ਪੰਜਾਬ ਦੀ ਸਿਆਸਤ 'ਚ ਹਲਚਲ! ਪਰਗਟ ਸਿੰਘ ਤੇ ਕਿੱਕੀ ਢਿੱਲੋਂ ਨੇ ਦਿੱਤਾ ਅਸਤੀਫ਼ਾ
Wednesday, Jun 25, 2025 - 09:07 AM (IST)

ਚੰਡੀਗੜ੍ਹ: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਨਤੀਜੇ ਮਗਰੋਂ ਪੰਜਾਬ ਦੀ ਸਿਆਸਤ ਹੋਰ ਵੀ ਜ਼ਿਆਦਾ ਭੱਖ ਗਈ ਹੈ। ਹਾਰ ਮਗਰੋਂ ਪੰਜਾਬ ਕਾਂਗਰਸ ਦੇ ਵਿਚ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੇ ਸੀਨੀਅਰ ਲੀਡਰਾਂ ਪਰਗਟ ਸਿੰਘ ਅਤੇ ਕਿੱਕੀ ਢਿੱਲੋਂ ਵੱਲੋਂ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਵੀ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਇਨ੍ਹਾਂ ਮੰਤਰੀਆਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ!
ਜਾਣਕਾਰੀ ਮੁਤਾਬਕ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਅਤੇ ਫ਼ਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਆਲ-ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਆਪਣੇ ਅਸਤੀਫ਼ੇ ਭੇਜ ਦਿੱਤੇ ਹਨ। ਫ਼ਿਲਹਾਲ ਇਸ ਬਾਰੇ ਕਿਸੇ ਵੀ ਕਾਂਗਰਸੀ ਲੀਡਰ ਨੇ ਕੋਈ ਬਿਆਨ ਨਹੀਂ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿੱਕੀ ਢਿੱਲੋਂ ਇਸ ਵੇਲੇ ਆਸਟ੍ਰੇਲੀਆ ਵਿਚ ਹਨ ਤੇ ਉਨ੍ਹਾਂ ਨੇ ਈ-ਮੇਲ ਰਾਹੀਂ ਆਪਣਾ ਅਸਤੀਫ਼ਾ ਭੇਜਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ 'ਚ ਫੇਰਬਦਲ ਦੀ ਤਿਆਰੀ! ਸੰਜੀਵ ਅਰੋੜਾ ਤੋਂ ਇਲਾਵਾ ਹੋਰ ਵਿਧਾਇਕ ਵੀ ਬਣ ਸਕਦੇ ਹਨ ਮੰਤਰੀ
ਇੱਥੇ ਦੱਸ ਦਈਏ ਕਿ ਲੁਧਿਆਣਾ ਜ਼ਿਮਨੀ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਤੋਂ 10 ਹਜ਼ਾਰ ਤੋਂ ਵੀ ਵੱਧ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਇਸ ਤੋਂ ਬਾਅਦ ਆਸ਼ੂ ਨੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਨ੍ਹਾਂ ਚੋਣਾਂ ਦੇ ਪ੍ਰਚਾਰ ਦੌਰਾਨ ਕਾਂਗਰਸ ਦੀ ਧੜੇਬੰਦੀ ਇਕ ਵਾਰ ਫ਼ਿਰ ਖੁੱਲ੍ਹ ਕੇ ਸਾਹਮਣੇ ਆਈ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਣੇ ਕਈ ਵੱਡੇ ਲੀਡਰਾਂ ਨੇ ਆਸ਼ੂ ਦੇ ਹੱਕ ਵਿਚ ਖੁੱਲ੍ਹ ਕੇ ਚੋਣ ਪ੍ਰਚਾਰ ਨਹੀਂ ਕੀਤਾ। ਆਸ਼ੂ ਦੇ ਚੋਣ ਪ੍ਰਚਾਰ ਦੀ ਕਮਾਨ ਕਾਂਗਰਸ ਦੇ ਦੂਜੇ ਧੜੇ ਵੱਲੋਂ ਸੰਭਾਲੀ ਗਈ ਸੀ, ਜਿਸ ਵਿਚ ਪਰਗਟ ਸਿੰਘ ਤੇ ਕਿੱਕੀ ਢਿੱਲੋਂ ਵੀ ਸ਼ਾਮਲ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8