ਵਿਧਾਇਕਿ ਸੰਦੋਆ ਦੇ ਮਾਮਲੇ ''ਚ ਸਰਕਾਰ ਤੱਥਾਂ ਨੂੰ ਲੋਕਾਂ ਸਾਹਮਣੇ ਲੈ ਕੇ ਆਵੇ : ਪਰਮਿੰਦਰ ਢੀਂਡਸਾ
Monday, Jun 25, 2018 - 11:54 AM (IST)
ਸੁਨਾਮ ਊਧਮ ਸਿੰਘ ਵਾਲਾ (ਮੰਗਲਾ) :- ਪੰਜਾਬ ਦੇ ਸਾਬਕਾ ਵਿਤ ਮੰਤਰੀ ਅਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ 'ਤੇ ਹੋਏ ਹਮਲੇ ਨੂੰ ਗਲਤ ਕਰਾਰ ਦਿੱਤਾ ਅਤੇ ਕਿਹਾ ਕਿ ਕੁੱਟਮਾਰ ਕਿਸੇ ਗੱਲ ਦਾ ਹੱਲ ਨਹੀਂ ਤੇ ਸਰਕਾਰ ਅਤੇ ਪੁਲਸ ਨੂੰ ਇਸ ਮਾਮਲੇ ਦੇ ਸਾਰੇ ਤੱਥਾਂ ਨੂੰ ਇਮਾਨਦਾਰੀ ਦੇ ਨਾਲ ਲੋਕਾਂ ਦੇ ਸਾਹਮਣੇ ਉਜਾਗਰ ਕਰਨਾ ਚਾਹੀਦਾ ਹੈ। ਅਕਾਲੀ ਦਲ ਦੀ ਮੰਗ ਹੈ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਇਹ ਪੂਰਾ ਮਾਮਲਾ ਕੀ ਹੈ, ਇਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ । ਉਨ੍ਹਾਂ ਨੇ 'ਜਗ ਬਾਣੀ' ਨਾਲ ਗਲਬਾਤ ਕਰਦਿਆਂ ਕਿਹਾ ਕਿ ਸਰਕਾਰ ਸਹੀ ਮਾਇਨਿਆ 'ਚ ਲੋਕਾਂ ਦਾ ਵਿਸ਼ਵਾਸ਼ ਖੋ ਰਹੀ ਹੈ। ਘਰ ਘਰ ਨੌਕਰੀ ਦੇ ਮਾਮਲੇ 'ਚ ਨੌਜਵਾਨਾਂ ਨਾਲ ਮਜ਼ਾਕ ਕੀਤਾ ਗਿਆ, ਕੋਈ ਨੌਕਰੀ ਨਹੀ ਮਿਲੀ ਬਲਕਿ ਪੰਜਾਬ 'ਚ ਬੇਰੁਜ਼ਗਾਰੀ ਵਿਚ ਵਾਧਾ ਹੋਇਆ। ਪੰਜਾਬ 'ਚ ਅਰਾਜਕਤਾ ਵਰਗਾ ਮਾਹੌਲ ਬਣ ਗਿਆ ਹੈ। ਸਰਕਾਰ ਨੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦੀ ਗੱਲ ਕਹੀ ਸੀ ਤੇ ਹੁਣ ਇਸ ਵਾਅਦੇ ਤੋਂ ਵੀ ਭੱਜ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪ੍ਰਿਤਪਾਲ ਸਿੰਘ ਹਾਂਡਾ, ਠੇਕੇਦਾਰ ਨਰਿੰਦਰ ਸਿੰਘ, ਸੁਰਿੰਦਰ ਸਿੰਘ ਘਾਸੀਵਾਲਾ, ਮਾਸਟਰ ਦਲਜੀਤ ਸਿੰਘ ਆਦਿ ਹਾਜ਼ਰ ਸਨ ।
