ਪਰਮਿੰਦਰ ਢੀਂਡਸਾ ਨੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ

Wednesday, Jun 10, 2020 - 05:29 PM (IST)

ਸੰਗਰੂਰ (ਸਿੰਗਲਾ) : ਕੋਵਿਡ-19 ਮਹਾਮਾਰੀ ਕਾਰਣ ਜਿਥੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਮਜ਼ਦੂਰਾਂ, ਵਪਾਰੀਆਂ ਅਤੇ ਆਮ ਜਨਤਾ ਨੂੰ ਬਹੁਤ ਗੰਭੀਰ ਸੰਕਟ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਇਨ੍ਹਾਂ ਹਾਲਾਤ ਉੱਪਰ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਉਨ੍ਹਾਂ ਦੀ ਰਿਹਾਇਸ਼ ਵਿਖੇ ਸੀਨੀਅਰ ਅਕਾਲੀ ਆਗੂਆਂ, ਚੋਣਵੇਂ ਕਿਸਾਨਾਂ, ਮਜ਼ਦੂਰਾਂ ਤੇ ਵਪਾਰ ਮੰਡਲ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ਦੀ ਕਾਪੀ ਡਿਪਟੀ ਕਮਿਸ਼ਨਰ ਜ਼ਿਲ੍ਹਾ ਸੰਗਰੂਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜ ਕੇ ਕਿਹਾ ਗਿਆ ਕਿ ਉਮੀਦ ਕਰਦੇ ਹਾਂ ਕਿ ਤੁਸੀ ਇਨ੍ਹਾਂ ਉੱਪਰ ਗੌਰ ਫਰਮਾਉਂਦੇ ਹੋਏ ਹੱਲ ਕਰਨ ਦੀ ਕੋਸ਼ਿਸ਼ ਕਰੋਗੇ।

ਪਾਸ ਕੀਤੇ ਮਤੇ
1. ਕੇਂਦਰ ਸਰਕਾਰ ਨੇ ਕਿਸਾਨ ਸੁਧਾਰ ਨਾਂ ਉੱਪਰ ਤਿੰਨ ਆਰਡੀਨੈਂਸਾਂ ਦੇ ਅਮਲ ਨਾਲ ਜਿਥੇ ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਉੱਪਰ ਅਸਰ ਪਵੇਗਾ, ਉੱਥੇ ਕਿਸਾਨਾਂ ਦੀ ਨਿਸ਼ਚਿਤ ਆਮਦਨ ਵੀ ਅਨਿਸ਼ਚਤ ਹੋ ਜਾਵੇਗੀ। ਸਿਤਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਉਸ ਢੰਗ ਨਾਲ ਠੋਕ ਕੇ ਮੁਖਾਲਫਤ ਨਹੀਂ ਕੀਤੀ ਜੋ ਕਿਸਾਨਾਂ ਦੇ ਹਿੱਤਾ ਲਈ ਕਰਨੀ ਬਣਦੀ ਸੀ। ਅੱਜ ਦੀ ਮੀਟਿੰਗ ਜਿੱਥੇ ਕੇਂਦਰ ਸਰਕਾਰ ਦੇ ਖੇਤੀ ਨਾਲ ਸਬੰਧਤ ਆਰਡੀਨੈਸਾਂ ਦੀ ਸਖਤ ਵਿਰੋਧਤਾ ਕਰਦੀ ਹੈ, ਉਥੇ ਹੀ ਕੈਪਟਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਖੇਤੀ ਤੇ ਮੰਡੀ ਢਾਂਚੇ ਨੂੰ ਨੁਕਸਾਨ ਤੋਂ ਬਚਾਉਣ ਲਈ ਤਕੜੇ ਫ਼ੈਸਲੇ ਲਵੋਗੇ। 
2. ਅੱਜ ਦੀ ਮੀਟਿੰਗ ਮਤਾ ਪਾਸ ਕਰਕੇ ਤੈਅ ਕਰਦੀ ਹੈ ਕਿ ਖੇਤੀ ਟਿਊਬਵੈੱਲਾਂ ਦੇ ਬਿੱਲ ਲਾਗੂ ਕਰਨ ਦੇ ਕਿਸੇ ਵੀ ਯਤਨ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। 
3. ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਨੁੰ ਦਰਪੇਸ਼ ਦਿੱਕਤਾ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਘੱਟੋ-ਘੱਟ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।
4. ਇਸ ਮੌਕੇ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਸ਼ਰਾਬ ਘੋਟਾਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਲੋਕਾਂ ਸਾਹਮਣੇ ਸੱਚਾਈ ਪੇਸ਼ ਕਰਕੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
5. ਇਸ ਦੌਰਾਨ ਮੰਗ ਮੰਗ ਕੀਤੀ ਗਈ ਕਿ ਨਕਲੀ ਬੀਜ ਘੁਟਾਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆ ਨੂੰ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇ।
6. ਅੱਜ ਦੀ ਮੀਟਿੰਗ ਵਿੱਚ ਪਾਸ ਕੀਤੇ ਮਤੇ ਰਾਹੀਂ ਮੰਗ ਕੀਤੀ ਗਈ ਕਿ ਸਿਹਤ ਖੇਤਰ ਦੇ ਮੁੱਢਲੇ ਢਾਂਚੇ ਉੱਪਰ ਖਰਚ ਕਰਨ ਦੇ ਨਾਲ ਨਾਲ ਗਰੀਬ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਬਿਪਤਾ ਮੌਕੇ ਸਰਕਾਰ ਨੂੰ ਅੱਗੇ ਆਕੇ ਮੱਦਦ ਕਰਨੀ ਚਾਹੀਦੀ ਹੈ।


Gurminder Singh

Content Editor

Related News