ਠੰਢ ਵਧਾਏਗੀ ਪਰ ਬੀਮਾਰੀਆਂ ਤੋਂ ਰਾਹਤ ਦਿਵਾਏਗੀ ਇਹ ਬਾਰਿਸ਼

12/13/2019 3:53:21 PM

ਪਠਾਨਕੋਟ (ਧਰਮਿੰਦਰ ਠਾਕੁਰ) : ਪੰਜਾਬ 'ਚ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ ਠੰਡ ਵਧਦੀ ਜਾ ਰਹੀ ਹੈ। ਇਸ ਸਬੰਧੀ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਬਾਰਿਸ਼ ਸਿਹਤ ਦੇ ਲਿਹਾਜ਼ ਨਾਲ ਲਾਹੇਵੰਦ ਹੈ। ਇਸ ਨਾਲ ਜਿੱਥੇ ਵਾਤਾਵਰਣ ਸਾਫ ਹੋਵੇਗਾ ਅਤੇ ਐਲਰਜੀ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲੇਗੀ।  ਉਨ੍ਹਾਂ ਕਿਹਾ ਕਿ ਇਸ ਠੰਡ ਦੇ ਮੌਸਮ 'ਚ ਬਜ਼ੁਰਗਾਂ ਨੂੰ ਬਚਾਉਣ ਦੀ ਲੋੜ ਹੈ ਤੇ ਉਨ੍ਹਾਂ ਨੂੰ ਠੰਡ ਤੋਂ ਬਚਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਕਿਸਾਨਾਂ ਲਈ ਵੀ ਇਹ ਬਾਰਿਸ਼ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਲੈ ਕੇ ਆਈ ਹੈ ਜਦਕਿ ਕੁਝ ਕਿਸਾਨਾਂ ਨੂੰ ਬਾਰਿਸ਼ ਨੇ ਰਾਹਤ ਵੀ ਦਿੱਤੀ ਹੈ। ਜਿਹੜੇ ਕਿਸਾਨਾਂ ਨੇ ਖੇਤਾਂ 'ਚ ਅੱਗ ਲਾਏ ਬਗੈਰ ਕਣਕ ਦੀ ਬੀਜਾਈ ਕੀਤੀ ਹੈ, ਉਨ੍ਹਾਂ ਖੇਤਾਂ 'ਚ ਤਾਂ ਪਰਾਲੀ ਨੂੰ ਗਾਲਣ ਲਈ ਇਹ ਬਾਰਿਸ਼ ਵਰਦਾਨ ਸਿੱਧ ਹੋਵੇਗੀ ਪਰ ਜੇਕਰ ਕਿਸਾਨਾਂ ਨੇ ਫਸਲ ਨੂੰ ਪਹਿਲਾਂ ਹੀ ਪਾਣੀ ਲਾਇਆ ਹੋਇਆ ਹੈ ਤਾਂ ਅਜਿਹੀ ਸਥਿਤੀ 'ਚ ਭਾਰੀ ਬਾਰਿਸ਼ ਹੋਣ ਦੀ ਸੂਰਤ 'ਚ ਕਣਕ 'ਚ ਸਿੱਲ ਦੀ ਮਾਤਰਾ ਵਧਣ ਕਾਰਣ ਫਸਲ ਦਾ ਰੰਗ ਪੀਲਾ ਪੈਣ ਦਾ ਡਰ ਬਣਿਆ ਰਹੇਗਾ। ਜਿਹੜੇ ਕਿਸਾਨਾਂ ਨੇ ਕਣਕ ਦੀ ਪਿਛੇਤੀ ਬੀਜਾਈ ਕਰਨੀ ਹੈ, ਉਨ੍ਹਾਂ ਨੂੰ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਬਾਰਿਸ਼ ਕਾਰਣ ਖੇਤਾਂ 'ਚ ਵੱਤਰ ਆਉਣ ਨੂੰ ਹੋਰ ਸਮਾਂ ਲੱਗੇਗਾ। ਇਸੇ ਤਰ੍ਹਾਂ ਸਬਜ਼ੀਆਂ ਅਤੇ ਗੰਨੇ ਦੀ ਫਸਲ ਲਈ ਹਾਲ ਦੀ ਘੜੀ ਇਹ ਬਾਰਸ਼ ਨੁਕਸਾਨਦੇਹ ਨਹੀਂ ਮੰਨੀ ਜਾ ਰਹੀ।


Baljeet Kaur

Content Editor

Related News