ਕੈਪਟਨ ਨੇ ਜਗਮੀਤ ਬਰਾੜ ਦੀ ''ਵਟਸਐੱਪ ਚੈੱਟ'' ਜਨਤਕ ਕਰਕੇ ਗਲਤ ਕੰਮ ਕੀਤਾ : ਬਾਦਲ
Saturday, Apr 20, 2019 - 05:39 PM (IST)

ਮਲੋਟ (ਗੋਇਲ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਫਤੂਹੀ ਖੇੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪੰਜਾਬ 'ਚ ਅੱਤਵਾਦ ਦੀ ਜਨਮਦਾਤਾ ਰਹੀ ਹੈ। ਪੰਜਾਬ 'ਚ ਅੱਤਵਾਦ ਫੈਲਾਉਣ ਪਿੱਛੇ ਕਾਂਗਰਸ ਦਾ ਹੱਥ ਸੀ। ਹੁਣ ਵੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਗਰਮਦਲੀਆਂ ਨੂੰ ਸਮਰਥਨ ਦੇ ਰਹੀ ਹੈ ਅਤੇ ਪੰਜਾਬ ਦੇ ਹਾਲਾਤ ਖਰਾਬ ਕਰਨ 'ਤੇ ਲੱਗੀ ਹੈ। ਬਾਦਲ ਪੱਤਰਕਾਰਾਂ ਦੇ ਉਹ ਸਵਾਲਾਂ ਦੇ ਜਵਾਬ ਦੇ ਰਹੇ ਸਨ, ਜਿਸ 'ਚ ਧਿਆਨ ਸਿੰਘ ਮੰਡ ਵੱਲੋਂ ਐੱਸ. ਆਈ. ਟੀ. ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਚੋਣ ਕਮਿਸ਼ਨ ਤੋਂ ਬਹਾਲੀ ਨੂੰ ਲੈ ਕੇ ਧਰਨਾ ਲਗਾਉਣ ਦੇ ਸਬੰਧ 'ਚ ਪ੍ਰਤੀਕਰਮ ਜਾਣ ਰਹੇ ਸਨ।
ਸ. ਬਾਦਲ ਨੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਮੀਤ ਸਿੰਘ ਬਰਾੜ ਦੇ ਮੌਕਾਪ੍ਰਸਤ ਕਹੇ ਜਾਣ 'ਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਖੁਦ ਭਾਜਪਾ ਛੱਡ ਕੇ ਕਾਂਗਰਸ 'ਚ ਗਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ ਦਲ ਤੋਂ ਟਿਕਟ ਨਾ ਮਿਲਣ 'ਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਗਿਆ ਸੀ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਜਗਮੀਤ ਸਿੰਘ ਬਰਾੜ ਦੀ 'ਵਟਸਐੱਪ ਚੈੱਟ' ਜਨਤਕ ਕੀਤੀ ਹੈ, ਉਹ ਬਿਲਕੁੱਲ ਗਲਤ ਹੈ, ਇਸ ਗੱਲ ਨੂੰ ਜਨਤਕ ਕਰਨਾ ਇਕ ਧੋਖਾ ਹੈ। ਇੱਕ ਸਵਾਲ ਦੇ ਜਵਾਬ 'ਚ ਸ. ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਨੇ ਪੰਚਾਇਤੀ ਚੋਣਾਂ ਅਤੇ ਹੋਰ ਚੋਣਾਂ 'ਚ ਧੱਕੇਸ਼ਾਹੀ ਕੀਤੀ ਸੀ, ਉਨ੍ਹਾਂ ਨੂੰ ਉਮੀਦ ਹੈ ਕਿ ਲੋਕਸਭਾ ਚੋਣਾਂ ਕਾਂਗਰਸ ਇਸ ਤਰ੍ਹਾਂ ਨਹੀਂ ਕਰੇਗੀ, ਕਿਉਂਕਿ ਚੋਣ ਕਮਿਸ਼ਨ ਨੇ ਕਈ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਹਨ। ਜਿਸ ਨਾਲ ਅਧਿਕਾਰੀ ਕਾਂਗਰਸ ਦੇ ਧੱਕੇਸ਼ਾਹੀ ਆਦੇਸ਼ਾਂ ਨੂੰ ਨਹੀ ਮੰਨਣਗੇ।