ਭਾਰਤ ਤੋਂ ਬ੍ਰਿਟਿਸ਼ ਅਤੇ ਦੋਹਾ ਦੀਆਂ ਉਡਾਣਾਂ ’ਚ ਰਵਾਨਾ ਹੋਏ 680 ਯਾਤਰੀ
Wednesday, May 13, 2020 - 11:10 PM (IST)

ਅੰਮ੍ਰਿਤਸਰ,(ਇੰਦਰਜੀਤ)- ਭਾਰਤ ਤੋਂ ਵਿਦੇਸ਼ੀ ਮੁਸਾਫਰਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਭੇਜਣ ਦੀ ਕਵਾਇਦ ’ਚ ਅੱਜ ਵੀ ਦੋ ਜਹਾਜ਼ ਅੰਮ੍ਰਿਤਸਰ ਏਅਰਪੋਰਟ ਤੋਂ 680 ਮੁਸਾਫਰਾਂ ਨੂੰ ਲੈ ਕੇ ਅਸਮਾਨ ’ਚ ਉਤਰੇ। ਇਨ੍ਹਾਂ ’ਚ ਇੱਕ ਉਡਾਣ ਲੰਡਨ ਦੇ ਹੀਥਰੋ ਜਦੋਂ ਕਿ ਦੂਜੀ ਦੋਹਾ ਏਅਰਪੋਰਟ ’ਤੇ ਪੁੱਜੇਗੀ। ਇੰਨ੍ਹਾਂ ’ਚ ਕੁੱਝ ਲੋਕ ਇੰਗਲੈਂਡ ਅਤੇ ਕੁੱਝ ਕੈਨੇਡਾ ਦੇ ਵੈਨਕੂਵਰ ਦੇ ਵਾਸੀ ਸ਼ਾਮਲ ਸਨ। ਲੰਡਨ ਦੇ ਅੰਤਰਰਾਸ਼ਟਰੀ ਹੀਥਰੋ ਹਵਾਈ ਅੱਡੇ ਅਤੇ ਦੋਹਾ ਏਅਰਪੋਰਟ 'ਤੇ ਉਕਤ ਦੋਨੋਂ ਜਹਾਜ਼ ਦੀ ਲੈਂਡਿੰਗ ਉਪਰੰਤ ਉਨ੍ਹਾਂ ਨੂੰ ਵੱਖ-ਵੱਖ ਉਡਾਣਾਂ ’ਚ ਸਬੰਧਤ ਦੇਸ਼ਾਂ ਵਿਚ ਭੇਜਿਆ ਜਾਵੇਗਾ। ਅੰਮ੍ਰਿਤਸਰ ਏਅਰਪੋਰਟ ਤੋਂ ਬ੍ਰਿਟੇਨ ਬਾਅਦ ਦੁਪਹਿਰ 3:30 ’ਤੇ ਜਾਣ ਵਾਲੀ ਉਡਾਣ ’ਚ 298 ਅਤੇ ਦੋਹਾ ਦੀ ਦੇਰ ਸ਼ਾਮ 8 ਵਜੇ ਰਵਾਨਾ ਹੋਣ ਵਾਲੀ ਉਡਾਣ ’ਚ 368 ਯਾਤਰੀ ਸਵਾਰ ਸਨ। ਅੰਮ੍ਰਿਤਸਰ ਏਅਰਪੋਰਟ ’ਤੇ ਅੱਜ ਮੁਸਾਫਰਾਂ ਨੂੰ ਰਵਾਨਾ ਕਰਨ ਲਈ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਵਲੋਂ ਬਿਹਤਰ ਸੋਸ਼ਲ ਡਿਸਟੈਂਸ ਬਣਾਇਆ ਗਿਆ।