ਸਰਕਾਰੀ ਹਸਪਤਾਲ ਪੱਟੀ ਬਣਿਆ ਨਸ਼ੇੜੀਆਂ ਦਾ ਅੱਡਾ

Thursday, Oct 24, 2019 - 04:06 PM (IST)

ਸਰਕਾਰੀ ਹਸਪਤਾਲ ਪੱਟੀ ਬਣਿਆ ਨਸ਼ੇੜੀਆਂ ਦਾ ਅੱਡਾ

ਪੱਟੀ (ਪਾਠਕ) : ਸਰਕਾਰੀ ਹਸਪਤਾਲ ਪੱਟੀ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਇਥੇ ਬੇਖੌਫ ਨਸ਼ੇੜੀਆਂ ਨੂੰ ਨਸ਼ੇ ਵਾਲੇ ਟੀਕੇ ਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਅੱਜ ਪੱਟੀ ਸ਼ਹਿਰ 'ਚ ਇਕ ਪਤੀ ਵਲੋਂ ਪਤਨੀ ਦਾ ਕਤਲ ਕਰ ਦਿੱਤਾ ਗਿਆ ਤਾਂ ਜਦ ਪੱਤਰਕਾਰ ਉਕਤ ਔਰਤ ਦੀ ਫੋਟੋ ਲੈਣ ਲਈ ਮੁਰਦਾ ਘਰ ਪੁੱਜੇ ਤਾਂ ਉੱਥੇ ਤਿੰਨ ਨਸ਼ੇੜੀ ਨਸ਼ੇ ਵਾਲੇ ਟੀਕੇ ਲਗਾ ਰਹੇ ਸਨ। ਜਦ ਪੱਤਰਕਾਰਾਂ ਨੇ ਉਨ੍ਹਾਂ ਦੀ ਫੋਟੋ ਖਿੱਚਣੀ ਚਾਹੀ ਤਾਂ ਉਹ ਨਸ਼ੇੜੀ ਉੱਥੋਂ ਖਿਸਕ ਗਏ ਪਰ ਉਨ੍ਹਾਂ ਤਿੰਨਾਂ ਨਸ਼ੇੜੀਆਂ ਦੀ ਪਿੱਠ ਦੀਆਂ ਫੋਟੋਆਂ ਖਿੱਚ ਲਈਆਂ ਗਈਆਂ। ਨਸ਼ੇੜੀ ਉੱਥੇ ਤਿੰਨ ਟੀਕੇ ਲਾਏ ਹੋਏ ਤੇ ਇਕ ਟੀਕਾ ਭਰਿਆ ਹੀ ਛੱਡ ਕੇ ਭੱਜ ਗਏ। 

ਇਸ ਸਬੰਧ 'ਚ ਲੋਕਾਂ ਨੇ ਦੱਸਿਆ ਕਿ ਨਸ਼ੇੜੀ ਇੱਥੇ ਨਸ਼ਾ ਛੁਡਾਉੂ ਕੇਂਦਰ 'ਚ ਆਪਣੀ ਦਵਾਈ ਲੈਣ ਆਉਂਦੇ ਹਨ ਤੇ ਸਾਰਾ ਦਿਨ ਇੱਥੇ ਹੀ ਝੁੰਡਾਂ ਦੇ ਰੂਪ 'ਚ ਘੁੰਮਦੇ ਰਹਿੰਦੇ ਹਨ। ਇਹ ਡਾਕਟਰਾਂ ਵਲੋਂ ਦਿੱਤੀ ਜਾਂਦੀ ਦਵਾਈ ਮੂੰਹ 'ਚ ਰੱਖ ਲੈਂਦੇ ਹਨ ਤੇ ਖਾਂਦੇ ਨਹੀਂ। ਫਿਰ ਇਸ ਦਵਾਈ ਨੂੰ ਸਰਿੰਜ ਰਾਹੀਂ ਲਾਉਂਦੇ ਹਨ। ਇਨ੍ਹਾਂ ਨੂੰ ਹਸਪਤਾਲ ਦੀਆਂ ਛੱਤਾਂ, ਪਿਛਵਾੜੇ ਦੀਆਂ ਛੱਤਾਂ ਤੇ ਪੁਰਾਣੀ ਇਮਾਰਤ 'ਚ ਨਸ਼ਾ ਕਰਦੇ ਆਮ ਦੇਖਿਆ ਜਾ ਸਕਦਾ ਹੈ। 

ਇਸ ਸਬੰਧ 'ਚ ਸਰਕਾਰੀ ਹਸਪਤਾਲ ਪੱਟੀ ਦੇ ਐੱਸ. ਐੱਮ. ਓ. ਦਾ ਕਹਿਣਾ ਹੈ ਕਿ ਇਥੇ ਇਕ ਸਮਾਜ ਸੇਵੀ ਸੰਸਥਾ ਵਲੋਂ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਸਰਿੰਜਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਐੱਚ. ਆਈ. ਵੀ. ਤੇ ਐੱਚ. ਸੀ. ਵੀ. ਸੀ. ਤੋਂ ਬਚਾਇਆ ਜਾ ਸਕੇ ਤੇ ਫਿਰ ਇਸ ਸੰਸਥਾ ਦੇ ਕਾਰਕੁੰਨ ਹੀ ਇਨ੍ਹਾਂ ਸਰਿੰਜਾਂ ਨੂੰ ਚੁੱਕਦੇ ਹਨ। ਤੁਹਾਨੂੰ ਹਸਪਤਾਲ ਦੇ ਵੱਖ-ਵੱਖ ਕੋਨਿਆਂ 'ਚ ਇਹ ਸਰਿੰਜਾਂ ਮਿਲ ਜਾਣਗੀਆਂ । ਜਦ ਅਸੀਂ ਇਨ੍ਹਾਂ ਨੂੰ ਰੋਕਣ ਦੀ ਚੇਸ਼ਟਾ ਕਰਦੇ ਹਾਂ ਤਾਂ ਇਹ ਲੋਕ ਹਿੰਸਕ ਹੋ ਜਾਂਦੇ ਹਨ। ਇਸ ਸਬੰਧ 'ਚ ਅਸੀਂ ਪੁਲਸ ਕੋਲ ਵੀ ਕਈ ਵਾਰ ਲਿਖ ਚੁੱਕੇ ਹਾਂ। ਇਸ ਕਰਕੇ ਹੀ ਜ਼ਿਆਦਾਤਰ ਰੋਗੀ ਹਸਪਤਾਲ 'ਚ ਆਉਣ ਤੋਂ ਗੁਰੇਜ਼ ਕਰਦੇ ਹਨ।

ਇਸ ਸਬੰਧ 'ਚ ਲੋਕਾਂ ਦੀ ਮੰਗ ਹੈ ਕਿ ਨਸ਼ਾ ਛੁਡਾਉੂ ਕੇਦਰ 'ਚ ਪੁਲਸ ਤਾਇਨਾਤ ਕੀਤੀ ਜਾਵੇ। ਨਸ਼ੇ ਦੇ ਸ਼ਿਕਾਰ ਨੌਜਵਾਨਾਂ ਨੂੰ ਸਰਿੰਜਾਂ ਵੰਡਣੀਆਂ ਬੰਦ ਕੀਤੀਆਂ ਜਾਣ ਤਾਂ ਜੋ ਉਹ ਨਸ਼ੇ ਦੀ ਦਵਾਈ ਨੂੰ ਟੀਕਾ ਬਣਾਕੇ ਨਾ ਲਗਾ ਸਕਣ।


author

Baljeet Kaur

Content Editor

Related News