ਜਾਨ ਖਤਰੇ ''ਚ ਪਾ ਕੇ ਰੋਜ਼ੀ-ਰੋਟੀ ਕਮਾਉਣ ਲਈ ਮਜ਼ਬੂਰ ਨੇ ਇਹ ਲੋਕ

03/09/2019 10:42:57 AM

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੇ ਹਲਕਾ ਭੋਆ 'ਚ ਪੈਂਦੇ ਬਾਰਡਰ ਇਲਾਕੇ ਦੇ ਰਾਵੀ ਦਰਿਆ 'ਤੇ ਪਿਛਲੇ ਕਈ ਸਾਲਾਂ ਤੋਂ ਕਰੀਬ 50-60 ਪਿੰਡਾਂ ਦੇ ਲੋਕ ਕਿਸ਼ਤੀ ਰਾਹੀਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਕੰਮ ਕਰਨ ਲਈ ਜਾਂਦੇ ਹਨ। ਜਿਸ ਕਾਰਨ ਹਰ ਸਮੇਂ ਇਕ ਵੱਡੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਇਸ ਦਾ ਕਾਰਨ ਜਦੋਂ ਲੋਕਾਂ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੀ ਮਾਜ਼ਬੂਰੀ ਹੈ, ਜੋ ਇਸ ਕਿਸ਼ਤੀ ਦੇ ਸਹਾਰੇ ਆਉਣਾ-ਜਾਣਾ ਪੈਂਦਾ ਹੈ ਕਿਉਂਕਿ ਜੇਕਰ ਉਹ ਦੂਜੇ ਰਸਤੇ ਰਾਹੀਂ ਸ਼ਹਿਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਰੀਬ 16-17 ਕਿਲੋਮੀਟਰ ਦਾ ਫਾਸਲਾ ਜ਼ਿਆਦਾ ਤੈਅ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਕ ਤਾਂ ਕਿਸ਼ਤੀ ਛੋਟੀ ਹੈ ਤੇ ਦੂਜਾ ਇਹ ਟੁੱਟੀ ਹੋਈ ਵੀ ਹੈ, ਜਿਸ ਕਾਰਨ ਹਰ ਸਮੇਂ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਥੇ ਕਈ ਹਾਦਸੇ ਵਾਪਰ ਚੁੱਕੇ ਹਨ , ਜਦੋਂ ਚੋਣਾਂ ਹੁੰਦੀਆਂ ਹਨ ਤਾਂ ਨੇਤਾਂ ਵੱਡੇ-ਵੱਡੇ ਵਾਅਦੇ ਕਰਦੇ ਹਨ ਕਿ ਇਥੇ ਪੁੱਲ ਬਣਵਾ ਦੇਣਗੇ ਪਰ ਅੱਜ ਤੱਕ ਕਿਸੇ ਨੇ ਵੀ ਵਾਅਦਾ ਪੂਰਾ ਨਹੀਂ ਕੀਤਾ। ਲੋਕਾਂ ਨੇ ਦੱਸਿਆ ਕਿ ਦੇਸ਼ ਨੂੰ ਆਜ਼ਾਦ ਹੋਏ 71 ਸਾਲ ਹੋ ਗਏ ਹਨ ਪਰ ਉਹ ਅੱਜ ਵੀ ਗੁਲਾਮੀ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਦਰਿਆ 'ਤੇ ਜਲਦ ਤੋਂ ਜਲਦ ਪੁਲ ਬਣਾਇਆ ਜਾਵੇ ਤਾਂਕਿ ਲੋਕਾਂ ਨੂੰ ਆਉਣ-ਜਾਣ 'ਚ ਰਾਹਤ ਮਿਲ ਸਕੇ। 

PunjabKesari
ਇਸ ਸਬੰਧੀ ਜਦੋਂ ਹਲਕਾ ਵਿਧਾਇਕ ਜੋਗਿੰਦਰ ਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਲੋਕ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਕੇ ਰਾਵੀ ਦਰਿਆ ਪਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਇਸ ਤੋਂ ਥੋੜ੍ਹੀ ਹੀ ਦੂਰੀ 'ਤੇ ਇਕ ਪੱਕਾ ਪੁਲ ਬਣਿਆ ਹੋਇਆ ਹੈ ਜੋ ਕਿ ਪਿੰਡ ਕੀੜੀ ਗੰਡਿਆਲ ਜੰਮੂ ਕਸ਼ਮੀਰ 'ਚ ਪੈਂਦਾ ਹੈ, ਜਿਸ ਦੀ ਦੂਰੀ 2/3 ਕਿਲੋਮੀਟਰ ਹੈ। ਉਨ੍ਹਾਂ ਕਿਹਾ ਕਿ ਲੋਕ ਵੀ ਜਾਣਦੇ ਹਨ ਕਿ ਪੁਲਾਂ 'ਤੇ ਕਾਫੀ ਪੈਸਾ ਖਰਚ ਹੁੰਦਾ ਹੈ ਤੇ ਵੈਸੇ ਵੀ ਜੇਕਰ ਕੋਈ ਪਹਿਲਾਂ ਹੀ ਨੇੜੇ ਪੁਲ ਬਣਿਆ ਹੋਵੇ ਤਾਂ ਉਸ ਦੇ ਨੇੜੇ ਇਕ ਹੋਰ ਪੁਲ ਨਹੀਂ ਬਣ ਸਕਦਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਣੇ ਹੋਏ ਪੁਲ ਦਾ ਹੀ ਇਸਤੇਮਾਲ ਕਰਨ।


Baljeet Kaur

Content Editor

Related News