ਕਲਯੁੱਗ : ਪੈਸਿਆਂ ਲਈ ਆਪਣੀ ਹੀ ਧੀ ਦੀ ਕੀਤੀ ਕੁੱਟਮਾਰ, ਦਿੱਤਾ ਜ਼ਹਿਰ

12/21/2019 1:07:07 PM

ਪੱਟੀ (ਸੋਢੀ) : 4 ਕਨਾਲ ਜ਼ਮੀਨ ਦਾ ਬਿਆਨਾ ਕਰਨ ਲਈ 12 ਲੱਖ ਰੁਪਏ ਇਕ ਪਿਤਾ ਵਲੋਂ ਲਏ ਜਾਣ ਕਰ ਕੇ ਉਸ ਦਾ ਆਪਣੀ ਧੀ ਨਾਲ 2017 ਤੋਂ ਝਗੜਾ ਚਲਦਾ ਆ ਰਿਹਾ ਹੈ। ਬੀਤੇ ਦਿਨ ਵੀਰਵਾਰ ਦੁਪਹਿਰ ਨੂੰ ਜਦੋਂ ਲੜਕੀ ਆਪਣੇ ਪੇਕੇ ਘਰ ਗਈ ਤਾਂ ਉਸ ਦੇ ਪਿਤਾ ਅਤੇ ਭਰਾਵਾਂ ਨੇ ਉਸ ਨਾਲ ਕੁੱਟ-ਮਾਰ ਕੀਤੀ ਅਤੇ ਉਸ ਨੂੰ ਕੋਈ ਜ਼ਹਿਰੀਲੀ ਦਵਾਈ ਪਿਲਾਉਣ ਦਾ ਮਾਮਲਾ ਵੀ ਸਾਹਮਣਾ ਆਇਆ ਹੈ।

ਹਸਪਤਾਲ 'ਚ ਜ਼ੇਰੇ ਇਲਾਜ ਮਨਦੀਪ ਕੌਰ ਪਤਨੀ ਬਿਕਰਮ ਸੰਧੂ ਨਿਵਾਸੀ ਚੋਹਲਾ ਸਾਹਿਬ ਨੇ ਦੱਸਿਆ ਕਿ ਉਹ ਆਪਣੇ ਪੇਕੇ ਘਰ ਪਨਗੋਟਾ ਵਿਖੇ ਆਪਣਾ ਸਾਮਾਨ ਅਤੇ ਕੱਪੜੇ ਲੈਣ ਗਈ ਸੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ, ਭਰਾ ਅਤੇ ਪਿਤਾ ਵਲੋਂ ਉਸ ਨਾਲ (ਪੁਰਾਣੀ ਜ਼ਮੀਨੀ ਝਗੜੇ 4 ਕਨਾਲ ਦੇ ਬਿਆਨੇ ਲਈ 12 ਲੱਖ ਰੁਪਏ ਲੈਣ ਕਰ ਕੇ) ਕੁੱਟ-ਮਾਰ ਕੀਤੀ ਅਤੇ ਜ਼ਬਰਦਸਤੀ ਕਰਦੇ ਹੋਏ ਉਸਦੇ ਮੂੰਹ 'ਚ ਕੋਈ ਜ਼ਹਿਰੀਲੀ ਦਵਾਈ ਪਾਈ ਗਈ। ਮੈਂ ਇਸ ਘਟਨਾ ਦੀ ਸੂਚਨਾ ਆਪਣੇ ਪਤੀ ਬਿਕਰਮ ਸੰਧੂ ਨੂੰ ਦਿੱਤੀ ਅਤੇ ਉਨ੍ਹਾਂ ਵਲੋਂ ਉਸ ਨੂੰ ਤੁਰੰਤ ਪੱਟੀ ਦੇ ਸੰਧੂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਵਲੋਂ ਮੇਰਾ ਇਲਾਜ ਕੀਤਾ ਜਾ ਰਿਹਾ ਹੈ। ਲੜਕੀ ਦੇ ਪਤੀ ਬਿਕਰਮ ਸੰਧੂ ਨੇ ਦੱਸਿਆ ਕਿ 4 ਕਨਾਲ ਜ਼ਮੀਨ ਦੇ 12 ਲੱਖ ਰੁਪਏ ਬਿਆਨੇ ਸਬੰਧੀ ਸਾਡਾ ਅਦਾਲਤ 'ਚ ਕੇਸ ਚੱਲ ਰਿਹਾ ਹੈ, ਜਿਸ ਦੀ ਸੁਣਵਾਈ ਅਦਾਲਤ 'ਚ ਹੋਣੀ ਹੈ। ਪੀੜਤ ਲੜਕੀ ਅਤੇ ਉਸ ਦੇ ਪਤੀ ਬਿਕਰਮ ਸੰਧੂ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਕਾਬੂ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਬਣਦਾ ਇਨਸਾਫ ਦਿੱਤਾ ਜਾਵੇ। ਇਸ ਸਬੰਧੀ ਜਦੋਂ ਡਾ. ਸੰਧੂ ਨੇ ਕਿਹਾ ਕਿ ਲੜਕੀ ਮਨਦੀਪ ਕੌਰ ਦੇ ਪੇਟ 'ਚੋਂ ਜ਼ਹਿਰੀਲੀ ਦਵਾਈ ਕੱਢ ਲਈ ਗਈ ਹੈ ਅਤੇ ਹਾਲਤ ਨਾਜ਼ੁਕ ਹੋਣ ਕਰ ਕੇ 72 ਘੰਟੇ ਤੋਂ ਬਾਅਦ ਉਨ੍ਹਾਂ ਦੀ ਸਿਹਤ ਬਾਰੇ ਕੁੱਝ ਕਿਹਾ ਜਾ ਸਕਦਾ ਹੈ। ਲੜਕੀ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਆਈ. ਸੀ. ਯੂ. 'ਚ ਇਲਾਜ ਚੱਲ ਰਿਹਾ ਹੈ।

ਇਸ ਸਬੰਧੀ ਪੁਲਸ ਦੇ ਡਿਊਟੀ ਅਫਸਰ ਏ. ਐੱਸ. ਆਈ. ਪਲਵਿੰਦਰ ਸਿੰਘ ਨੇ ਕਿਹਾ ਕਿ ਲੜਕੀ ਮਨਦੀਪ ਕੌਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤ ਲੜਕੀ ਨੂੰ ਇਨਸਾਫ ਦਿੱਤਾ ਜਾਵੇਗਾ। ਦੂਜੇ ਪਾਸੇ ਡੀ. ਐੱਸ. ਪੀ. ਕੰਵਲਜੀਤ ਸਿੰਘ ਮੰਡ ਨੇ ਕਿਹਾ ਕਿ ਉਕਤ ਮਾਮਲਾ ਮੇਰੇ ਧਿਆਨ 'ਚ ਹੈ ਅਤੇ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ।


Baljeet Kaur

Content Editor

Related News