ਕੰਡਿਆਲੀ ਤਾਰ ਪਾਰ ਕਰਕੇ ਆਇਆ ਪਾਕਿਸਤਾਨੀ, ਕਿਸਾਨ ''ਤੇ ਕੀਤਾ ਹਮਲਾ
Wednesday, Apr 17, 2019 - 05:23 PM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਭਾਰਤ-ਪਾਕਿ ਸਰਹੱਦ 'ਤੇ ਸਥਿਤ ਬਮਿਆਲ ਅਧੀਨ ਆਉਂਦੇ ਪਿੰਡ ਖੁਰਦਾਈਪੁਰ 'ਚ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਜ਼ਮੀਨ 'ਚ ਖੇਤੀ ਕਰਨ ਗਏ ਕਿਸਾਨ ਨਾਲ ਇਕ ਪਾਕਿਸਤਾਨੀ ਨਾਗਰਿਕ ਵਲੋਂ ਹੱਥੋਂਪਾਈ ਕਰਨ ਤੇ ਜ਼ਬਦਸਤੀ ਸਰਹੱਦ ਤੋਂ ਪਾਰ ਲੈ ਕੇ ਜਾਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਆਇਆ ਹੈ। ਇਸ ਮਾਮਲੇ 'ਚ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ ਬਟਾਲੀਅਨ 132 ਦੇ ਅਧਿਕਾਰੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਜਦਕਿ ਕਿਸਾਨ ਸੁਖਬੀਰ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਸਰਹੱਦ ਦੇ ਨਾਲ ਲੱਗੀ ਕੰਡਿਆਲੀ ਤਾਰ ਗੇਟ ਨੰਬਰ 9 ਨੂੰ ਪਾਰ ਕਰਕੇ ਖੇਤੀ ਕਰਨ ਗਿਆ ਸੀ ਕਿ ਅਚਾਨਕ ਇਕ ਪਾਕਿਸਤਾਨੀ ਨਾਗਰਿਕ ਭਾਰਤੀ ਸਰਹੱਦ 'ਚ ਦਾਖਲ ਹੋਇਆ ਤੇ ਉਸ ਨਾਲ ਹੱਥੋਪਾਈ ਕਰਨ ਲੱਗਾ। ਇਸ ਦੌਰਾਨ ਪਾਕਿਸਤਾਨੀ ਨਾਗਰਿਕ ਨੇ ਉਸ ਨੂੰ ਪਾਕਿਸਤਾਨੀ ਸਰਹੱਦ ਵੱਲ ਜ਼ਬਰਦਸਤੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਖੁਦ ਨੂੰ ਛੁਡਵਾ ਕੇ ਵਾਪਸ ਆਇਆ।