ਚਰਿੱਤਰ 'ਤੇ ਸ਼ੱਕ! ਚਾਕੂ ਨਾਲ ਧੌਣ ਵੱਢ ਕੇ ਕੀਤਾ ਪਤਨੀ ਦਾ ਕਤਲ

Friday, May 10, 2019 - 11:28 AM (IST)

ਚਰਿੱਤਰ 'ਤੇ ਸ਼ੱਕ! ਚਾਕੂ ਨਾਲ ਧੌਣ ਵੱਢ ਕੇ ਕੀਤਾ ਪਤਨੀ ਦਾ ਕਤਲ

ਪਟਿਆਲਾ (ਬਲਜਿੰਦਰ)—ਸ਼ਹਿਰ ਦੇ ਦਾਰੂ ਕੁਟੀਆ ਇਲਾਕੇ ਵਿਚ ਬਚਨ ਸਿੰਘ ਨਾਂ ਦੇ ਇਕ ਵਿਅਕਤੀ ਨੇ ਚਾਕੂ ਨਾਲ ਧੌਣ ਵੱਢ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਸੁਨੀਤਾ ਦੇ ਰੂਪ ਵਿਚ ਹੋਈ ਹੈ। ਉਸ ਦੀ ਉਮਰ ਲਗਭਗ 40 ਸਾਲ ਸੀ। ਕਤਲ ਕਰਨ ਤੋਂ ਬਾਅਦ ਬਚਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਸੁਨੀਤਾ ਦੀ ਭੈਣ ਬਿੱਲੋ ਵੀ ਇਸੇ ਕਾਲੋਨੀ ਵਿਚ ਰਹਿੰਦੀ ਸੀ। ਜਦੋਂ ਉਹ ਸੁਨੀਤਾ ਦੇ ਘਰ ਆਈ ਅਤੇ ਉਸ ਨੇ ਖੂਨ ਨਾਲ ਲੱਥਪੱਥ ਲਾਸ਼ ਦੇਖੀ ਤਾਂ ਪੁਲਸ ਨੂੰ ਸੂਚਿਤ ਕੀਤਾ। ਨਿਊ ਆਫੀਸਰ ਕਾਲੋਨੀ ਚੌਕੀ ਦੇ ਇੰਚਾਰਜ ਕਰਨੈਲ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕ ਸੁਨੀਤਾ ਦੀ ਭੈਣ ਬਿੱਲੋ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਬਚਨ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਬਚਨ ਸਿੰਘ ਸਮਾਣਾ ਵਿਖੇ ਫੈਕਟਰੀ 'ਚ ਕੰਮ ਕਰਦਾ ਸੀ। ਅਕਸਰ ਘਰੋਂ ਬਾਹਰ ਰਹਿੰਦਾ ਸੀ। ਬਚਨ ਸਿੰਘ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ। ਇਸ ਨੂੰ ਲੈ ਕੇ ਦੋਵਾਂ 'ਚ ਅਕਸਰ ਝਗੜਾ ਰਹਿੰਦਾ ਸੀ। ਅੱਜ ਵੀ ਝਗੜਾ ਹੋਇਆ। ਇਸ ਤੋਂ ਬਾਅਦ ਬਚਨ ਸਿੰਘ ਨੇ ਆਪਣੀ ਪਤਨੀ ਦੀ ਚਾਕੂ ਨਾਲ ਧੌਣ ਵੱਢ ਦਿੱਤੀ ਅਤੇ ਆਪ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਵਾਰਦਾਤ ਲਈ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਹੈ।

ਦੇਰ ਸ਼ਾਮ ਬਚਨ ਸਿੰਘ ਗ੍ਰਿਫਤਾਰ
ਸੁਨੀਤਾ ਦੇ ਕਤਲ ਦੇ ਕੇਸ ਵਿਚ ਦੇਰ ਸ਼ਾਮ ਨਿਉ ਆਫੀਸਰ ਕਾਲੋਨੀ ਚੌਕੀ ਦੀ ਪੁਲਸ ਨੇ ਉਸ ਦੇ ਪਤੀ ਬਚਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਬਚਨ ਸਿੰਘ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News