ਮਾਤਾ ਗੁਜਰੀ ਕਾਲਜ ਦੇ ਜ਼ੋਲੋਜ਼ੀ ਵਿਭਾਗ ਵੱਲੋਂ ਨੈਸ਼ਨਲ ਸੈਮੀਨਾਰ ਦਾ ਆਯੋਜਨ
Monday, Apr 01, 2019 - 04:43 AM (IST)
ਫਤਿਹਗੜ੍ਹ ਸਾਹਿਬ (ਜਗਦੇਵ)-ਮਾਤਾ ਗੁਜਰੀ ਕਾਲਜ ਦੇ ਜ਼ੋਲੋਜ਼ੀ ਵਿਭਾਗ ਵੱਲੋਂ ਪੰਜਾਬ ਸਟੇਟ ਕੌਂਸਲ ਸਾਇੰਸ ਤੇ ਤਕਨਾਲੋਜੀ ਤੇ ਵੇਰਕਾ ਦੇ ਸਹਿਯੋਗ ਨਾਲ ‘ਜ਼ੈਂਡਰ ਤੇ ਕਲਾਈਮੇਟ ਚੇਂਜ ਅਡਾਪਟੇਸ਼ਨ’ ਵਿਸ਼ੇ ’ਤੇ ਨੈਸ਼ਨਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਸਾਇੰਸ ਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਵੱਲੋਂ ਸਪਾਂਸਰ ਕੀਤਾ ਗਿਆ। ਇਸ ਮੌਕੇ ਡਾ. ਆਰ. ਕੇ. ਮਲਿਕ, ਸਾਬਕਾ ਜੁਆਇੰਟ ਡਾਇਰੈਕਟਰ, ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ, ਕਰਨਾਲ ਨੇ ਮੁੱਖ ਮਹਿਮਾਨ ਤੇ ਡਾ. ਜਗਬੀਰ ਸਿੰਘ ਕਿਰਤੀ, ਪ੍ਰੋਫ਼ੈਸਰ, ਜ਼ੋਲੋਜ਼ੀ ਤੇ ਵਾਤਾਵਰਨ ਸਾਇੰਸਜ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਬੁਲਾਰੇ ਦੇ ਤੌਰ ’ਤੇ ਸ਼ਿਰਕਤ ਕੀਤੀ। ਡਾ. ਜੀ. ਐੱਸ. ਰੰਧਾਵਾ, ਪ੍ਰੋਫ਼ੈਸਰ, ਬਾਇਓਟਟੈਕਨਾਲੋਜੀ ਵਿਭਾਗ, ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੁਡ਼ਕੀ ਤੇ ਡਾ. ਤਰੁਨ ਅਰੋਡ਼ਾ, ਪ੍ਰੋਫੈਸਰ ਤੇ ਡੀਨ, ਸਕੂਲ ਆਫ਼ ਲੀਗਲ ਸਟੱਡੀਜ਼ ਤੇ ਗਵਰਨੈਂਸ, ਸੈਂਟਰਲ ਯੂਨੀਵਰਸਿਟੀ, ਬਠਿੰਡਾ ਬਤੌਰ ਵਕਤਾ ਪਧਾਰੇ। ਡਾ. ਜਗਬੀਰ ਸਿੰਘ ਕਿਰਤੀ ਨੇ ਵਾਤਾਵਰਨ ’ਚ ਆ ਰਹੇ ਬਦਲਾਵਾਂ ਤੇ ਇਸ ਦੇ ਔਰਤਾਂ ’ਤੇ ਪੈ ਰਹੇ ਭਿਆਨਕ ਅਸਰਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਵਾਤਾਵਰਨ ’ਚ ਆਉਣ ਵਾਲੇ ਬਦਲਾਅ ਕੁਦਰਤੀ ਆਫਤਾਂ ਦਾ ਕਾਰਨ ਬਣਦੇ ਹਨ ਤੇ ਕਿਵੇਂ ਇਹ ਔਰਤਾਂ ਦੀ ਸਿਹਤ, ਆਰਥਿਕ ਤੇ ਸਮਾਜਿਕ ਸਥਿਤੀ ’ਤੇ ਬੁਰਾ ਅਸਰ ਪਾਉਂਦੇ ਹਨ। ਇਸ ਦੇ ਨਾਲ ਹੀ ਡਾ. ਤਰੁਨ ਅਰੋਡ਼ਾ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਨਾਲ ਸਬੰਧਤ ਕਾਨੂੰਨਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਕਾਨੂੰਨ ਬਣਾਉਣ ਵਾਲੀਆਂ ਜਥੇਬੰਦੀਆਂ ’ਚ ਔਰਤਾਂ ਦੀ ਭਾਗੀਦਾਰੀ ’ਚ ਵਾਧਾ ਹੋਣਾ ਬਹੁਤ ਜ਼ਰੂਰੀ ਹੈ। ਡਾ. ਜੀ. ਐੱਸ. ਰੰਧਾਵਾ ਨੇ ਵਾਤਾਵਰਨ ਬਦਲਾਵਾਂ ਨੂੰ ਰੋਕਣ ’ਚ ਔਰਤਾਂ ਵੱਲੋਂ ਪਾਏ ਜਾਣ ਵਾਲੇ ਯੋਗਦਾਨ ਬਾਰੇ ਦੱਸਿਆ। ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਬਦਲਾਅ ਕੁਦਰਤ ਦਾ ਨਿਯਮ ਹੈ ਪਰ ਕੁਦਰਤ ਦੇ ਨਿਯਮਾਂ ’ਚ ਮਨੁੱਖੀ ਵਿਘਨਾਂ ਕਰ ਕੇ ਅਚਾਨਕ ਆਏ ਬਦਲਾਅ ਨੇ ਬਹੁਤ ਵੱਡੇ ਪੱਧਰ ’ਤੇ ਕੁਦਰਤੀ ਤਬਾਹੀ ਮਚਾਈ ਹੈ, ਜਿਵੇਂ ਕਿ ਤਾਪਮਾਨ ਦਾ ਵਧਣਾ, ਗਲੇਸ਼ੀਅਰ ਦਾ ਪਿਘਲਣਾ, ਹਡ਼੍ਹਾ ਦਾ ਆਉਣਾ ਆਦਿ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਜਲਵਾਯੂ ਤੇ ਸਮਾਜਕ ਬਦਲਾਵ ਨੇ ਸਭ ਤੋਂ ਵੱਧ ਔਰਤਾਂ ਨੂੰ ਪ੍ਰਭਾਵਿਤ ਕੀਤਾ ਹੈ। ਉਹ ਕਈ ਤਰ੍ਹਾਂ ਦੇ ਸਮਾਜਕ ਤੇ ਆਰਥਿਕ ਭੇਦਭਾਵਾਂ ਦੀ ਸ਼ਿਕਾਰ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਭ ਨੂੰ ਬਿਨਾਂ ਕਿਸੇ ਭੇਦਭਾਵ ਦੇ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ ਤੇ ਸਾਨੂੰ ਇਸ ਦੀ ਜਾਗਰੂਕਤਾ ਲਈ ਯਤਨ ਕਰਨੇ ਚਾਹੀਦੇ ਹਨ। ਵਿਸ਼ੇ ਦੇ ਆਗਾਜ਼ ਦੀ ਭੂਮਿਕਾ ਪ੍ਰੋ. ਪ੍ਰਦੀਪ ਕੌਰ ਸੰਧੂ, ਮੁਖੀ, ਜ਼ੋਲੋਜ਼ੀ ਵਿਭਾਗ, ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਧਰਤੀ ਦੇ ਤਾਪਮਾਨ ’ਚ ਅਣਉਮੀਦੇ ਬਦਲਾਅ ਬਹੁਤ ਚਿੰਤਾਜਨਕ ਹਨ, ਜਿਸ ਦਾ ਪ੍ਰਭਾਵ ਧਰਤੀ ਦੇ ਹਰ ਜੀਵ ’ਤੇ ਪੈ ਰਿਹਾ ਹੈ। ਇਸ ਦੇ ਹੱਲ ਲਈ ਸਾਨੂੰ ਸਾਰਥਕ ਕਦਮ ਪੁੱਟਣੇ ਬਹੁਤ ਜ਼ਰੂਰੀ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਧੁਨਿਕ ਯੁੱਗ ’ਚ ਔਰਤਾਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ ਜੋ ਕਿ ਚਿੰਤਾਜਨਕ ਗੱਲ ਹੈ। ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋਡ਼ ਹੈ। ਇਸ ਸੈਮੀਨਰ ’ਚ ਲਗਭਗ 100 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਉਨ੍ਹਾਂ ਵੱਲੋਂ ਇਸ ਵਿਸ਼ੇ ਨਾਲ ਸਬੰਧਤ ਪੇਪਰ ਵੀ ਪਡ਼੍ਹੇ ਗਏ। ਉਨ੍ਹਾਂ ਪੋਸਟਰ ਪੇਸ਼ਕਾਰੀ ’ਚ ਵੀ ਹਿੱਸਾ ਲਿਆ। ਇਸ ਮੌਕੇ ਕਰਮਜੀਤ ਕੌਰ ਬਾਜਵਾ ਤੇ ਮਨਪ੍ਰੀਤ ਕੌਰ ਨੂੰ ਸਮਾਜ ਦੇ ਵਿਕਾਸ ਲਈ ਉਨ੍ਹਾਂ ਦੇ ਬਿਹਤਰੀਨ ਯੋਗਦਾਨ ਤੇ ਪ੍ਰਾਪਤੀਆਂ ਲਈ ‘ਸ਼ਲਾਘਾ ਐਵਾਰਡ’ ਪ੍ਰਦਾਨ ਕੀਤਾ ਗਿਆ। ਇਸ ਮੌਕੇ ਡਾ. ਹਰਪ੍ਰੀਤ ਕੌਰ, ਡਾ. ਨੈਨਾ ਖੁੱਲ੍ਹਰ, ਪ੍ਰੋ. ਤੇਜਿੰਦਰ ਕੌਰ, ਪ੍ਰੋ. ਸਪਨਾ ਕਸ਼ਅਪ, ਪ੍ਰੋ. ਰਮਨੀਤ ਕੌਰ ਤੇ ਵਿਦਿਆਰਥੀ ਹਾਜ਼ਰ ਸਨ।
