ਕਰਤਾਰਪੁਰ ਲਾਂਘੇ ''ਤੇ ਲੱਗਣ ਵਾਲੀ ਫੀਸ ਸਬੰਧੀ ਦੋਵੇਂ ''ਬਾਜਵਾ'' ਇਕਸੁਰ

Thursday, Oct 31, 2019 - 12:17 PM (IST)

ਕਰਤਾਰਪੁਰ ਲਾਂਘੇ ''ਤੇ ਲੱਗਣ ਵਾਲੀ ਫੀਸ ਸਬੰਧੀ ਦੋਵੇਂ ''ਬਾਜਵਾ'' ਇਕਸੁਰ

ਚੰਡੀਗੜ੍ਹ : ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਤੋਂ ਪਾਕਿਸਤਾਨ ਸਰਕਾਰ ਵਲੋਂ 20 ਡਾਲਰ ਫੀਸ ਵਸੂਲੇ ਜਾਣ ਦੇ ਮੁੱਦੇ 'ਤੇ ਕਾਂਗਰਸ ਦੇ ਦੋਵੇਂ 'ਬਾਜਵਾ' ਪਹਿਲੀ ਵਾਰ ਇਕਸੁਰ 'ਚ ਬੋਲੇ ਹਨ, ਹਾਲਾਂਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵਿਚਕਾਰ ਛੱਤੀ ਦਾ ਅੰਕੜਾ ਹੈ ਪਰ ਫੀਸ ਵਰਗੇ ਅਹਿਮ ਮੁੱਦੇ 'ਤੇ ਉਨ੍ਹਾਂ ਦੇ ਵਿਚਾਰ ਇੱਕੋ ਜਿਹੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਐੱਸ. ਜੀ. ਪੀ. ਸੀ. ਨੂੰ ਮਿਲ ਕੇ ਗਰੀਬ ਸ਼ਰਧਾਲੂਆਂ ਨੂੰ ਫੀਸ ਦੇਣੀ ਚਾਹੀਦੀ ਹੈ, ਅਮੀਰ ਨੂੰ ਨਹੀਂ।

ਬਾਜਵਾ ਨੇ ਕਿਹਾ ਕਿ ਹੱਜ ਯਾਤਰੀਆਂ ਲਈ ਕੇਂਦਰ ਸਰਕਾਰ ਕਰੋੜਾਂ ਰੁਪਏ ਸਬਸਿਡੀ ਦਿੰਦੀ ਹੈ ਤਾਂ ਫਿਰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਕੇਂਦਰ ਸਰਕਾਰ ਨੂੰ ਸਬਸਿਡੀ ਦੇਣੀ ਚਾਹੀਦੀ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਵੀ ਇਹੋ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੱਜ ਯਾਤਰੀਆਂ ਨੂੰ ਸੈਂਕੜੇ ਕਰੋੜ ਦੀ ਸਬਸਿਡੀ ਦੇ ਸਕਦੀ ਹੈ ਤਾਂ ਫਿਰ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ 20 ਡਾਲਰ ਦੀ ਸਬਸਿਡੀ ਕਿਉਂ ਨਹੀਂ ਦਿੱਤੀ ਜਾ ਸਕਦੀ ਅਤੇ ਇਸ 'ਚ ਕੇਂਦਰ ਸਰਕਾਰ ਨੂੰ ਕੀ ਪਰੇਸ਼ਾਨੀ ਹੈ।
 


author

Babita

Content Editor

Related News