ਦੰਗਾ ਪੀੜਤ ਨੇ ਦੰਗਾ ਪੀੜਤਾਂ ''ਤੇ ਫਲੈਟ ''ਤੇ ਨਾਜਾਇਜ਼ ਕਬਜ਼ਾ ਕਰਨ ਦੇ ਲਾਏ ਦੋਸ਼

02/07/2018 3:33:38 AM

ਲੁਧਿਆਣਾ(ਸਲੂਜਾ)-1984 ਦੰਗਿਆਂ ਦੇ ਸ਼ਿਕਾਰ ਹੋਏ ਪਰਮਿੰਦਰ ਸਿੰਘ ਅਤੇ ਉਸ ਦੀ ਮਾਤਾ ਸੁਖਬੀਰ ਕੌਰ ਨੇ ਦੁੱਗਰੀ ਦੀ ਰਹਿਣ ਵਾਲੀਆਂ ਦੋ ਦੰਗਾ ਪੀੜਤ ਮਹਿਲਾਵਾਂ 'ਤੇ ਉਨ੍ਹਾਂ ਦੇ ਫਲੈਟ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਾਉਂਦੇ ਹੋਏ ਪੁਲਸ ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਕੀਤੀ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਦ ਦੰਗੇ ਹੋਏ ਤਾਂ ਉਹ ਆਪਣੇ ਪਰਿਵਾਰ ਸਮੇਤ ਕਲਕੱਤਾ 'ਚ ਰਹਿੰਦੇ ਸਨ। ਉਸ ਸਮੇਂ ਉਨ੍ਹਾਂ ਦੇ ਪਿਤਾ 'ਤੇ ਦੰਗਾਕਾਰੀਆਂ ਨੇ ਜਾਨਲੇਵਾ ਹਮਲਾ ਬੋਲ ਦਿੱਤਾ, ਜਿਸ ਵਿਚ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਬਾਅਦ 'ਚ ਮੌਤ ਹੋ ਗਈ। ਪਰਮਿੰਦਰ ਨੇ ਦੱਸਿਆ ਕਿ ਉਹ ਲੁਧਿਆਣਾ 'ਚ ਸ਼ਿਫਟ ਹੋ ਗਏ ਜਿਥੇ ਉਨ੍ਹਾਂ ਨੂੰ ਸਰਕਾਰ ਵਲੋਂ ਦੁੱਗਰੀ ਲੁਧਿਆਣਾ 'ਚ ਇਕ ਫਲੈਟ ਅਲਾਟ ਹੋ ਗਿਆ। ਉਹ ਕੁਝ ਸਮਾਂ ਇਥੇ ਆਪਣੇ ਪਰਿਵਾਰ ਦੇ ਨਾਲ ਰਹੇ ਪਰ ਬੁਨਿਆਦੀ ਸੁਵਿਧਾਵਾਂ ਦੀ ਘਾਟ ਕਾਰਨ ਉਹ ਆਪਣੇ ਫਲੈਟ ਨੂੰ ਲਾਕ ਕਰ ਕੇ ਜ਼ਿਲਾ ਮੋਗਾ ਅਧੀਨ ਪੈਂਦੇ ਪਿੰਡ ਪੱਤੋ ਹੀਰਾ ਸਿੰਘ ਨਿਹਾਲ ਸਿੰਘ ਵਾਲਾ 'ਚ ਰਹਿਣ ਲੱਗੇ। ਇਕ ਦਿਨ ਉਸ ਨੂੰ ਉਨ੍ਹਾਂ ਦੇ ਇਕ ਨੇੜਲੇ ਦੋਸਤ ਦਾ ਫੋਨ ਆਇਆ ਕਿ ਤੁਹਾਡੇ ਫਲੈਟ ਦੇ ਤਾਲੇ ਤੋੜ ਕੇ ਕਿਸੇ ਨੇ ਕਬਜ਼ਾ ਕਰ ਲਿਆ ਹੈ। ਜਦ ਉਹ ਆਪਣੇ ਫਲੈਟ ਨੂੰ ਦੇਖਣ ਆਇਆ ਤਾਂ ਉਥੇ ਦੋ ਮਹਿਲਾਵਾਂ ਮਮਤਾ ਅਤੇ ਪ੍ਰੀਤ ਰਹਿ ਰਹੀਆਂ ਸੀ।   ਉਨ੍ਹਾਂ ਮਹਿਲਾਵਾਂ ਨੇ ਇਕ ਵਿਧਾਇਕ ਬੈਂਸ ਦਾ ਨਾਂ ਲੈ ਕੇ ਫਲੈਟ ਖਾਲੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਜਦ ਉਹ ਉਸ ਵਿਧਾਇਕ ਬੈਂਸ ਕੋਲ ਗਿਆ ਤਾਂ ਉਸ ਦੀ ਕੋਈ ਗੱਲ ਨਹੀਂ ਸੁਣ ਗਈ। ਪਰਮਿੰਦਰ ਨੇ ਦੱਸਿਆ ਕਿ ਉਸ ਨੇ ਆਪਣਾ ਫਲੈਟ ਖਾਲੀ ਕਰਵਾਉਣ ਸਬੰਧੀ ਪੁਲਸ ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਦੇ ਦਿੱਤੀ ਹੈ। 
ਪਰਮਿੰਦਰ ਨੇ ਪੈਟਰੋਲ ਨਾਲ ਸਾੜਨ ਦਿੱਤੀ ਧਮਕੀ
ਫਲੈਟ 'ਚ ਰਹਿਣ ਵਾਲੀਆਂ ਦੰਗਾ ਪੀੜਤ ਮਹਿਲਾਵਾਂ ਮਮਤਾ ਅਤੇ ਪ੍ਰੀਤ ਨੇ ਸੰਪਰਕ ਕਰਨ 'ਤੇ ਪਰਮਿੰਦਰ ਸਿੰਘ 'ਤੇ ਇਹ ਦੋਸ਼ ਲਾਇਆ ਕਿ ਉਹ ਪੈਟਰੋਲ ਲੈ ਕੇ ਫਲੈਟ 'ਚ ਕੁੱਝ ਦਿਨ ਪਹਿਲਾਂ ਆਇਆ ਸੀ ਅਤੇ ਉਨ੍ਹਾਂ ਨੂੰ ਇਹ ਧਮਕੀ ਦੇ ਕੇ ਗਿਆ ਕਿ ਜੇਕਰ ਫਲੈਟ ਖਾਲੀ ਨਾ ਕੀਤਾ ਤਾਂ ਉਹ ਸਾਮਾਨ ਸਮੇਤ ਅੱਗ ਲਾ ਦੇਵੇਗਾ ਅਤੇ ਆਪਣਾ ਫਲੈਟ ਖਾਲੀ ਕਰਵਾ ਲਵੇਗਾ। ਇਨ੍ਹਾਂ ਮਹਿਲਾਵਾਂ ਨੇ ਦੱਸਿਆ ਕਿ ਉਹ ਤਾਂ ਪਰਮਿੰਦਰ ਨੂੰ ਇਹੀ ਬੇਨਤੀ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਇਹ ਫਲੈਟ ਦੁੱਗਰੀ ਦੀ ਰਹਿਣ ਵਾਲੀ ਇਕ ਸੁੱਖੀ ਨਾਮਕ ਮਹਿਲਾ ਨੇ 20 ਹਜ਼ਾਰ ਰੁਪਏ ਲੈ ਕੇ ਦਿੱਤਾ ਹੈ ਅਤੇ ਇਸ ਫਲੈਟ ਦੀ ਮੁਰੰਮਤ ਅਤੇ ਪੀਣ ਵਾਲੇ ਪਾਣੀ ਦੀ ਸੁਵਿਧਾ 'ਤੇ 15 ਤੋਂ 20 ਹਜ਼ਾਰ ਰੁਪਏ ਦਾ ਖਰਚ ਆ ਗਿਆ ਹੈ। ਉਹ ਉਨ੍ਹਾਂ ਨੂੰ ਦੇ ਦੇਵੇ, ਨਹੀਂ ਤਾਂ ਉਨ੍ਹਾਂ ਨੂੰ ਇਥੇ ਰਹਿਣ ਦੀ ਕੁਝ ਮਹੀਨਿਆਂ ਦੀ ਮੋਹਲਤ ਦੇ ਦੇਵੇ ਤਾਂ ਕਿ ਉਹ ਆਪਣਾ ਪ੍ਰਬੰਧ ਕਰ ਸਕਣ ਪਰ ਇਸ ਨੇ  ਉਨ੍ਹਾਂ ਦੀ ਗੱਲ ਨਹੀਂ ਸੁਣੀ। ਸਗੋਂ ਇਸ ਜ਼ਿੱਦ 'ਤੇ ਅੜਿਆ ਰਿਹਾ ਕਿ ਉਹ ਨਾ ਤਾਂ ਫਲੈਟ 'ਤੇ ਲੱਗੇ ਪੈਸੇ ਦੇਵੇਗਾ ਅਤੇ ਨਾ ਹੀ ਰਹਿਣ ਦੀ ਮੋਹਲਤ ਦੇਵੇਗਾ। ਦੂਜੇ ਪਾਸੇ ਪਰਮਿੰਦਰ ਨੇ ਇਨ੍ਹਾਂ ਮਹਿਲਾਵਾਂ ਵਲੋਂ ਲਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਮਨਘੜਤ ਦੱਸਿਆ। ਨਾ ਹੀ ਉਨ੍ਹਾਂ ਨੇ ਕਦੇ ਇਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਫਲੈਟ ਨੂੰ ਖਾਲੀ ਕਰਵਾਉਣ ਸਬੰਧੀ ਜਿੰਨੀ ਵਾਰ ਵੀ ਫੋਨ 'ਤੇ ਗੱਲ ਹੋਈ, ਉਸ ਦੀ ਰਿਕਾਰਡਿੰਗ ਉਸ ਦੇ ਕੋਲ ਹੈ।
ਕੇਵਲ ਇਨਸਾਫ ਦੀ ਗੱਲ ਕੀਤੀ
ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਕੋਲ ਪੀੜਤ ਮਹਿਲਾਵਾਂ ਕੇਵਲ ਇਹ ਫਰਿਆਦ ਲੈ ਕੇ ਆਈਆਂ ਕਿ ਉਨ੍ਹਾਂ ਨਾਲ ਇਕ ਸੁੱਖੀ ਨਾਮਕ ਮਹਿਲਾ ਨੇ ਧੋਖਾ ਕਰਦਿਆਂ 20 ਹਜ਼ਾਰ ਦੀ ਨਕਦੀ ਲੈ ਲਈ ਅਤੇ ਇਕ ਫਲੈਟ 'ਚ ਬਿਠਾ ਦਿੱਤਾ। ਹੁਣ ਫਲੈਟ ਮਾਲਕ ਉਨ੍ਹਾਂ ਨੂੰ ਫਲੈਟ ਖਾਲੀ ਕਰਨ ਲਈ ਧਮਕਾ ਰਿਹਾ ਹੈ। ਉਹ ਤਾਂ ਇਹ ਚਾਹੁੰਦੀਆਂ ਹਨ ਕਿ ਕੇਵਲ ਕੁਝ ਮਹੀਨੇ ਦਾ ਸਮਾਂ ਮਿਲ ਜਾਵੇ ਤਾਂ ਕਿ ਉਹ ਆਪਣਾ ਪ੍ਰਬੰਧ ਕਰ ਸਕਣ। ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਇਨਸਾਫ ਦੀ ਗੱਲ ਕਰਦਿਆਂ ਪਰਮਿੰਦਰ ਸਿੰਘ ਨੂੰ ਇਹੀ ਕਿਹਾ ਕਿ ਇਨ੍ਹਾਂ ਪੀੜਤ ਮਹਿਲਾਵਾਂ ਨੂੰ ਕੁਝ ਸਮਾਂ ਦੇ ਦੇਣ। ਨਾ ਤਾਂ ਕਿਸੇ ਨੂੰ ਧਮਕਾਇਆ ਗਿਆ ਅਤੇ ਨਾ ਹੀ ਕਿਸੇ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ।
ਲੋਕ ਇਨਸਾਫ ਪਾਰਟੀ ਇਨਸਾਫ ਦੀ ਗੱਲ ਕਰੇ
ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਬਰਾੜ ਜੋ ਕਿ ਪੀੜਤ ਪਰਮਿੰਦਰ ਸਿੰਘ ਦੇ ਨਾਲ ਅੱਜ ਪੱਤਰਕਾਰ ਸੰਮੇਲਨ 'ਚ ਮੌਜੂਦ ਸੀ, ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਇਹ ਨੇਕ ਸਲਾਹ ਦਿੱਤੀ ਕਿ ਉਹ ਲੋਕ ਇਨਸਾਫ ਪਾਰਟੀ ਦੇ ਇੰਚਾਰਜ ਹਨ, ਇਨਸਾਫ ਦੀ ਗੱਲ ਕਰਨ ਨਾ ਕਿ ਪੱਖਪਾਤ ਕਰਨ। 


Related News