ਵਿਵਾਦਾਂ ''ਚ ਕੇਂਦਰੀ ਜੇਲ ਪਟਿਆਲਾ, 4 ਮੋਬਾਈਲ ਹੋਰ ਬਰਾਮਦ
Wednesday, Jan 22, 2020 - 06:58 PM (IST)
ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ ਪਟਿਆਲਾ ਵਿਚ ਮੋਬਾਈਲ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਇਕ ਮਹੀਨੇ ਵਿਚ ਡੇਢ ਦਰਜਨ ਤੋਂ ਜ਼ਿਆਦਾ ਮੋਬਾਈਲ ਫੋਨ ਕੇਂਦਰੀ ਜੇਲ ਪਟਿਆਲਾ ਵਿਚੋਂ ਬਰਾਮਦ ਹੋ ਚੁੱਕੇ ਹਨ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਰ ਜੇਲ ਦੇ ਅੰਦਰ ਮੋਬਾਈਲ ਕਿਸ ਤਰ੍ਹਾਂ ਜਾ ਰਹੇ ਹਨ। ਤਾਜ਼ਾ ਮਾਮਲਿਆਂ ਵਿਚ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ, ਜਿਸ ਨੂੰ ਲੈ ਕੇ ਥਾਣਾ ਤ੍ਰਿਪੜੀ ਦੀ ਪੁਲਸ ਨੇ ਚਾਰ ਕੇਸ ਦਰਜ ਕੀਤੇ ਹਨ। ਪਹਿਲੇ ਕੇਸ ਵਿਚ ਕੈਦੀ ਗੁਰਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਢੰਡ ਥਾਣਾ ਸਰਾਏ ਅਮਾਨਤ ਖਾਂ ਜ਼ਿਲਾ ਤਰਨਤਾਰਨ ਹਾਲ ਕੈਦੀ ਕੇਂਦਰੀ ਜੇਲ ਪਟਿਆਲਾ ਦੇ ਖਿਲਾਫ 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ ਪ੍ਰਸ਼ਾਸਨ ਅਨੁਸਾਰ ਉਕਤ ਵਿਅਕਤੀ ਮੋਬਾਈਲ ਫੋਨ 'ਤੇ ਗੱਲਾਂ ਕਰਦਾ ਦੇਖਿਆ ਗਿਆ ਜਦੋਂ ਉਸ ਤੋਂ ਮੋਬਾਈਲ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਮੋਬਾਈਲ ਚੱਕੀਆਂ ਦੇ ਬਾਹਰ ਸੁੱਟ ਦਿੱਤਾ। ਚੈਕ ਕਰਨ 'ਤੇ ਨੀਲੇ ਰੰਗ ਦਾ ਸੈਮਸੰਗ ਮੋਬਾਈਲ, ਬੈਟਰੀ ਤੇ ਸਿਮ ਸਮੇਤ ਬਰਾਮਦ ਕੀਤਾ ਗਿਆ।
ਦੂਜੇ ਕੇਸ ਵਿਚ ਤ੍ਰਿਪੜੀ ਪੁਲਸ ਨੇ ਸਹਾਇਕ ਸੁਪਰਡੈਂਟ ਜਗਦੀਸ਼ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ, ਜਿਸ ਵਿਚ ਬੈਰਕ ਨੰ. 5/6 ਅਤੇ 6/2 ਦੀ ਤਲਾਸ਼ੀ ਦੌਰਾਨ ਇਕ ਮੋਬਾਈਲ ਫੋਨ ਬਰਾਮਦ ਹੋਇਆ। ਤੀਜੇ ਕੇਸ ਵਿਚ ਸਹਾਇਕ ਸੁਪਰਡੈਂਟ ਜਗਦੀਸ਼ ਸਿੰਘ ਦੀ ਸ਼ਿਕਾਇਤ 'ਤੇ ਹਵਾਲਾਤੀ ਬਿਕਰਮ ਪ੍ਰਤਾਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਤੇਜਬਾਗ ਕਾਲੌਨੀ ਪਟਿਆਲਾ ਦੇ ਖਿਲਾਫ 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ ਪ੍ਰਸ਼ਾਸਨ ਅਨੁਸਾਰ ਹਵਾਲਾਤੀ ਬਿਕਰਮ ਪ੍ਰਤਾਪ ਸਿੰਘ ਬੈਰਕ ਨੰ. 5/6 ਅਤੇ 6/2 ਦੀ ਤਲਾਸ਼ੀ ਦੌਰਾਨ ਉਸ ਤੋਂ ਇਕ ਚਿੱਟੇ ਰੰਗ ਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ।
ਚੌਥੇ ਕੇਸ ਵਿਚ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਹੋਇਆ ਹੈ। ਜੇਲ ਪ੍ਰਸ਼ਾਸਨ ਅਨੁਸਾਰ ਚੱਕੀਆਂ ਦੇ ਗੇਟ ਵਿਚ ਲੁਕਾ ਕੇ ਰੱਖਿਆ ਹੋਇਆ ਦੁੱਧ ਦੀ ਥੈਲੀ ਵਰਗਾ ਕਾਗਜ਼ ਬਰਾਮਦ ਹੋਇਆ, ਜਿਸ ਨੂੰ ਖੋਲ੍ਹ ਕੇ ਚੈਕ ਕਰਨ 'ਤੇ ਗੋਲਡਨ ਰੰਗ ਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਇਸ ਮਾਮਲੇ ਵਿਚ ਵੀ ਪੁਲਸ ਨੇ 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।