ਸਰਤਾਜ ਦੇ ਸ਼ੋਅ ਦੌਰਾਨ 10 ਦੀ ਟਿਕਟ 100 ਰੁਪਏ ''ਚ ਵੇਚੀ, ਲੋਕਾਂ ਵੱਲੋਂ ਨਾਅਰੇਬਾਜ਼ੀ

Saturday, Feb 24, 2018 - 08:20 AM (IST)

ਸਰਤਾਜ ਦੇ ਸ਼ੋਅ ਦੌਰਾਨ 10 ਦੀ ਟਿਕਟ 100 ਰੁਪਏ ''ਚ ਵੇਚੀ, ਲੋਕਾਂ ਵੱਲੋਂ ਨਾਅਰੇਬਾਜ਼ੀ

ਪਟਿਆਲਾ (ਜੋਸਨ, ਪ੍ਰਤੀਭਾ) - ਸਰਸ ਮੇਲੇ ਦੇ ਤੀਜੇ ਦਿਨ 10 ਰੁਪਏ ਵਾਲੀ ਟਿਕਟ 100 ਰੁਪਏ ਦੀ ਵੇਚਣ 'ਤੇ ਮੇਲੇ ਦੇ ਅਧਿਕਾਰੀ ਕਸੂਤੇ ਫਸਦੇ ਨਜ਼ਰ ਆ ਰਹੇ ਹਨ। ਲੋਕਾਂ ਵੱਲੋਂ ਐਂਟਰੀ ਟਿਕਟ ਦਾ ਰੇਟ ਵਧਾਏ ਜਾਣ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਮੇਲੇ ਦੇ ਅਧਿਕਾਰੀਆਂ ਨੇ ਸ਼ਾਮ ਨੂੰ ਪੰਜਾਬੀ ਲੋਕ ਗਾਇਕ ਸਤਿੰਦਰ ਸਰਤਾਜ ਦੀ ਨਾਈਟ ਹੋਣ ਕਾਰਨ 10 ਰੁਪਏ ਵਾਲੀ ਟਿਕਟ 100 ਰੁਪਏ ਦੀ ਕਰ ਦਿੱਤੀ ਗਈ, ਜਿਸ ਨੂੰ ਲੈ ਕੇ ਲੋਕਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਇਸ ਮੌਕੇ ਲੋਕਾਂ ਨੇ ਆਖਿਆ ਕਿ ਸਰਸ ਮੇਲੇ ਦੀ ਟਿਕਟ ਸਿਰਫ਼ 10 ਰੁਪਏ ਵਿਚ ਦਿੱਤੀ ਜਾ ਰਹੀ ਸੀ। ਹੁਣ ਪ੍ਰਸ਼ਾਸਨ ਪੈਸੇ ਇਕੱਠੇ ਕਰਨ 'ਤੇ ਉਤਾਰੂ ਹੋ ਗਿਆ ਹੈ, ਜਦਕਿ ਅਸੀਂ ਸਿਰਫ਼ ਮੇਲਾ ਦੇਖਣ ਆਏ ਹਾਂ, ਸਰਤਾਜ ਨਾਈਟ ਤੋਂ ਅਸੀਂ ਕੁਝ ਨਹੀਂ ਲੈਣਾ। ਲੋਕਾਂ ਨੇ ਆਖਿਆ ਕਿ ਇਹ ਕਦਮ ਬਿਲਕੁਲ ਗਲਤ ਹੈ।
ਵਿਰਾਸਤੀ ਮੇਲਾ ਪਟਿਆਲਾ ਦੇ ਲੋਕਾਂ ਦੇ ਦੇਖਣ ਲਈ ਲਾਇਆ ਗਿਆ ਹੈ ਨਾ ਕਿ ਪੈਸਾ ਇਕੱਠਾ ਕਰਨ ਲਈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੇਲੇ ਦੀ ਟਿਕਟ ਬਿਲਕੁਲ ਮੁਫ਼ਤ ਕਰੇ।
ਦੂਜੇ ਪਾਸੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ 4 ਵਜੇ ਤੋਂ ਬਾਅਦ ਜੇਕਰ ਲੋਕ ਮੇਲੇ ਵਿਚ ਆਉਂਦੇ ਹਨ ਤਾਂ ਉਨ੍ਹਾਂ ਨੂੰ 100 ਰੁਪਏ ਦੀ ਟਿਕਟ ਹੀ ਲੈਣੀ ਹੋਵੇਗੀ ਕਿਉਂਕਿ ਸ਼ਾਮ ਨੂੰ ਸਟਾਰ ਨਾਈਟ ਹੁੰਦੀ ਹੈ। ਇਸ ਸਬੰਧੀ ਲੋਕ ਏ. ਡੀ. ਸੀ. ਨੂੰ ਮਿਲਣ ਗਏ। ਉਨ੍ਹਾਂ ਵੀ ਕਿਹਾ ਕਿ 4 ਵਜੇ ਤੋਂ ਬਾਅਦ ਟਿਕਟ ਮਹਿੰਗੀ ਹੀ ਹੋਵੇਗੀ।
ਜਾਅਲੀ ਪਾਰਕਿੰਗ ਨੂੰ ਲੈ ਕੇ ਵੀ ਲੋਕ ਦਿਸੇ ਪ੍ਰੇਸ਼ਾਨ : ਅੱਜ ਸਾਰਾ ਦਿਨ ਲੋਕ ਮੇਲੇ ਦੇ ਪ੍ਰਬੰਧਕਾਂ ਵੱਲੋਂ ਬਣਾਈਆਂ ਗਈਆਂ ਪਾਰਕਿੰਗਜ਼ ਨੂੰ ਲੈ ਕੇ ਵੀ ਬੜੇ ਪ੍ਰੇਸ਼ਾਨ ਨਜ਼ਰ ਆਏ। ਅਸਲ ਵਿਚ ਪ੍ਰਸ਼ਾਸਨ ਵੱਲੋਂ ਸਿਰਫ਼ ਦੋ ਹੀ ਪਾਰਕਿੰਗਜ਼ ਬਣਾਈਆਂ ਗਈਆਂ ਹਨ। ਕੁਝ ਸ਼ਰਾਰਤੀ ਲੋਕਾਂ ਨੇ ਸੜਕ ਦੇ ਨਾਲ ਖਾਲੀ ਪਲਾਟਾਂ ਵਿਚ ਹੀ ਬਿਨਾਂ ਕਿਸੇ ਆਗਿਆ ਜਾਅਲੀ ਪਾਰਕਿੰਗਾਂ ਬਣਾ ਲਈਆਂ ਹਨ, ਜੋ ਮਨਮਰਜ਼ੀ ਦਾ ਰੇਟ ਲੋਕਾਂ ਤੋਂ ਵਸੂਲ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਮੇਲੇ 'ਚ ਵੜਨ ਤੋਂ ਲੈ ਕੇ ਬਾਹਰ ਆਉਣ ਤੱਕ ਲੋਕਾਂ ਨੂੰ ਜੇਬ ਹਲਕੀ ਕਰਨੀ ਪੈ ਰਹੀ ਹੈ।


Related News