ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਮਹਾਰਾਣੀ ਪ੍ਰਨੀਤ ਕੌਰ
Monday, Oct 09, 2017 - 07:02 AM (IST)

ਅੰਮ੍ਰਿਤਸਰ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਅੱਜ ਬਾਅਦ ਦੁਪਹਿਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਓ. ਐੱਸ. ਡੀ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ ਅਤੇ ਪੁਲਸ ਕਮਿਸ਼ਨਰ ਐੱਸ. ਸ਼੍ਰੀਵਾਸਤਵ ਵੀ ਹਾਜ਼ਰ ਸਨ। ਇਸ ਦੌਰਾਨ ਸੂਚਨਾ ਕੇਂਦਰ 'ਚ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੇ ਗੁਰੂ ਘਰ 'ਤੇ ਲਾਏ ਗਏ ਜੀ. ਐੱਸ. ਟੀ. ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਹ ਮੁੱਦਾ ਕੇਂਦਰ ਸਰਕਾਰ ਕੋਲੋਂ ਉਠਾਇਆ ਹੈ ਤੇ ਹੁਣ ਇਸ ਬਾਰੇ ਫੈਸਲਾ ਕਰਨਾ ਕੇਂਦਰ ਦੇ ਹੱਥ 'ਚ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਤੇ ਜੀ. ਐੈੱਸ. ਟੀ. ਨੇ ਦੇਸ਼ ਦੀ ਆਰਥਿਕਤਾ ਨੂੰ ਮੂਧੇ ਮੂੰਹ ਸੁੱਟ ਦਿੱਤਾ ਹੈ ਤੇ ਹਰ ਕਾਰੋਬਾਰੀ ਇਸ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਿਕਾਸ ਦਰ ਘੱਟ ਹੋਣ ਦਾ ਅਸਰ ਹਰੇਕ ਖੇਤਰ 'ਤੇ ਵੇਖਣ ਨੂੰ ਮਿਲ ਰਿਹਾ ਹੈ। 2019 ਦੀਆਂ ਲੋਕ ਸਭਾ ਚੋਣ ਬਾਰੇ ਪੁੱਛੇ ਜਾਣ 'ਤੇ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਆਪਣੇ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਨਾ ਚਾਹੁਣਗੇ। ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।