ਪਾਦਰੀ ਦੇ ਕਰੋੜਾਂ ਰੁਪਏ ਗਬਨ ਕਰਨ ਵਾਲਿਆਂ ''ਤੇ ਹੋਵੇਗਾ ਡਕੈਤੀ ਦਾ ਪਰਚਾ

04/19/2019 6:21:47 PM

ਚੰਡੀਗੜ੍ਹ : ਪਾਦਰੀ ਐਂਥਨੀ ਦੇ 6.6 ਕਰੋੜ ਰੁਪਏ 'ਖੁਰਦ-ਬੁਰਦ' ਹੋਣ ਦੇ ਮਾਮਲੇ ਸਬੰਧੀ ਪੰਜਾਬ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਡਕੈਤੀ ਦੀਆਂ ਧਾਰਾਵਾਂ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੀਨੀਅਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੇ ਹਥਿਆਰਬੰਦ ਹੋ ਕੇ ਜਲੰਧਰ ਦੇ ਪਾਦਰੀ ਦੇ ਘਰੋਂ ਨਕਦੀ ਚੁੱਕੀ ਅਤੇ ਫਿਰ ਲਾਪਤਾ ਕੀਤੀ। ਇਸ ਲਈ ਡਕੈਤੀ ਦੀਆਂ ਧਾਰਾਵਾਂ ਸ਼ਾਮਲ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਕੈਤੀ ਦੀ ਕਿਹੜੀ ਧਾਰਾ ਲਾਈ ਜਾਵੇ, ਇਸ ਸਬੰਧੀ ਫੈਸਲਾ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਕੀਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਪਾਦਰੀ ਦੇ ਪੈਸੇ ਖੁਰਦ-ਬੁਰਦ ਹੋਣ ਦੇ ਮਾਮਲੇ ਵਿਚ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਗ੍ਰਿਫ਼ਤਾਰ ਕੀਤੇ 'ਮੁਖ਼ਬਰ' ਸੁਰਿੰਦਰ ਸਿੰਘ ਨੇ ਤਫ਼ਤੀਸ਼ ਦੌਰਾਨ ਇਕਬਾਲ ਕੀਤਾ ਹੈ ਕਿ ਜਲੰਧਰ ਤੋਂ ਪਾਦਰੀ ਦੇ ਘਰੋਂ ਚੁੱਕੇ ਪੈਸੇ ਲਿਜਾਣ ਲਈ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਖੰਨਾ ਸ਼ਹਿਰ ਦੇ ਬਾਹਰ ਹੀ ਇਕ ਕਾਰ ਮੰਗਵਾਈ ਅਤੇ ਨੋਟਾਂ ਨਾਲ ਭਰੇ ਬੈਗ ਇਸ ਕਾਰ ਵਿਚ ਰੱਖ ਦਿੱਤੇ। 
ਮੁਖ਼ਬਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜਲੰਧਰ ਤੋਂ ਦੋ ਥਾਵਾਂ ਤੋਂ ਨਕਦੀ ਚੁੱਕੀ ਗਈ ਸੀ। ਨਕਦੀ ਲੈ ਕੇ ਇਕ ਗੱਡੀ ਤਾਂ ਐੱਸ. ਐੱਸ. ਪੀ. ਧਰੁਵ ਦਹੀਆ ਨੂੰ ਰਿਪੋਰਟ ਕਰਨ ਚਲੀ ਗਈ ਜਦਕਿ ਦੂਜੀ ਟੀਮ ਜਿਸ ਵਿਚ ਮੁਖ਼ਬਰ ਸੁਰਿੰਦਰ ਸਿੰਘ ਖੁਦ ਅਤੇ ਦੋਵੇਂ ਭਗੌੜੇ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਸ਼ਾਮਲ ਸਨ, ਪੈਸੇ ਲੈ ਕੇ ਆ ਰਹੇ ਸਨ। ਸੁਰਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਪੈਸੇ ਨਵੀਂ ਮੰਗਵਾਈ ਕਾਰ ਵਿਚ ਰੱਖਣ ਤੋਂ ਬਾਅਦ ਉਕਤ ਤਿੰਨੇ ਜਣੇ ਸੀ. ਆਈ. ਏ. ਸਟਾਫ਼ ਖੰਨਾ ਵਿਚ ਹੀ ਪਹੁੰਚ ਗਏ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ।
ਸੀਨੀਅਰ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੰਨਾ ਪੁਲਸ ਦੇ ਅਧਿਕਾਰੀਆਂ ਦੀ ਨਲਾਇਕੀ ਕਾਰਨ ਹੀ ਦੋਵੇਂ ਏ. ਐੱਸ. ਆਈ. ਭਗੌੜੇ ਹੋਣ ਵਿਚ ਕਾਮਯਾਬ ਹੋਏ ਹਨ ਕਿਉਂਕਿ ਜਦੋਂ ਪਾਦਰੀ ਵੱਲੋਂ ਦੂਜੇ ਹੀ ਦਿਨ ਖੁਲਾਸਾ ਕਰ ਦਿੱਤਾ ਗਿਆ ਸੀ ਤਾਂ ਖੰਨਾ ਪੁਲਸ ਵੱਲੋਂ ਦੋਵੇਂ ਥਾਣੇਦਾਰਾਂ ਨੂੰ ਹਿਰਾਸਤ ਲੈਣਾ ਚਾਹੀਦਾ ਸੀ। ਜਲੰਧਰ ਤੋਂ ਪੈਸਾ 29 ਮਾਰਚ ਨੂੰ ਪੁਲਸ ਨੇ ਬਰਾਮਦ ਕੀਤਾ। ਐੱਸਐੱਸਪੀ ਨੇ 30 ਮਾਰਚ ਨੂੰ ਪ੍ਰੈਸ ਕਾਨਫਰੰਸ ਕੀਤੀ ਅਤੇ ਦੂਜੇ ਹੀ ਦਿਨ 31 ਮਾਰਚ ਨੂੰ ਪਾਦਰੀ ਨੇ ਪੁਲਸ ਦਾ ਭੇਤ ਖੋਲ੍ਹ ਦਿੱਤਾ।ਡੀ. ਜੀ. ਪੀ. ਦੀਆਂ ਹਦਾਇਤਾਂ 'ਤੇ ਪੁਲਸ ਵੱਲੋਂ ਦੋਵੇਂ ਥਾਣੇਦਾਰਾਂ ਅਤੇ ਇਕ ਮੁਖ਼ਬਰ ਸੁਰਿੰਦਰ ਸਿੰਘ ਖ਼ਿਲਾਫ਼ 12 ਅਪ੍ਰੈਲ ਨੂੰ ਪਰਚਾ ਦਰਜ ਕਰਕੇ 'ਸਿਟ' ਦਾ ਗਠਨ ਕੀਤਾ ਗਿਆ ਸੀ। ਸੂਤਰ ਦੱਸਦੇ ਹਨ ਕਿ ਚੋਣ ਕਮਿਸ਼ਨ ਨੇ ਪਾਦਰੀ ਦੇ ਪੈਸੇ ਗੁੰਮ ਹੋਣ ਦੇ ਮਾਮਲੇ ਵਿਚ ਖੰਨਾ ਦੇ ਐੱਸ. ਐੱਸ. ਪੀ. ਦੀ ਭੂਮਿਕਾ ਬਾਰੇ ਸਰਕਾਰ ਨੂੰ ਵਿਸਥਾਰਤ ਰਿਪੋਰਟ ਦੇਣ ਲਈ ਕਿਹਾ ਹੈ।


Gurminder Singh

Content Editor

Related News