ਪਾਰਟੀ ਲੈ ਸਕਦੀ ਐ ਖਹਿਰਾ ਖਿਲਾਫ਼ ਸਖ਼ਤ ਫੈਸਲਾ : ਹਰਪਾਲ ਚੀਮਾ

08/31/2018 5:02:59 PM

ਸੰਗਰੂਰ (ਬੇਦੀ, ਹਰਜਿੰਦਰ)— ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਖੁਦ ਮੁਖ਼ਤਿਆਰ ਬਣ ਕੇ ਪਾਰਟੀ ਦੀ ਸਾਖ ਨਾ ਖਰਾਬ ਕਰਨ, ਪਾਰਟੀਆਂ ਖੁਦ ਮੁਖ਼ਤਿਆਰੀ ਨਾਲ ਨਹੀਂ ਚਲਦੀਆਂ, ਸਾਰੇ ਵਲੰਟੀਅਰਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ। ਸਾਨੂੰ ਅੱਜ ਪਤਾ ਲੱਗਿਆ ਹੈ ਕਿ ਖਹਿਰਾ ਨੇ ਬੀਤੇ ਦਿਨ ਹੋਈ ਵਲੰਟੀਅਰਾਂ ਦੀ ਮੀਟਿੰਗ 'ਚ ਆਮ ਆਦਮੀ ਪਾਰਟੀ ਦੇ ਕੁਝ ਸੀਨੀਅਰ ਲੀਡਰਾਂ ਨੂੰ ਇਸ ਕਰਕੇ ਮੀਟਿੰਗ 'ਚੋਂ ਬਾਹਰ ਕਢਵਾ ਦਿੱਤਾ ਕਿ ਉਹ ਪਾਰਟੀ ਦੇ ਮੋਹਰੀ ਆਗੂ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਨਾਅਰੇ ਲਾ ਰਹੇ ਸਨ। ਖਹਿਰੇ ਦੀ ਇਹ ਗੱਲ ਬਹੁਤ ਗਲਤ ਹੈ ਅਤੇ ਉਨ੍ਹਾਂ ਨੇ ਇਸ ਬਾਰੇ ਪਾਰਟੀ ਹਾਈਕਮਾਂਡ ਨੂੰ ਵੀ ਲਿਖ ਕੇ ਭੇਜ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿਚ ਪਾਰਟੀ ਵੱਲੋਂ ਖਹਿਰੇ ਖਿਲਾਫ਼ ਕੋਈ ਸਖ਼ਤ ਫੈਸਲਾ ਲਿਆ ਜਾ ਸਕਦਾ ਹੈ।

ਚੀਮਾ ਨੇ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਸੁਖਪਾਲ ਖਹਿਰਾ ਗਲਤ ਹੱਥਾਂ ਵਿਚ ਖੇਡ ਰਿਹਾ ਹੈ। ਆਰ.ਐੱਸ.ਐੱਸ. ਨੇ ਬੈਂਸ ਭਰਾਵਾਂ ਰਾਹੀਂ ਸੁਖਪਾਲ ਖਹਿਰਾ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਯੋਜਨਾ ਉਲੀਕੀ ਹੋਈ ਹੈ ਪਰ ਇਸ ਨੂੰ ਕਿਸੇ ਵੀ ਹਾਲਤ 'ਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਖਹਿਰੇ ਵੱਲੋਂ ਜ਼ਿਲੇ 'ਚ ਕੀਤੀਆਂ ਜਾਣ ਵਾਲੀਆਂ ਕਨਵੈਨਸ਼ਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ। ਇਸ ਮੌਕੇ ਚੀਮਾ ਦੇ ਨਾਲ ਦਿਨੇਸ਼ ਬਾਂਸਲ ਪ੍ਰਧਾਨ ਆਮ ਆਦਮੀ ਪਾਰਟੀ ਸੰਗਰੂਰ, ਦਲਬੀਰ ਸਿੰਘ ਢਿੱਲੋਂ ਮਾਲਵਾ ਪ੍ਰਧਾਨ, ਰਾਜਵੰਤ ਸਿੰਘ ਘੁੱਲੀ, ਅਵਤਾਰ ਸਿੰਘ ਈਲਵਾਲ, ਜਗਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਆਗੂ ਵੱਡੀ ਗਿਣਤੀ 'ਚ ਮੌਜੂਦ ਸਨ।


Related News