81 ਬੱਚਿਆਂ ਨੂੰ ਇਕੱਲੀ ਪੜ੍ਹਾ ਰਹੀ ਹੈ ਸਰਕਾਰੀ ਸਕੂਲ ਦੀ ਇਹ ਅਧਿਆਪਕ (ਤਸਵੀਰਾਂ)
Monday, Sep 09, 2019 - 03:00 PM (IST)
![81 ਬੱਚਿਆਂ ਨੂੰ ਇਕੱਲੀ ਪੜ੍ਹਾ ਰਹੀ ਹੈ ਸਰਕਾਰੀ ਸਕੂਲ ਦੀ ਇਹ ਅਧਿਆਪਕ (ਤਸਵੀਰਾਂ)](https://static.jagbani.com/multimedia/14_58_129411272teacher.jpg)
ਪਟਿਆਲਾ (ਇੰਦਰਜੀਤ) - ਪੰਜਾਬ ਦੀ ਸਰਕਾਰ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਵਾਅਦੇ ਕਰ ਰਹੀ ਹੈ ਪਰ ਸਰਕਾਰ ਦੇ ਇਹ ਸਾਰੇ ਵਾਅਦੇ ਖੋਖ੍ਹਲੇ ਸਿੱਧ ਹੋ ਰਹੇ ਹਨ। ਦੱਸ ਦੇਈਏ ਕਿ ਕੈਪਟਨ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਪਿੰਡ ਮਰਦਾਪੁਰ ਦਾ ਸਰਕਾਰੀ ਸਕੂਲ ਇਕ ਅਜਿਹਾ ਸਕੂਲ ਹੈ, ਜਿਸ ਦੀ ਹਾਲਤ ਤਰਸਯੋਗ ਹੋ ਗਈ ਹੈ। ਇਸ ਸਕੂਲ 'ਚ 81 ਦੇ ਕਰੀਬ ਬੱਚੇ ਪੜ੍ਹਦੇ ਹਨ ਪਰ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਬੱਚਿਆਂ ਨੂੰ ਪੜਾਉਣ ਵਾਲਾ ਇਕ ਹੀ ਅਧਿਆਪਕ ਹੈ। ਉਕਤ ਅਧਿਆਪਕ ਵਾਰ-ਵਾਰ ਜਮਾਤਾਂ ਬਦਲ ਕੇ ਇਨ੍ਹਾਂ ਬੱਚਿਆਂ ਨੂੰ ਪੜ੍ਹਾ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਅਤੇ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਲਿਖਤੀ ਰੂਪ 'ਚ ਸਿੱਖਿਆ ਵਿਭਾਗ ਨੂੰ ਸਕੂਲ 'ਚ ਆ ਰਹੀ ਅਧਿਆਪਕਾਂ ਦੀ ਕਮੀ ਦੇ ਬਾਰੇ ਦੱਸਿਆ, ਜਿਸ ਦੇ ਬਾਵਜੂਦ ਨਵਾਂ ਅਧਿਆਪਕ ਭਰਤੀ ਨਹੀਂ ਕੀਤਾ ਗਿਆ। ਅਧਿਆਪਕ ਨਾ ਹੋਣ ਕਰਕੇ ਸਕੂਲ 'ਚ ਪੜ੍ਹਨ ਆ ਰਹੇ ਬੱਚਿਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਪੰਜ ਕਲਾਸਾਂ ਨੂੰ ਪੜਾਉਣ ਵਾਲੀ ਇਕੱਲੀ ਅਧਿਆਪਕ ਇੰਦਰਜੀਤ ਕੌਰ ਨੇ ਕਿਹਾ ਕਿ ਜਦੋਂ ਉਹ 2016 'ਚ ਇਸ ਸਕੂਲ ਆਈ ਸੀ ਤਾਂ ਉਸ ਸਮੇਂ ਇਥੇ 3 ਟੀਚਰ ਸਨ, ਜਿਨ੍ਹਾਂ 'ਚੋਂ ਇਕ ਦੀ ਰਿਟਾਰਮੈਂਟ ਹੋ ਗਈ ਤੇ 1 ਦੀ ਟਰਾਂਸਫਰ। ਉਨ੍ਹਾਂ ਅਧਿਆਪਕਾਂ ਦੇ ਜਾਣ ਤੋਂ ਬਾਅਦ ਕੋਈ ਵੀ ਹੋਰ ਅਧਿਆਪਕ ਇਥੇ ਨਹੀਂ ਲਾਇਆ ਗਿਆ, ਜਿਸ ਕਾਰਨ ਉਹ ਇਕੱਲੀ ਇਨ੍ਹਾਂ ਬੱਚਿਆਂ ਨੂੰ ਪੜ੍ਹਾ ਰਹੀ ਹੈ। ਉਕਤ ਅਧਿਆਪਕ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਜੇਕਰ ਇਸ ਸਕੂਲ 'ਚ ਹੋਰ ਟੀਚਰ ਹੋਣਗੇ ਤਾਂ ਹੀ ਬੱਚਿਆਂ ਦੀ ਪੜ੍ਹਾਈ ਵਧੀਆ ਤਰੀਕੇ ਨਾਲ ਹੋ ਸਕਦੀ ਹੈ।