ਪਠਾਨਕੋਟ ਦੇ 25 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਨੈਗੇਟਿਵ
Wednesday, Apr 15, 2020 - 01:23 AM (IST)
ਪਠਾਨਕੋਟ, (ਸ਼ਾਰਦਾ)- ਸੁਜਾਨਪੁਰ ਤੋਂ ਬਾਅਦ ਪਠਾਨਕੋਟ ਅਤੇ ਕੁਝ ਹੋਰ ਇਲਾਕਿਆਂ ’ਚ ਮਿਲਾ ਕੇ ਪਿਛਲੇ ਦਿਨੀਂ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 22 ਹੋ ਗਈ ਸੀ। ਜਿਨ੍ਹਾਂ ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਦੇ ਵੀ ਸੈਂਪਲ ਲਏ ਗਏ ਸਨ, ਉਨ੍ਹਾਂ ’ਚੋਂ 14 ਅਪ੍ਰੈਲ ਨੂੰ ਕਰੀਬ 25 ਲੋਕਾਂ ਦੀ ਮੈਡੀਕਲ ਰਿਪੋਰਟ ਪ੍ਰਾਪਤ ਹੋਈ ਅਤੇ 25 ਲੋਕਾਂ ਦੀ ਰਿਪੋਰਟ ਕੋਰੋਨਾ ਨੈਗੇਟਿਵ ਪਾਈ ਗਈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ੍ਹਾਂ ਦੱਸਿਆ ਕਿ 14 ਅਪ੍ਰੈਲ ਦੀਆਂ ਰਿਪੋਰਟਾਂ ’ਚ 16 ਲੋਕ ਯਸ਼ਪਾਲ ਨਾਲ ਸਬੰਧਤ ਸਨ, 3 ਰਾਜ ਕੁਮਾਰ ਦੇ ਸੰਪਰਕ ’ਚ, 1 ਸੁਰੇਸ਼, 1 ਰਿਸ਼ਬ, 1 ਗਣੇਸ਼ ਕੁਮਾਰ, 1 ਕਮਲੇਸ਼ ਕੁਮਾਰੀ ਦੇ ਸੰਪਰਕ ’ਚ ਸੀ। ਇਨ੍ਹਾਂ 23 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 2 ਮਰੀਜ਼ ਸਿਵਲ ਹਸਪਤਾਲ ’ਚ ਖਾਂਸੀ ਆਦਿ ਹੋਣ ’ਤੇ ਪਹੁੰਚੇ, ਉਨ੍ਹਾਂ ਦਾ ਵੀ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪਠਾਨਕੋਟ ’ਚ ਹੁਣ ਤੱਕ ਕੁਲ 228 ਲੋਕਾਂ ਦੇ ਸੈਂਪਲ ਕੋਰੋਨਾ ਟੈਸਟਿੰਗ ਲਈ ਲਏ ਗਏ ਸਨ, ਜਿਨ੍ਹਾਂ ’ਚੋਂ 160 ਦੇ ਨੈਗੇਟਿਵ, 22 ਪਾਜ਼ੇਟਿਵ, 45 ਟੈਸਟਾਂ ਦੀ ਰਿਪੋਰਟ ਬਾਕੀ ਹੈ ਅਤੇ ਇਕ ਟੈਸਟ ਨੂੰ ਦੁਬਾਰਾ ਭੇਜਿਆ ਗਿਆ ਹੈ।