ਬਾਦਲਾਂ ਦਾ ਲੁਧਿਆਣਾ ਤੋਂ ਮੋਹ ਹੋਇਆ ਭੰਗ!

Sunday, May 26, 2019 - 06:44 PM (IST)

ਬਾਦਲਾਂ ਦਾ ਲੁਧਿਆਣਾ ਤੋਂ ਮੋਹ ਹੋਇਆ ਭੰਗ!

ਲੁਧਿਆਣਾ (ਜ.ਬ.) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਲੁਧਿਆਣੇ ਤੋਂ ਮੋਹ ਭੰਗ ਹੋ ਗਿਆ ਜਾਪਦਾ ਹੈ। ਇਸ ਗੱਲ ਦੀ ਚਰਚਾ ਕੋਈ ਹੋਰ ਨਹੀਂ ਸਗੋਂ ਅਕਾਲੀ ਨੇਤਾ ਹੀ ਕਰ ਰਹੇ ਹਨ ਕਿਉਂਕਿ ਬਾਦਲ ਜੋੜੀ ਲੋਕ ਸਭਾ ਚੋਣ ਦੇ ਚੱਲਦਿਆਂ ਪਾਰਟੀ ਉਮੀਦਵਾਰ ਮਹੇਸ਼ ਇੰਦਰ ਸਿੰਘ ਗਰੇਵਾਲ ਦੀ ਚੋਣ ਨੂੰ ਹੁਲਾਰਾ ਦੇਣ ਲਈ ਲੁਧਿਆਣੇ ਆਉਣਾ ਤਾਂ ਇਕ ਪਾਸੇ ਲੁਧਿਆਣੇ ਦੇ ਨੇੜੇ ਤੋਂ ਵੀ ਨਹੀਂ ਲੰਘੀ। ਪਾਰਟੀ ਪ੍ਰਧਾਨ ਅਤੇ ਸ. ਬਾਦਲ ਪੰਜਾਬ 'ਚ ਸ. ਅਟਵਾਲ, ਸ. ਢੀਂਡਸਾ, ਸ. ਰੱਖੜਾ, ਗੁਰੂ, ਰਣੀਕੇ, ਬੀਬੀ ਬਾਦਲ ਆਦਿ ਦੇ ਹੱਕ 'ਚ ਰੈਲੀਆਂ ਕਰ ਗਏ ਜਦਕਿ ਲੁਧਿਆਣਾ ਜੋ ਮਾਇਆ ਨਗਰੀ ਹੈ, ਇਸ ਤੋਂ ਸ਼ਾਇਦ ਰਾਜਸੀ ਜੀਵਨ 'ਚ ਪਹਿਲੀ ਵਾਰ ਬਾਦਲਾਂ ਨੇ ਆਉਣ ਤੋਂ ਪਾਸਾ ਵੱਟਿਆ ਹੋਵੇ।
ਇਸ ਦੌਰਾਨ ਚੋਣ ਪ੍ਰਚਾਰ ਦੇ ਵਿਚਕਾਰ ਬਿਕਰਮ ਮਜੀਠੀਆ ਜ਼ਰੂਰ ਆਏ ਪਰ ਉਨ੍ਹਾਂ ਦੀ ਤਮੰਨਾ ਸੀ ਕਿ ਬੈਂਸਾਂ ਦੇ ਗੜ੍ਹ 'ਚ ਰੋਡ ਸ਼ੋਅ ਕੱਢਿਆ ਜਾਵੇ ਪਰ ਸਥਾਨਕ ਨੌਜਵਾਨ ਘੁੰਮਾਰ ਮੰਡੀ 'ਚ ਇਹ ਕਾਰਜ ਲਈ ਅੜੇ ਰਹੇ। ਜਿਸਦਾ ਲਾਭ ਨਹੀਂ ਮਿਲ ਸਕਿਆ। ਬਾਦਲ ਦਾ ਚੋਣਾਂ ਦੌਰਾਨ ਲੁਧਿਆਣੇ ਤੋਂ ਪਾਸਾ ਵੱਟਣਾ ਅਤੇ ਆਪਣੇ ਸਲਾਹਕਾਰ ਦੀ ਮਦਦ 'ਤੇ ਨਾ ਆਉਣਾ ਇਹ ਸੰਕੇਤ ਦਿੰਦਾ ਹੈ ਕਿ ਉਨ੍ਹਾਂ ਦਾ ਹੁਣ ਲੁਧਿਆਣੇ ਤੋਂ ਮੋਹ ਭੰਗ ਹੋ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਬਾਦਲਕਿਆਂ ਨੂੰ ਇਸ ਗੱਲ ਦਾ ਵੀ ਇਲਮ ਹੋ ਗਿਆ ਹੈ ਕਿ ਲੁਧਿਆਣੇ ਵਿਚ ਬੈਂਸਾਂ ਅਤੇ ਬਿੱਟੂ ਦਾ ਦਬਦਬਾ ਬਰਕਰਾਰ ਹੈ।


author

Gurminder Singh

Content Editor

Related News