ਨਹੀਂ ਘਟੀ ਯਾਤਰੀਆਂ ਦੀ ਪ੍ਰੇਸ਼ਾਨੀ, ਟਰੇਨਾਂ ਸਬੰਧੀ ਦਿੱਕਤਾਂ ਜਾਰੀ, ਆਵਾਜਾਈ ਨਹੀਂ ਹੋਈ ਨਾਰਮਲ

05/23/2024 6:11:29 AM

ਜਲੰਧਰ (ਪੁਨੀਤ)– ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਖ਼ਤਮ ਕੀਤਿਆਂ 2 ਦਿਨ ਬੀਤ ਚੁੱਕੇ ਹਨ ਪਰ ਟਰੇਨਾਂ ਦੀ ਆਵਾਜਾਈ ਨਾਰਮਲ ਨਹੀਂ ਹੋ ਸਕੀ, ਜਿਸ ਕਾਰਨ ਯਾਤਰੀਆਂ ਦੀ ਪ੍ਰੇਸ਼ਾਨੀ ਬਾਦਸਤੂਰ ਜਾਰੀ ਹੈ। ਰੱਦ ਟਰੇਨਾਂ ਦੀ ਸ਼ੁਰੂ ਹੋਈ ਆਵਾਜਾਈ ਨੂੰ ਦੇਖਦਿਆਂ ਯਾਤਰੀ ਵਾਪਸ ਰੇਲ ਯਾਤਰਾ ਵੱਲ ਜਾ ਰਹੇ ਹਨ, ਜਿਸ ਨਾਲ ਸਟੇਸ਼ਨਾਂ ’ਤੇ ਭੀੜ ਹੋਣ ਲੱਗੀ ਹੈ।

ਬੁੱਧਵਾਰ ਸਵੇਰ ਤੋਂ ਸਟੇਸ਼ਨ ’ਤੇ ਬੁਕਿੰਗ ਕਾਊਂਟਰਾਂ ’ਤੇ ਲੱਗੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਯਾਤਰੀਆਂ ਦੀ ਭੀੜ ਲੱਗੀ ਰਹੀ। ਇਸ ਨੂੰ ਦੇਖਦਿਆਂ ਸੁਰੱਖਿਆ ਮੁਲਾਜ਼ਮਾਂ ਵਲੋਂ ਲਾਈਨਾਂ ਆਦਿ ਲਗਾਈਆਂ ਗਈਆਂ। ਭੀੜ ਹੋਣ ਕਾਰਨ ਯਾਤਰੀਆਂ ਨੂੰ ਟਿਕਟਾਂ ਲੈਣ ਲਈ ਲੰਮੀ ਉਡੀਕ ਕਰਨੀ ਪੈ ਰਹੀ ਹੈ।

PunjabKesari

ਉਥੇ ਹੀ ਟਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਯਾਤਰਾ ’ਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਲੇਟ ਆਉਣ ਵਾਲੀਆਂ ਟਰੇਨਾਂ ’ਚ ਕਈ ਮਹੱਤਵਪੂਰਨ ਟਰੇਨਾਂ ਸ਼ਾਮਲ ਹਨ, ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ’ਚ ਦੇਰੀ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਇੰਟਰਨੈੱਟ ’ਤੇ ਮੁੜ ਵਾਇਰਲ ਹੋਈ ਖ਼ਬਰ, ਲਾਹੌਰ ’ਚ ਮਾਰਿਆ ਗਿਆ ਦਾਊਦ ਇਬ੍ਰਾਹਿਮ ਦਾ ਖ਼ਾਸ ਸਾਥੀ ਛੋਟਾ ਸ਼ਕੀਲ!

ਇਸੇ ਕ੍ਰਮ ’ਚ ਅੱਜ ਟਰੇਨ ਨੰਬਰ 12475 ਵੈਸ਼ਨੋ ਦੇਵੀ ਕਟੜਾ 7.20 ਘੰਟੇ ਦੀ ਦੇਰੀ ਨਾਲ ਜਲੰਧਰ ਪਹੁੰਚੀ। 22480 ਸਰਬੱਤ ਦਾ ਭਲਾ 7 ਘੰਟੇ ਲੇਟ ਰਹੀ। ਇਸ ਤੋਂ ਇਲਾਵਾ 5 ਵਜੇ ਪਹੁੰਚਣ ਵਾਲੀ 18238 ਛੱਤੀਸਗੜ੍ਹ ਐਕਸਪ੍ਰੈੱਸ 8 ਘੰਟੇ, 12498 ਸ਼ਾਨ-ਏ-ਪੰਜਾਬ ਤੇ 12029 ਸ਼ਤਾਬਦੀ ਐਕਸਪ੍ਰੈੱਸ 1-1 ਘੰਟੇ ਦੇਰੀ ਨਾਲ ਸਬੰਧਤ ਸਟੇਸ਼ਨਾਂ ’ਤੇ ਪਹੁੰਚੀਆਂ। ਉਥੇ ਹੀ ਵੰਦੇ ਭਾਰਤ ਐਕਸਪ੍ਰੈੱਸ 20 ਮਿੰਟ ਦੀ ਦੇਰੀ ਨਾਲ ਸਟੇਸ਼ਨ ’ਤੇ ਪਹੁੰਚੀ।

PunjabKesari

ਸਟੇਸ਼ਨ ’ਤੇ ਦੇਖਣ ’ਚ ਆਉਂਦਾ ਹੈ ਕਿ ਦੁਪਹਿਰ ਸਮੇਂ ਉਮੀਦ ਦੇ ਮੁਕਾਬਲੇ ਯਾਤਰੀਆਂ ਦੀ ਗਿਣਤੀ ਘੱਟ ਰਹਿੰਦੀ ਹੈ। ਮੋਬਾਇਲ ਰਾਹੀਂ ਜਾਣਕਾਰੀ ਰੱਖਣ ਵਾਲੇ ਯਾਤਰੀ ਆਪਣੀਆਂ ਟਰੇਨਾਂ ਨੂੰ ਦੇਖ ਕੇ ਹੀ ਸਟੇਸ਼ਨ ’ਤੇ ਪਹੁੰਚਦੇ ਹਨ, ਜਦਕਿ ਜਿਨ੍ਹਾਂ ਲੋਕਾਂ ਨੂੰ ਟਰੇਨਾਂ ਸਬੰਧੀ ਜਾਣਕਾਰੀ ਨਹੀਂ ਹੁੰਦੀ, ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆਉਂਦੀ ਹੈ। ਕਿਸਾਨ ਅੰਦੋਲਨ ਦੌਰਾਨ ਅਜਿਹੇ ਯਾਤਰੀਆਂ ਨੂੰ ਲੰਮੇ ਸਮੇਂ ਤਕ ਸਟੇਸ਼ਨ ’ਤੇ ਆ ਕੇ ਉਡੀਕ ਕਰਨੀ ਪੈ ਰਹੀ ਸੀ। ਹੁਣ ਸਿੱਧੇ ਰਸਤਿਆਂ ਰਾਹੀਂ ਟਰੇਨਾਂ ਦੀ ਆਵਾਜਾਈ ਸ਼ੁਰੂ ਹੋਣ ਕਾਰਨ ਯਾਤਰੀਆਂ ਨੂੰ ਕੁਝ ਇਕ ਟਰੇਨਾਂ ਨੂੰ ਛੱਡ ਕੇ ਬਾਕੀ ਟਰੇਨਾਂ ਲਈ ਲੰਮੀ ਉਡੀਕ ਨਹੀਂ ਕਰਨੀ ਪੈਂਦੀ।

ਪੁੱਛਗਿੱਛ ਕੇਂਦਰ ’ਚ ਲੱਗ ਰਹੀ ਸਭ ਤੋਂ ਜ਼ਿਆਦਾ ਭੀੜ
ਟਰੇਨਾਂ ਦੀ ਜਾਣਕਾਰੀ ਨੂੰ ਲੈ ਕੇ ਪੁੱਛਗਿੱਛ ਕੇਂਦਰ ’ਚ ਸਭ ਤੋਂ ਜ਼ਿਆਦਾ ਭੀੜ ਦੇਖਣ ਨੂੰ ਮਿਲ ਰਹੀ ਹੈ। ਕਈ ਯਾਤਰੀ ਜਾਣਕਾਰੀ ਦੀ ਘਾਟ ਕਾਰਨ ਪੁੱਛਗਿੱਛ ਕੇਂਦਰ ਤੋਂ ਟਿਕਟ ਦੀ ਮੰਗ ਕਰਦੇ ਹਨ। ਆਮ ਤੌਰ ’ਤੇ ਦੇਖਣ ’ਚ ਆ ਰਿਹਾ ਹੈ ਕਿ ਟਰੇਨਾਂ ਸਬੰਧੀ ਲਿਖਿਆ ਹੋਣ ਦੇ ਬਾਵਜੂਦ ਲੋਕ ਪੁੱਛਗਿੱਛ ਕੇਂਦਰ ਤੋਂ ਜਾਣਕਾਰੀ ਲੈਣ ਨੂੰ ਮਹੱਤਵ ਦਿੰਦੇ ਹਨ। ਇਸ ਸਭ ਕਾਰਨ ਪੁੱਛਗਿੱਛ ਕੇਂਦਰ ਤੋਂ ਭੀੜ ਘੱਟ ਨਹੀਂ ਹੁੰਦੀ। ਕਈ ਵਿਅਕਤੀ ਵਾਰ-ਵਾਰ ਆ ਕੇ ਇਕ ਹੀ ਟਰੇਨ ਬਾਰੇ ਪੁੱਛਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News