''ਆਪ'' ਦੀ ਟੁੱਟ-ਭੱਜ ਕਾਰਨ ਪਾਰਟੀ ਵਰਕਰ ਹੋਏ ਭੰਬਲਭੂਸੇ ਦੇ ਸ਼ਿਕਾਰ : ਅਕਾਲੀ ਦਲ
Wednesday, Jan 23, 2019 - 03:17 PM (IST)

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੂਰੀ ਤਰ੍ਹਾਂ ਟੁੱਟ ਚੁੱਕੀ ਆਮ ਆਦਮੀ ਪਾਰਟੀ ਕੋਲੋਂ ਪੰਜਾਬੀਆਂ ਨੇ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਹੈ, ਕਿਉਂਕਿ ਇਸ ਪਾਰਟੀ ਦੀ ਲੀਡਰਸ਼ਿਪ ਆਪਣੇ ਸੌੜੇ ਹਿੱਤਾਂ ਦੀ ਖਾਤਿਰ ਹਮੇਸ਼ਾ ਧੜੇ ਬਦਲਦੀ ਰਹਿੰਦੀ ਹੈ। ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 'ਆਪ' ਅੰਦਰ ਵਾਰ-ਵਾਰ ਹੋ ਰਹੀ ਟੁੱਟ–ਭੱਜ ਨੇ ਪਾਰਟੀ ਵਰਕਰਾਂ ਨੂੰ ਭੰਬਲਭੂਸੇ ਵਿਚ ਪਾ ਦਿੱਤਾ ਹੈ ਕਿ ਉਨ੍ਹਾਂ ਨੂੰ ਕਿਸ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਦੇ ਆਮ ਲੋਕ ਹੀ ਨਹੀਂ, ਸਗੋਂ 'ਆਪ' ਦੇ ਵਰਕਰ ਵੀ ਪਾਰਟੀ ਦੀਆਂ ਮੀਟਿੰਗਾਂ ਵਿਚ ਭਾਗ ਨਹੀਂ ਲੈਣਾ ਚਾਹੁੰਦੇ ਹਨ। ਕੁੱਝ ਦਿਨ ਪਹਿਲਾਂ 'ਆਪ' ਦੀ ਜਗਰਾਓਂ ਤੋਂ ਵਿਧਾਇਕ ਅਤੇ ਵਿਧਾਨ ਸਭਾ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਪਾਰਟੀ ਦੀ ਬਰਨਾਲਾ ਰੈਲੀ ਵਿਚ ਹੀ ਭਾਗ ਲੈਣ ਤੋਂ ਪਾਸਾ ਵੱਟ ਲਿਆ, ਕਿਉਂਕਿ ਉਹ ਆਪਣੇ ਹਲਕੇ ਦੇ ਵਰਕਰਾਂ ਨੂੰ ਇਸ ਰੈਲੀ ਵਿਚ ਭਾਗ ਲੈਣ ਵਾਸਤੇ ਰਾਜ਼ੀ ਨਹੀਂ ਸੀ ਕਰ ਸਕੀ।
ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰੈਲੀ ਵਿਚ ਭਾਗ ਲੈਣ ਸਬੰਧੀ ਮਾਣੂੰਕੇ ਦੀ ਝਿਜਕ ਪਿੱਛੇ 'ਆਪ' ਦੀ ਖੁਰ ਰਹੀ ਲੋਕਪ੍ਰਿਯਤਾ ਨੂੰ ਇਕ ਵੱਡਾ ਕਾਰਨ ਦੱਸਦਿਆਂ ਅਕਾਲੀ ਆਗੂ ਨੇ ਕਿਹਾ ਕਿ 'ਆਪ' ਲੀਡਰਸ਼ਿਪ ਨੇ ਮਾਣੂੰਕੇ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਰੈਲੀ ਵਿਚ ਸਮਰਥਕਾਂ ਦੀਆਂ 50 ਬੱਸਾਂ ਲੈ ਕੇ ਆਵੇ। ਅਜਿਹੀ ਸ਼ਰਤ ਨੂੰ ਪੂਰਾ ਕਰਨਾ ਲੱਗਭਗ ਅਸੰਭਵ ਸੀ, ਇਸ ਲਈ ਮਾਣੂੰਕੇ ਨੇ ਰੈਲੀ ਤੋਂ ਪਾਸਾ ਵੱਟਣਾ ਹੀ ਬਿਹਤਰ ਸਮਝਿਆ।