਰਟੀ ਡੀਲਰ ਨੂੰ ਸੀ. ਆਈ. ਏ. ਸਟਾਫ ਪਟਿਆਲਾ ਦੀ ਟੀਮ ਨੇ ਇੰਸ. ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਉਤਰ ਪ੍ਰਦੇਸ਼ ਤੋਂ ਅਗਵਾਕਾਰਾਂ ਤੋਂ ਬੜੀ ਦਲੇਰੀ ਨਾਲ ਬਚਾਇਆ। ਇਸੇ ਤਰ੍ਹਾਂ ਗੈਂਗਸਟਰ ਮਨਕੀਰਤ ਮਨੀ, ਦਲਜੀਤ ਸਿੰਘ, ਨਵਪ੍ਰੀਤ ਨਵ ਲਾਹੌਰੀਆ, ਅੰਕੁਰ ਸਿੰਘ, ਪ੍ਰਕਾਸ਼ ਛੋਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਟਿਆਲਾ ਪੁਲਸ ਨੇ ਸ਼ਰਾਬ ਦੀ ਸਮਾਣਾ ਦੇ ਨੇੜੇ ਇਕ ਵੱਡੀ ਨਕਲੀ ਸ਼ਰਾਬ ਤਿਆਰ ਕਰਨ ਵਾਲੀ ਫੈਕਟਰੀ ਅਤੇ ਪਿੰਡ ਮਰੋੜੀ ਵਿਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ। ਦੇਵੀਗੜ੍ਹ ਤੋਂ ਨਕਲੀ ਦੁੱਧ ਅਤੇ ਘਿਓ ਦਾ ਵੀ ਪਰਦਾਫਾਸ਼ ਕੀਤਾ ਗਿਆ।

ਪੁਲਸ ਦੇ ਆਪਣਿਆਂ ਨੇ ਵੀ ਇਸ ਸਾਲ ਬਦਨਾਮ ਕਰਨ 'ਚ ਕਸਰ ਨਹੀਂ ਛੱਡੀ
ਪਟਿਆਲਾ ਪੁਲਸ ਦੇ ਆਪਣਿਆਂ ਨੇ ਵੀ ਇਸ ਵਾਰ ਪੁਲਸ ਦਾ ਨਾਂ ਖਰਾਬ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਮਰੋੜੀ ਨਾਜਾਇਜ਼ ਸ਼ਰਾਬ ਦੇ ਮਾਮਲੇ ਵਿਚ ਪਹਿਲਾਂ ਐੱਸ. ਐੱਚ. ਓ. ਸਦਰ ਸਮਾਣਾ ਨੂੰ ਮੁਅੱਤਲ ਕੀਤਾ ਗਿਆ, ਜਿਹੜਾ ਪੰਜਾਬ ਦਾ ਨਾਮੀ ਪਾਦਰੀ ਲੁੱਟ ਦਾ 6 ਕਰੋੜ ਰੁਪਏ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਵਿਚ ਪਟਿਆਲਾ ਪੁਲਸ ਨੇ ਦੋ ਜਵਾਨ ਸ਼ਾਮਲ ਸਨ, ਜਿਨ੍ਹਾਂ ਤੋਂ ਕੈਸ਼ ਰਿਕਵਰ ਕਰਵਾਇਆ ਅਤੇ ਉਨ੍ਹਾਂ ਨੂੰ ਡਿਸਮਿਸ ਕੀਤਾ ਗਿਆ। ਥਾਣਾ ਅਰਬਨ ਅਸਟੇਟ ਦੀ ਏ. ਐੱਸ. ਆਈ. ਰੇਨੂੰ ਬਾਲਾ ਅਤੇ ਥਾਣਾ ਸਦਰ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਨੂੰ ਨਸ਼ਾ ਸਮੱਗਲਿੰਗ ਵਿਚ ਤਰਨਤਾਰਨ ਪੁਲਸ ਨੇ ਗ੍ਰਿਫ਼ਤਾਰ ਕੀਤਾ। ਸੀ. ਆਈ. ਏ. ਰਾਜਪੁਰਾ ਦੇ ਇੰਚਾਰਜ ਇੰਸ. ਗੁਰਜੀਤ ਸਿੰਘ ਦੋ ਏ. ਐੱਸ. ਆਈਜ਼ ਖਿਲਾਫ ਕੇਸ ਦਰਜ ਹੋਇਆ। ਥਾਣਾ ਭਾਦਸੋਂ ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ ਨੂੰ ਵਿਜੀਲੈਂਸ ਨੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ। ਸੀ. ਆਈ. ਏ. ਸਮਾਣਾ ਦੇ ਇੰਚਾਰਜ ਇੰਸ. ਵਿਜੇ ਕੁਮਾਰ ਖਿਲਾਫ ਝੂਠਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਲੱਖਾਂ ਰੁਪਏ ਲੈਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ।

ਗੰਡਾਖੇੜੀ ਮਾਮਲਾ ਬਣਿਆ ਰਿਹਾ ਪੁਲਸ ਦੇ ਗਲੇ ਦੀ ਹੱਡੀ
ਇਸ ਸਾਲ ਪਟਿਆਲਾ ਪੁਲਸ ਲਈ ਗੰਡਾਖੇੜੀ ਮਾਮਲਾ ਗਲੇ ਦੀ ਹੱਡੀ ਬਣਿਆ ਰਿਹਾ। ਕਾਫੀ ਦੇਰ ਤੱਕ ਸਮੁੱਚੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਹੀ ਤਰੀਕੇ ਨਾਲ ਇਹ ਹੱਲ ਨਹੀਂ ਹੋ ਸਕਿਆ। ਹਾਲਾਂਕਿ ਪੁਲਸ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਬੱਚੇ ਭਾਖੜਾ ਤੋਂ ਟਰੇਸ ਕਰ ਲਏ ਗਏ ਹਨ ਪਰ ਬੱਚਿਆਂ ਦੇ ਮਾਪਿਆਂ ਵੱਲੋਂ ਫਿਰ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਪਟਿਆਲਾ ਪੁਲਸ ਰਹੀ ਵਿਧਾਇਕਾਂ ਦੇ ਨਿਸ਼ਾਨੇ 'ਤੇ
ਇਸ ਸਾਲ ਪਟਿਆਲਾ ਪੁਲਸ ਵਿਧਾਇਕਾਂ ਦੇ ਨਿਸ਼ਾਨੇ 'ਤੇ ਵੀ ਰਹੀ। ਪਹਿਲੀ ਵਾਰ ਸੱਤਾ ਧਿਰ ਦੇ ਵਿਧਾਇਕਾਂ ਨੇ ਪੁਲਸ ਅਤੇ ਪ੍ਰਸ਼ਾਸਨ 'ਤੇ ਸੁਣਵਾਈ ਨਾ ਕਰਨ ਦਾ ਦੋਸ਼ ਲਾਇਆ, ਜਿਸ ਵਿਚ ਪਟਿਆਲਾ ਪੁਲਸ ਵਿਧਾਇਕਾਂ ਦੇ ਨਿਸ਼ਾਨੇ 'ਤੇ ਰਹੀ ਤੇ ਦੂਜੇ ਪਾਸੇ ਤਖਤੂਮਾਜਰਾ ਵਰਗੇ ਮਾਮਲਿਆਂ ਵਿਚ ਪਟਿਆਲਾ ਪੁਲਸ ਅਕਾਲੀ ਦਲ ਦੇ ਨਿਸ਼ਾਨੇ 'ਤੇ ਵੀ ਰਹੀ। ਇਥੋਂ ਤੱਕ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਧਰਨਾ ਤੱਕ ਵੀ ਦਿੱਤਾ।

ਕਿੰਨਰਾਂ ਤੇ ਪਟਿਆਲਾ ਪੁਲਸ 'ਚ ਹੋਈ ਟੱਕਰ
ਇਸ ਸਾਲ ਕਿੰਨਰਾਂ ਅਤੇ ਪਟਿਆਲਾ ਪੁਲਸ ਵਿਚ ਜ਼ਬਰਦਸਤ ਟੱਕਰ ਹੋਈ। ਫੁਆਰਾ ਚੌਕ ਵਿਖੇ ਕਿੰਨਰਾਂ ਨੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਤੇ ਬਾਅਦ ਵਿਚ ਉਨ੍ਹਾਂ ਨੇ ਪੁਲਸ ਤੋਂ ਮੁਆਫੀ ਮੰਗੀ।

ਪੁਲਸ ਨੇ ਕੀਤੇ ਸਮਾਜ ਸੇਵਾ ਦੇ ਕੰਮ
ਸਾਲ 2019 ਵਿਚ ਪਟਿਆਲਾ ਪੁਲਸ ਨੇ ਸਮਾਜ ਸੇਵਾ ਦੇ ਕੰਮ ਵੀ ਕੀਤੇ। ਪੁਲਸ ਵੱਲੋਂ ਐਲਡਰ ਕੰਟੈਕਟ ਪ੍ਰੋਗਰਾਮ ਚਲਾਇਆ ਗਿਆ। ਗਰਮੀ ਅਤੇ ਸਰਦੀ ਵਿਚ ਲੰਗਰ ਦੀ ਸੇਵਾ ਵੀ ਕੀਤੀ ਗਈ। ਇਸ ਤੋਂ ਇਲਾਵਾ ਵੀ ਕਈ ਸਮਾਜ ਸੇਵਾ ਦੇ ਕੰਮ ਕੀਤੇ ਗਏ। ਟਰੈਫਿਕ ਪੁਲਸ ਪਟਿਆਲਾ ਨੇ ਵਿਕਲਾਂਗਾਂ ਲਈ ਮੁਫਤ ਈ-ਰਿਕਸ਼ਾ ਸਹੂਲਤ ਵੀ ਮੁਹੱਈਆ ਕਰਵਾਈ।


Shyna

Content Editor

Related News