ਪੰਜਾਬ-ਹਰਿਆਣਾ ਦੇ 500 ਤੋਂ ਵੱਧ ਲੋਕਾਂ ਦੇ ਪਾਸਪੋਰਟ ਇੰਪਾਊਂਡ

04/26/2018 7:26:21 AM

ਚੰਡੀਗੜ੍ਹ (ਸਾਜਨ) - ਰੀਜਨਲ ਪਾਸਪੋਰਟ ਅਫਸਰਾਂ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ 500 ਤੋਂ ਵੱਧ ਲੋਕਾਂ ਦੇ ਪਾਸਪੋਰਟ ਇੰਪਾਊਂਡ ਕੀਤੇ ਹਨ। ਇਨ੍ਹਾਂ ਲੋਕਾਂ ਦੇ ਵੈਰੀਫਿਕੇਸ਼ਨ ਦੌਰਾਨ ਫਰਜ਼ੀ ਪਤੇ ਪਾਏ ਗਏ। ਇਨ੍ਹਾਂ ਵਿਚ ਪੰਜਾਬ ਦੇ ਬਠਿੰਡਾ, ਲੁਧਿਆਣਾ, ਮੁਕਤਸਰ, ਸੰਗਰੂਰ ਤੇ ਹਰਿਆਣਾ ਦ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ ਤੇ ਕਰਨਾਲ ਦੇ ਲੋਕਾਂ ਦੇ ਜ਼ਿਆਦਾ ਪਾਸਪੋਰਟ ਹਨ। ਚੰਡੀਗੜ੍ਹ ਦੇ ਇਨ੍ਹਾਂ ਵਿਚ ਕੁਝ ਲੋਕਾਂ ਦੇ ਪਾਸਪੋਰਟ ਹੀ ਹਨ। ਬੁੱਧਵਾਰ ਨੂੰ ਰੀਜਨਲ ਪਾਸਪੋਰਟ ਅਫਸਰ ਸਿਬਾਸ ਕਬੀਰਾਜ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ 'ਤੇ ਕਿਸੇ ਵੀ ਥਾਣੇ ਵਿਚ ਕੇਸ ਦਰਜ ਹੈ, ਉਨ੍ਹਾਂ ਵਲੋਂ ਪਾਸਪੋਰਟ ਅਪਲਾਈ ਕਰਦੇ ਸਮੇਂ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਤੇ ਪਾਸਪੋਰਟ ਵੀ ਜਾਂ ਤਾਂ ਜਾਰੀ ਨਹੀਂ ਕੀਤੇ ਗਏ ਜਾਂ ਜਾਰੀ ਕਰ ਦਿੱਤੇ ਗਏ, ਉਹ ਇੰਪਾਊਂਡ ਕੀਤੇ ਜਾ ਰਹੇ ਹਨ।
ਐੱਮ. ਐੱਲ. ਏ. ਸਿਮਰਜੀਤ ਸਿੰਘ ਬੈਂਸ ਦਾ ਪਾਸਪੋਰਟ ਹੋ ਸਕਦੈ ਸਸਪੈਂਡ
ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਲੁਧਿਆਣਾ ਦੇ ਰੀਜਨਲ ਪਾਸਪੋਰਟ ਦਫਤਰ ਵਿਚ ਜਾ ਕੇ ਕਰਮਚਾਰੀਆਂ ਨੂੰ ਧਮਕਾਉਣ ਤੇ ਉਨ੍ਹਾਂ ਨੂੰ ਰਿਸ਼ਵਤਖੋਰ ਠਹਿਰਾਉਣ ਦਾ ਵੀ ਕਬੀਰਾਜ ਨੇ ਸਖਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਤਰੀਕਾ ਸਿਮਰਜੀਤ ਸਿੰਘ ਬੈਂਸ ਨੇ ਅਖਤਿਆਰ ਕੀਤਾ ਹੈ, ਉਹ ਗਲਤ ਹੈ ਜੇਕਰ ਉਨ੍ਹਾਂ ਨੂੰ ਕਿਸੇ ਮਾਮਲੇ ਵਿਚ ਸ਼ਿਕਾਇਤ ਹੈ ਤਾਂ ਉਹ ਉਸ ਨੂੰ ਉਚਿਤ ਫੋਰਮ ਵਿਚ ਦਰਜ ਕਰਵਾਉਣ, ਤਾਂ ਕਿ ਸਬੰਧਤ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਲ ਇੰਡੀਆ ਪਾਸਪੋਰਟ ਯੂਨੀਅਨ ਦੇ ਸੁਨੀਲ ਦੱਤ ਨੇ ਉਨ੍ਹਾਂ ਨੂੰ ਸਿਮਰਜੀਤ ਸਿੰਘ ਬੈਂਸ ਵਲੋਂ ਕਰਮਚਾਰੀਆਂ ਨੂੰ ਧਮਕਾਉਣ ਦੀ ਸ਼ਿਕਾਇਤ ਦਿੱਤੀ ਹੈ, ਜਿਸ ਨੂੰ ਵਿਦੇਸ਼ ਮੰਤਰਾਲੇ ਨੂੰ ਭੇਜਿਆ ਗਿਆ ਹੈ। ਲੁਧਿਆਣਾ ਵਿਚ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਐੱਫ. ਆਈ. ਆਰ. ਵੀ ਦਰਜ ਕਰਵਾ ਦਿੱਤੀ ਗਈ ਹੈ। ਬੈਂਸ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰਕੇ 15 ਦਿਨਾਂ ਵਿਚ ਜਵਾਬ ਦੇਣ ਲਈ ਕਿਹਾ ਗਿਆ ਹੈ ਜੇਕਰ ਉਹ ਜਵਾਬ ਨਹੀਂ ਦੇਣਗੇ ਤਾਂ ਉਨ੍ਹਾਂ ਦਾ ਪਾਸਪੋਰਟ ਸਸਪੈਂਡ ਕੀਤਾ ਜਾਵੇਗਾ। ਕਬੀਰਾਜ ਨੇ ਦੱਸਿਆ ਕਿ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਸਿਮਰਜੀਤ ਸਿੰਘ ਬੈਂਸ 'ਤੇ ਹੁਣ ਤਕ 12 ਕੇਸ ਦਰਜ ਹਨ। ਇਹ ਜਾਣਕਾਰੀ ਉਨ੍ਹਾਂ ਨੇ ਪਾਸਪੋਰਟ ਅਪਲਾਈ ਕਰਦੇ ਸਮੇਂ ਲੁਕਾਈ।
ਬੈਂਸ ਨੇ ਮੁਆਫੀ ਨਾ ਮੰਗੀ ਤਾਂ ਹੜਤਾਲ : ਸੁਨੀਲ ਦੱਤ
ਪਾਸਪੋਰਟ ਦਫਤਰ ਵਿਚ ਬੁੱਧਵਾਰ ਨੂੰ ਯੂਨੀਅਨ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਆਲ ਇੰਡੀਆ ਪਾਸਪੋਰਟ ਆਫਿਸ ਯੂਨੀਅਨ ਦੇ ਵਾਈਸ ਪ੍ਰੈਜ਼ੀਡੈਂਟ ਤੇ ਚੰਡੀਗੜ੍ਹ ਯੂਨੀਅਨ ਦੇ ਪ੍ਰੈਜ਼ੀਡੈਂਟ ਸੁਨੀਲ ਦੱਤ ਨੇ ਚਿਤਾਵਨੀ ਦਿੱਤੀ ਕਿ ਜੇਕਰ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁਆਫੀ ਨਾ ਮੰਗੀ ਤਾਂ ਲੁਧਿਆਣਾ ਦਫਤਰ ਵਿਚ ਹੜਤਾਲ ਕਰਕੇ ਸਾਰੇ ਮੁਲਾਜ਼ਮਾਂ ਨੂੰ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ, ਲੁਧਿਆਣਾ ਆਦਿ ਵਿਚ ਬੈਂਸ ਖਿਲਾਫ ਕਈ ਮਾਮਲੇ ਦਰਜ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਡਿਸਕਲੋਜ਼ ਨਹੀਂ ਕੀਤਾ। ਇਕ ਹਫਤਾ ਪਹਿਲਾਂ ਸੈਸ਼ਨ ਜੱਜ ਦੇ ਕਹਿਣ 'ਤੇ ਬੈਂਸ ਦਾ ਪਾਸਪੋਰਟ ਜਾਰੀ ਕੀਤਾ ਗਿਆ ਸੀ ਤੇ ਉਹ ਬੁੱਧਵਾਰ ਨੂੰ ਆਸਟ੍ਰੇਲੀਆ ਵੀ ਚਲੇ ਗਏ। ਉਨ੍ਹਾਂ ਖਿਲਾਫ ਵਿਦੇਸ਼ ਮੰਤਰਾਲੇ ਨੂੰ ਸ਼ਿਕਾਇਤ ਦਿੱਤੀ ਗਈ ਹੈ।


Related News