ਯੂਕ੍ਰੇਨ ਤੋਂ ਪਿੰਡ ਮੁੱਲਾਂਪੁਰ ਪੁੱਜੀ ਪਰਮਿੰਦਰ ਬੋਲੀ, ''ਤਿਰੰਗਾ ਬਣਿਆ ਸੁਰੱਖਿਆ ਕਵਚ, ਮੋਦੀ ਤੈਨੂੰ ਸਲਾਮ''

Monday, Mar 07, 2022 - 01:43 PM (IST)

ਯੂਕ੍ਰੇਨ ਤੋਂ ਪਿੰਡ ਮੁੱਲਾਂਪੁਰ ਪੁੱਜੀ ਪਰਮਿੰਦਰ ਬੋਲੀ, ''ਤਿਰੰਗਾ ਬਣਿਆ ਸੁਰੱਖਿਆ ਕਵਚ, ਮੋਦੀ ਤੈਨੂੰ ਸਲਾਮ''

ਮੁੱਲਾਂਪੁਰ ਦਾਖਾ (ਕਾਲੀਆ) : ਯੂਕ੍ਰੇਨ ਜੰਗ ਦੌਰਾਨ ਖਾਰਕੀਵ ’ਚ ਫਸੀ ਐੱਮ. ਬੀ. ਬੀ. ਐੱਸ. ਦੀ ਵਿਦਿਆਰਥਣ ਪਰਮਿੰਦਰ ਕੌਰ ਪੁੱਤਰੀ ਜਗਦੀਸ਼ ਸਿੰਘ ਆਪਣੇ ਪਿੰਡ ਮੁੱਲਾਂਪੁਰ ਸਹੀ-ਸਲਾਮਤ ਪੁੱਜ ਗਈ। ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਯੂਕ੍ਰੇਨ ਅਤੇ ਰੂਸ ’ਚ ਆਪਸੀ ਖਿੱਚੋਤਾਣ ਚੱਲ ਰਹੀ ਸੀ। ਜੰਗ ਹੋਣ ਦੀਆਂ ਸਾਨੂੰ ਖ਼ਬਰਾਂ ਤਾਂ ਮਿਲ ਰਹੀਆਂ ਸਨ ਪਰ 24 ਫਰਵਰੀ ਨੂੰ ਸਵੇਰੇ 5 ਵਜੇ ਜਦੋਂ ਇਕ ਮਿਜ਼ਾਈਲ ਸਾਡੇ ਫਲੈਟ ਸਾਹਮਣੇ ਡਿੱਗੀ, ਜਿਸ ਨੇ ਪੂਰਾ ਇਲਾਕਾ ਤਹਿਸ-ਨਹਿਸ ਕਰ ਦਿੱਤਾ ਅਤੇ ਸਾਡੀਆਂ ਫਲੈਟ ਦੀਆਂ ਕੰਧਾਂ ਤੱਕ ਹਿੱਲ ਗਈਆਂ ਅਤੇ ਸ਼ੀਸ਼ੇ ਟੁੱਟ ਗਏ ਤਾਂ ਮੈਂ ਹੱਕੀ-ਬੱਕੀ ਰਹਿ ਗਈ। ਇਹ ਮੰਜ਼ਰ ਦੇਖ ਕੇ ਮੈਂ ਡੌਰ-ਭੌਰ ਹੋ ਗਈ ਅਤੇ ਇਕੱਲੀ ਹੋਣ ਕਰ ਕੇ ਕੰਬ ਗਈ ਅਤੇ ਆਪਾ ਗੁਆ ਬੈਠੀ ਅਤੇ ਕਿਹਾ ਕਿ ਹਾਏ ਰੱਬਾ ਮੈਨੂੰ ਬਚਾਅ ਲੈ। ਇਸ ਮੰਜ਼ਰ ਤੋਂ ਬਾਅਦ ਬੰਬ ਬਾਰੀ ਇਸ ਤਰ੍ਹਾਂ ਸ਼ੁਰੂ ਹੋ ਗਈ, ਜਿਵੇਂ ਆਸਮਾਨ ਵਿਚ ਆਤਿਸ਼ਬਾਜ਼ੀਆਂ ਛੱਡੀਆਂ ਹੋਣ।

ਇਹ ਵੀ ਪੜ੍ਹੋ : ਜੰਗ ਦਾ ਅਸਰ : ਕੱਚੇ ਤੇਲ ਦੀ ਕੀਮਤ 125 ਡਾਲਰ ਪ੍ਰਤੀ ਬੈਰਲ ਪੁੱਜੀ, 13 ਸਾਲ 'ਚ ਸਭ ਤੋਂ ਉੱਚੇ ਪੱਧਰ 'ਤੇ

ਬੰਬਾਂ ਦੀ ਆਵਾਜ਼ ਨੇ ਸਾਡੇ ਕੰਨ ਬੋਲੇ ਕਰ ਦਿੱਤੇ ਅਤੇ ਸਾਡਾ ਇਕ ਗਰੁੱਪ ਬਣਾ ਕੇ ਬੰਕਰ ਵਿਚ ਬਿਠਾ ਦਿੱਤਾ ਅਤੇ 2 ਮਾਰਚ ਤੱਕ ਅਸੀਂ ਬੰਕਰਾਂ ਵਿਚ ਬੈਠੇ ਰਹੇ ਪਰ ਸਰਕਾਰ ਨੇ ਬਿਜਲੀ ਅਤੇ ਇੰਟਰਨੈੱਟ ਬਹਾਲ ਰੱਖਿਆ, ਜਿਸ ਜ਼ਰੀਏ ਅਸੀਂ ਆਪਣੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੂੰ ਸਹੀ ਸਲਾਮਤ ਦੀ ਖਬਰ ਦਿੰਦੇ ਰਹੇ। ਯੂਕ੍ਰੇਨ ਨੇ ਸਾਨੂੰ 4 ਘੰਟਿਆਂ ਲਈ ਸੁਰੱਖਿਅਤ ਬਾਹਰ ਨਿਕਲਣ ਦੀ ਸਲਾਹ ਦਿੱਤੀ ਅਤੇ ਅਸੀਂ 2 ਮਾਰਚ ਨੂੰ ਟਰੇਨ ਰਾਹੀਂ ਲਬੀਬ ਅਤੇ ਫਿਰ ਪੋਲੈਂਡ ਬਾਰਡਰ ’ਤੇ ਸਵੇਰੇ 3 ਵਜੇ ਪੁੱਜੇ। ਸਾਡੇ ਕੋਲ ਤਿਰੰਗਾ ਝੰਡਾ ਹੋਣ ਕਰ ਕੇ ਸਾਡੀ ਮਨਿਸਟਰ ਸਪੋਰਟ ਕੀਤੀ ਗਈ ਅਤੇ ਭਾਰਤ ਮਾਂ ਦਾ ਤਿਰੰਗਾ ਝੰਡਾ ਸਾਡਾ ਸੁਰੱਖਿਆ ਕਵਚ ਬਣਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੀ ਬਹੁਤ ਮਦਦ ਕੀਤੀ, ਜਿਨ੍ਹਾਂ ਦੀ ਬਦੌਲਤ ਅਸੀਂ ਯੂਕ੍ਰੇਨ ’ਚੋਂ ਨਿਕਲ ਕੇ ਭਾਰਤ ਵਾਪਸ ਪਹੁੰਚੇ ਅਤੇ ਭਾਰਤ ਸਰਕਾਰ ਨੇ ਸਾਨੂੰ ਬਿਨਾਂ ਖਰਚੇ ਤੋਂ ਇੰਡੀਗੋ ਜਹਾਜ਼ ਰਾਹੀਂ ਦਿੱਲੀ ਪਹੁੰਚਾਇਆ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਆਪਣੀ ਮਾਂ ਦੀ ਬੁੱਕਲ ਵਿਚ ਨਿੱਘ ਲੈ ਰਹੀ ਹਾਂ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਬਲਟਾਣਾ ਪੁੱਜੀ ਰੀਆ ਨੇ ਸੁਣਾਈ ਹੱਡਬੀਤੀ, 'ਸਾਇਰਨ ਵੱਜਦੇ ਹੀ ਬੰਕਰ 'ਚ ਭੇਜ ਦਿੱਤਾ ਜਾਂਦਾ ਸੀ'

ਪ੍ਰਧਾਨ ਮੰਤਰੀ ਮੋਦੀ ਦੀ ਬਦੌਲਤ ਸਾਨੂੰ ਖਾਣਾ, ਰਹਿਣਾ, ਟਿਕਟ ਆਦਿ ਫ੍ਰੀ ਦਿੱਤੀ ਗਈ। ਜੇ ਮੋਦੀ ਸਾਡੀ ਮਦਦ ਨਾ ਕਰਦੇ ਤਾਂ ਅਸੀਂ ਸ਼ਾਇਦ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹੁੰਦੇ। ਭਾਵੇਂ ਮੈਂ ਆਪਣੇ ਪਰਿਵਾਰ ਵਿਚ ਆ ਗਈ ਹਾਂ ਪਰ ਅਜੇ ਵੀ ਮਿਜ਼ਾਈਲਾਂ ਅਤੇ ਬੰਬਾਂ ਦੀ ਆਵਾਜ਼ ਸਾਡੇ ਕੰਨਾਂ ਵਿਚ ਗੂੰਜਦੀ ਹੈ। ਉਸ ਨੇ ਦੱਸਿਆ ਕਿ ਉਹ 2 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਯੂਕ੍ਰੇਨ ਪੁੱਜੀ ਸੀ ਅਤੇ ਉਸ ਦਾ ਫਾਈਨਲ ਸਮੈਸਟਰ ਚੱਲ ਰਿਹਾ ਸੀ। ਜੇਕਰ ਜੰਗ ਨਾ ਲੱਗਦਾ ਤਾਂ ਮੈਂ ਡਾਕਟਰ ਦੀ ਡਿਗਰੀ ਲੈ ਕੇ ਆਉਣਾ ਸੀ। ਮੇਰਾ ਸੁਪਨਾ ਦਫਨ ਹੋ ਕੇ ਰਹਿ ਗਿਆ। ਉਸ ਨੇ ਦੱਸਿਆ ਕਿ ਅਜੇ ਵੀ ਕਾਫੀ ਬੱਚੇ ਯੂਕ੍ਰੇਨ ’ਚ ਫਸੇ ਹੋਏ ਹਨ ਅਤੇ ਭਾਰਤ ਸਰਕਾਰ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਉਪਰਾਲੇ ਕਰ ਰਹੀ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਜੋ ਕਾਰਜ ਇਸ ਮੁਸੀਬਤ ਵਿਚ ਸਾਡੇ ਮਾਂ-ਬਾਪ ਨਹੀਂ ਸੀ ਕਰ ਸਕਦੇ ਉਹ ਮੋਦੀ ਨੇ ਕਰ ਦਿਖਾਇਆ। ਮੇਰਾ ਪ੍ਰਧਾਨ ਮੰਤਰੀ ਮੋਦੀ ਨੂੰ ਸਲਾਮ ਹੈ। ਇਸ ਸਮੇਂ ਪਰਮਿੰਦਰ ਕੌਰ ਦੀ ਮਾਤਾ ਰਾਜਵਿੰਦਰ ਕੌਰ, ਭੈਣ ਮਨਜੋਤ ਕੌਰ, ਦਾਦੀ ਅਜੀਤ ਕੌਰ, ਫੁੱਫੜ ਯੁਗੇਸ਼ ਸਹਾਰਨ, ਭੁਆ ਨਰਿੰਦਰ ਕੌਰ ਅਤੇ ਚਾਚਾ ਜੁਗਿੰਦਰ ਸਿੰਘ ਨੇ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਸਰਕਾਰ ਨੂੰ ਦਿਲੋਂ ਸਲੂਟ ਕਰਦਿਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਮੋਦੀ ਨੇ ਭਾਰਤ ਮਾਂ ਦਾ ਸਪੂਤ ਹੋਣ ਦਾ ਮਾਣ ਹਾਸਲ ਕਰ ਕੇ ਪੂਰੇ ਵਿਸ਼ਵ ਵਿਚ ਆਪਣਾ ਮਾਣ ਵਧਾ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News