ਪਟਿਆਲਾ 'ਚ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਜ਼ਬਰਦਸਤ ਰੋਸ ਪ੍ਰਦਰਸ਼ਨ
Friday, Sep 25, 2020 - 12:57 PM (IST)
ਪਟਿਆਲਾ (ਬਲਜਿੰਦਰ): ਪਟਿਆਲਾ 'ਚ ਕਿਸਾਨਾਂ ਨੇ ਲਗਭਗ ਸਾਰੀਆਂ ਸੜਕਾਂ 'ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਸਾਰਿਆਂ ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਖੇਤੀ ਸੁਧਾਰ ਬਿੱਲ ਨੂੰ ਵਾਪਸ ਲਿਆਉਣ ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪਟਿਆਲਾ 'ਚ ਸਰਹੱਦ ਰੋਡ ਰਾਜਪੁਰਾ ਰੋਡ ਦੇਵੀ ਗੜ੍ਹ ਰੋਡ ਬੁਲਵਾੜਾ ਰੋਡ ਵਿਸ਼ੇਸ਼ ਤੌਰ 'ਤੇ ਪਿੰਡ ਪੰਜੋਲਾ 'ਚ ਕਿਸਾਨਾਂ ਵਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਪਟਿਆਲਾ 'ਚ ਕਿਸਾਨਾਂ ਦੇ ਸਮਰਥਨ 'ਚ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਅਤੇ ਹੋਰ ਸੰਗਠਨ ਜਿਵੇਂ ਜਮਹੂਰੀ ਅਧਿਕਾਰ ਸਭਾ ਵਪਾਰ ਮੰਡਲ ਦੋਸ਼ੀ ਯੂਨੀਅਨ ਸਣੇ ਭਿੰਨ ਸੰਗਠਨਾਂ ਵਲੋਂ ਅੱਜ ਪੰਜਾਬ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਪੁਲਸ ਵਲੋਂ ਸਾਰੀਆਂ ਥਾਵਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਐੱਸ.ਐੱਸ.ਪੀ. ਵਿਕਰਮਜੀਤ ਦੁੱਗਲ ਵਲੋਂ ਪਹਿਲਾਂ ਹੀ ਸਾਰੇ ਥਾਣਾ ਐੱਸ.ਐੱਚ.ਓ. ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਪ੍ਰਦਰਸ਼੍ਵ ਦੀ ਆੜ 'ਚ ਕੋਈ ਵੀ ਸ਼ਰਾਰਤੀ ਲੋਕ ਆਪਣੇ ਗਲਤ ਮਨਸੂਬਿਆਂ ਨੂੰ ਅੰਜਾਮ ਨਾ ਦੇ ਸਕਣ। ਪਿੰਡ ਪੰਜੋਲਾ 'ਚ ਵਿਸ਼ੇਸ਼ ਤੌਰ 'ਤੇ ਕਿਸਾਨਾਂ ਨੇ ਪਹਿਲਾਂ ਤਾਂ ਸੜਕਾਂ ਜਾਮ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਨੇਤਾਵਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਇਹ ਕਾਲਾ ਕਾਨੂੰਨੀ ਵਾਪਸ ਲੈਣ, ਕਿਉਂਕਿ ਇਸ ਕਾਨੂੰਨ ਨਾਲ ਕਿਸਾਨਾਂ ਨੂੰ ਅਮੀਰ ਘਰਾਣਿਆਂ ਦੇ ਕੋਲ ਗਿਰਵੀ ਰੱਖ ਰਹੀ ਹੈ।
ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ 'ਚ ਮੋਦੀ ਕਾਲਜ ਚੌਕ 'ਤੇ ਕੇਂਦਰ ਸਰਕਾਰ ਦੇ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ 'ਚ ਸ਼ਹਿਰ ਦੇ ਕਈ ਵਰਗਾਂ ਦੇ ਲੋਕ ਸ਼ਾਮਲ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸੁਧਾਰ ਬਿੱਲ ਲਿਆ ਕੇ ਦੇਸ਼ ਦੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਉਹ ਇਹ ਧੋਖਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੰਸਦ 'ਚ ਇਸ ਬਿੱਲ ਦਾ ਜ਼ਬਰਦਸਤ ਵਿਰੋਧ ਕੀਤਾ ਅਤੇ ਉਸ ਦੇ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਬਿੱਲ ਦੇ ਵਿਰੋਧ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।