ਬੇਅਦਬੀ ਮਾਮਲਿਆਂ ''ਤੇ ਮੁਆਫ਼ੀ ਮੰਗੇ ਅਕਾਲੀ ਦਲ : ਪਰਮਿੰਦਰ ਢੀਂਡਸਾ

01/06/2020 6:40:01 PM

ਸੰਗਰੂਰ (ਵਿਵੇਕ ਸਿੰਧਵਾਨੀ) : ਵਿਧਾਨ ਸਭਾ 'ਚ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਪਰਮਿੰਦਰ ਢੀਂਡਸਾ ਹੁਣ ਖੁੱਲ੍ਹ ਕੇ ਬਾਦਲਾਂ ਖਿਲਾਫ ਮੈਦਾਨ 'ਚ ਨਿੱਤਰ ਆਏ ਹਨ। ਢੀਂਡਸਾ ਨੇ ਕਿਹਾ ਕਿ ਜਦੋਂ ਬੇਅਦਬੀ ਦੇ ਮਾਮਲੇ ਵਾਪਰੇ ਸਨ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸੀ, ਇਸ ਲਈ ਇਨ੍ਹਾਂ ਮਾਮਲਿਆਂ 'ਤੇ ਸ਼੍ਰੋਮਣੀ ਅਕਾਲੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਤੋਂ ਜਦੋਂ ਇਹ ਪੁੱਛਿਆ ਕਿ ਤੁਸੀਂ ਵਿਧਾਇਕ ਦਲ ਦੇ ਨੇਤਾ ਤੋਂ ਅਸਤੀਫਾ ਦਿੱਤਾ ਪਰ ਵਿਧਾਇਕ ਦੇ ਅਹੁਦੇ ਤੋਂ ਕਿਉਂ ਨਹੀਂ ਤਾਂ ਢੀਂਡਸਾ ਨੇ ਕਿਹਾ ਕਿ ਵਿਧਾਇਕ ਦਲ ਦੇ ਅਹੁਦੇ ਤੋਂ ਅਸਤੀਫਾ ਉਨ੍ਹਾਂ ਨੇ ਪਾਰਟੀ ਦੇ ਗੈਰ-ਸਿਧਾਂਤਕ ਢੰਗ ਤਰੀਕਿਆਂ ਕਰਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਅਹੁਦੇ ਤੋਂ ਅਸਤੀਫਾ ਕਿਉਂ ਦੇਣ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਅਜਿਹੇ ਹਾਲਾਤ 'ਚ ਚੁਣ ਕੇ ਭੇਜਿਆ ਹੈ ਜਦੋਂਕਿ ਅਕਾਲੀ ਦਲ ਦੇ ਗਿਣਤੀ ਦੇ ਲੀਡਰ ਜਿੱਤੇ ਅਤੇ ਬਾਕੀ ਦੇ ਸਭ ਚੋਣ ਹਾਰ ਗਏ ਸਨ। ਉਨ੍ਹਾਂ ਕਿਹਾ ਕਿ ਚੋਣਾਂ 'ਚ ਇਕੱਲੀ ਜਿੱਤ ਲਈ ਪਾਰਟੀ ਹੀ ਨਹੀਂ ਸਗੋਂ ਜਿੱਤਣ ਵਾਲੇ ਉਮੀਦਵਾਰਾਂ ਦਾ ਅਕਸ ਵੀ ਭਾਰੂ ਰਿਹਾ ਹੈ। ਜੇਕਰ ਇਲਾਕੇ ਦੀ ਸੰਗਤ ਇਹ ਚਾਹੇਗੀ ਕਿ ਉਹ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਤਾਂ ਹੀ ਉਹ ਅਸਤੀਫਾ ਦੇਣਗੇ।

ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਮਿੰਦਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹਨ। ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪਾਰਟੀ ਅੰਦਰ ਸਿਧਾਂਤਾਂ ਦੀ ਗੱਲ ਕੀਤੀ ਹੈ। ਇਸ ਨਾਲ ਹੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਆਦਿ ਸਿਧਾਂਤਾਂ ਨੂੰ ਲੈ ਕੇ ਆਪਣੀ ਗੱਲ ਕਹੀ ਹੈ। ਇਨ੍ਹਾਂ ਮੁੱਦਿਆਂ 'ਤੇ ਕਈ ਵਾਰ ਮੇਰੀ ਉਨ੍ਹਾਂ ਨਾਲ ਗੱਲਬਾਤ ਹੁੰਦੀ ਰਹੀ ਹੈ। 

ਉਨ੍ਹਾਂ ਕਿਹਾ ਕਿ ਉਹ ਦੋ ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਚੁਣੇ ਗਏ ਹਨ। ਉਹ ਫੈਸਲਾ ਲੈਣ ਦੀ ਖੁਦ ਸਮਰੱਥਾ ਰੱਖਦੇ ਹਨ। ਢੀਂਡਸਾ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ, ਇਸ ਲਈ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਤੋਂ ਭਟਕ ਰਿਹਾ ਹੈ ਤਾਂ ਸੁਖਦੇਵ ਸਿੰਘ ਢੀਂਡਸਾ ਨੂੰ ਇਹ ਰਸਤਾ ਅਖਤਿਆਰ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹਨ। ਪਾਰਟੀ ਦੇ ਅੰਦਰ ਕਈ ਵਾਰ ਮੁੱਦੇ ਢੀਂਡਸਾ ਨੇ ਉਠਾਏ ਪਰ ਸੁਣਵਾਈ ਨਹੀਂ ਹੋਈ। ਇਸ 'ਤੇ ਢੀਂਡਸਾ ਨੇ ਉਨ੍ਹਾਂ ਨਾਲ ਗੱਲ ਸਾਂਝੀ ਕਰਦਿਆਂ ਕਿਹਾ ਕਿ ਕਦੇ ਵੀ ਆਪਣੀ ਜ਼ਮੀਰ ਨੂੰ ਮਾਰ ਕੇ ਕਿਸੇ ਲਾਲਚ ਵਸ ਸਿਧਾਂਤਾਂ ਦੀ ਅਤੇ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦੀ ਬਲੀ ਨਹੀਂ ਦਿੱਤੀ ਜਾ ਸਕਦੀ। ਜਦੋਂ ਪਰਮਿੰਦਰ ਸਿੰਘ ਢੀਂਡਸਾ ਤੋਂ ਇਹ ਪੁੱਛਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ 'ਤੇ ਢੀਂਡਸਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ।


Gurminder Singh

Content Editor

Related News