ਅੰਗ੍ਰੇਜ਼ਾਂ ਕੋਲੋਂ ਮਾਫੀਆਂ ਮੰਗਣ ਵਾਲਿਆਂ ਦੇ ਬੁੱਤ ਤਾਂ ਸਰਕਾਰਾਂ ਨੇ ਸੰਸਦ ’ਚ ਲਾਏ ਪਰ ਸ਼ਹੀਦਾਂ ਨੂੰ ਵਿਸਾਰਿਆ: ਮਾਨ
Saturday, Jul 31, 2021 - 09:40 PM (IST)
ਸੰਗਰੂਰ/ਸੁਨਾਮ ਊਧਮ ਸਿੰਘ ਵਾਲਾ(ਬੇਦੀ)- ਸ਼ਹੀਦ ਊਧਮ ਸਿੰਘ ਦੇ ਸ਼ਹਾਦਤ ਦਿਵਸ ’ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂਆਂ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸਥਾਨਕ ਵਿਧਾਇਕ ਅਮਨ ਅਰੋੜਾ ਨੇ ਸ਼ਹੀਦ ਊਧਮ ਸਿੰਘ ਦੇ ਸ਼ਹਾਦਤ ਦਿਵਸ ’ਤੇ ਸ਼ਨੀਵਾਰ ਨੂੰ ਸੁਨਾਮ ਊਧਮ ਸਿੰਘ ਵਾਲਾ ਵਿਖੇ ਸ਼ਹੀਦ ਦੇ ਜੱਦੀ ਘਰ ’ਚ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਹ ਵੀ ਪੜ੍ਹੋ- ਅਡਾਨੀ ਦਾ ਪੰਜਾਬ ’ਚ ਇਹ ਪ੍ਰਾਜੈਕਟ ਬੰਦ ਕਰਨ ਦਾ ਫ਼ੈਸਲਾ, 400 ਲੋਕਾਂ ਦੀਆਂ ਨੌਕਰੀਆਂ ’ਤੇ ਲਟਕੀ ਤਲਵਾਰ
ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਭਗਵੰਤ ਮਾਨ ਨੇ ਕਿਹਾ, ‘ਦੇਸ਼ ਦੀਆਂ ਸਰਕਾਰਾਂ ਨੇ ਅੰਗਰੇਜ਼ਾਂ ਕੋਲੋਂ ਮਾਫੀਆਂ ਮੰਗਣ ਵਾਲਿਆਂ ਦੇ ਬੁੱਤ ਤਾਂ ਸੰਸਦ ’ਚ ਲਾਏ ਹੋਏ ਹਨ ਪਰ ਆਜ਼ਾਦੀ ਸੰਘਰਸ਼ ਲਈ ਸ਼ਹੀਦ ਹੋਣ ਵਾਲੇ ਸੂਰਮਿਆਂ ਨੂੰ ਵਿਸਾਰਿਆ ਹੋਇਆ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਆਪਣੇ ਐੱਮ. ਪੀ. ਫੰਡ ’ਚੋਂ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਨੂੰ ਸ਼ਵ-ਯਾਤਰਾ ਵਾਹਨ ਦੇਣ ਦਾ ਐਲਾਨ ਕੀਤਾ ਹੈ।
ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੇ ਪੰਜਾਬ ਦੀ ਅਣਖ਼ ਨੂੰ ਦੁਨੀਆ ’ਚ ਜ਼ਿੰਦਾ ਰੱਖਿਆ : ਹਰਪਾਲ ਚੀਮਾ
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੇ ਪੰਜਾਬ ਦੀ ਅਣਖ਼ ਨੂੰ ਦੁਨੀਆ ’ਚ ਜ਼ਿੰਦਾ ਰੱਖਿਆ ਹੈ।
ਇਹ ਵੀ ਪੜ੍ਹੋ- ਵਿਧਾਨ ਸਭਾ ਚੋਣਾਂ 'ਚ ਜਿੱਤ ਨੂੰ ਪੱਕਾ ਕਰਨ ਲਈ ਸਰਕਾਰ ਤੇ ਪਾਰਟੀ ਲੀਡਰਸ਼ਿਪ ਮਿਲ ਕੇ ਕਰੇਗੀ ਕੰਮ : ਕੈਪਟਨ
ਸ਼ਹੀਦ ਊਧਮ ਸਿੰਘ ਦੇ ਸਾਰੇ ਯੋਗ ਵਾਰਿਸਾਂ ਨੂੰ ਵੀ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ : ਵਿਧਾਇਕ ਅਰੋੜਾ
ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਜਿਸ ਨੀਤੀ ਪਾਲਿਸੀ ਅਧੀਨ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ, ਕਾਂਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੀ ਮਿਹਰਬਾਨੀ ਕੀਤੀ ਜਾ ਰਹੀ ਸੀ, ਉਸੇ ਨੀਤੀ ਅਧੀਨ ਸ਼ਹੀਦ ਊਧਮ ਸਿੰਘ ਦੇ ਸਾਰੇ ਯੋਗ ਵਾਰਿਸਾਂ ਨੂੰ ਵੀ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ। ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਸਿਰਤਾਜ ਸ਼ਹੀਦਾਂ ਦੇ ਪਰਿਵਾਰ ਦਰ-ਦਰ ਠੋਕਰਾਂ ਖਾ ਰਹੇ ਹਨ ਪਰ ਸੱਤਾ ਦਾ ਸੁੱਖ ਭੋਗ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀਆਂ ਵੰਡੀਆਂ ਜਾ ਰਹੀਆਂ ਹਨ।