ਧੀ ਦਾ ਸਰਟੀਫਿਕੇਟ ਲੈਣ ਪੁੱਜੇ ਪਿਤਾ ਨੂੰ ਜ਼ਿਲਾ ਅਧਿਕਾਰੀ ਨੇ ਕੱਢੀਆਂ ਗਾਲਾਂ, ਪ੍ਰਿੰਸੀਪਲ ਨੂੰ ਦੱਸਿਆ ਬਚਾਅ ਦਾ ਤਰੀਕਾ

04/24/2017 7:02:46 PM

ਫਿਰੋਜ਼ਪੁਰ— ਪ੍ਰਾਈਵੇਟ ਸਕੂਲਾਂ ਵੱਲੋਂ ਰੀ-ਐਡਮਿਸ਼ਨ ਦੇ ਨਾਂ ''ਤੇ ਹੋ ਰਹੀ ਲੁੱਟ ਖਿਲਾਫ ਆਵਾਜ਼ ਚੁੱਕਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਸਰਕਾਰੀ ਹਕੁਮਤਾਂ ਤੋਂ ਇਨਸਾਫ ਦੀ ਮੰਗ ਕਰਦੇ ਰਹਿੰਦੇ ਹਨ ਪਰ ਅਸਲੀਅਤ ''ਚ ਕੁਝ ਹੋਰ ਹੀ ਸਾਹਮਣੇ ਆਉਂਦਾ ਹੈ। ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏੇ ਦੇ ਇਕ ਪ੍ਰਾਈਵੇਟ ਸਕੂਲ ''ਚ ਪੜ੍ਹ ਚੁੱਕੀ ਲੜਕੀ ਦਾ ਸਰਟੀਫਿਕੇਟ ਲੈਣ ਪੁੱਜੇ ਪਿਤਾ ਨੂੰ ਡੀ. ਈ. ਓ. ਫਿਰੋਜ਼ਪੁਰ ਵੱਲੋਂ ਫੋਨ ''ਤੇ ਗਾਲਾਂ ਕੱਢਣ ਦੀ ਆਡੀਓ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰੂਹਰਸਹਾਏ ਦੇ ਪ੍ਰਾਈਵੇਟ ਜੀ. ਟੀ. ਬੀ. ਸਕੂਲ ਦੀਆਂ ਫੀਸਾਂ ਦੇ ਨਾਂ ''ਤੇ ਹੋ ਰਹੀ ਲਗਾਤਾਰ ਲੁੱਟ ਤੋਂ ਤੰਗ ਆ ਕੇ ਇਕ ਪਿਤਾ ਸਕੂਲ ''ਚ ਆਪਣੀ ਬੇਟੀ ਦਾ ਸਕੂਲ ਲਿਵਿੰਗ ਸਰਟੀਫਿਕੇਟ ਲੈਣ ਪੁੱਜੇ ਪਰ ਸਕੂਲ ਦੇ ਪ੍ਰਿੰਸੀਪਲ ਨੇ ਸਰਟੀਫਿਕੇਟ ਦੇਣ ਤੋਂ ਮਨਾ ਕਰ ਦਿੱਤਾ। ਇਸੇ ਦੌਰਾਨ ਪਿਤਾ ਆਪਣੇ ਰਿਸ਼ਤੇਦਾਰਾਂ ਅਤੇ ਆਲ ਇੰਡੀਆ ਸਟੂਡੈਂਟ ਫੈੱਡਰੇਸ਼ਨ ਅਤੇ ਪੇਰੈਂਟਸ ਯੂਨੀਅਨ ਦੇ ਮੈਂਬਰਾਂ ਨੂੰ ਨਾਲ ਲੈ ਕੇ ਸਕੂਲ ਦੇ ਬਾਹਰ ਧਰਨੇ ''ਤੇ ਬੈਠ ਗਏ। 
ਜਦੋਂ ਇਹ ਮਾਮਲਾ ਜ਼ਿਲਾ ਸਿੱਖਿਆ ਅਫਸਰ ਦੇ ਧਿਆਨ ''ਚ ਆਇਆ ਤਾਂ ਉਨ੍ਹਾਂ ਨੂੰ ਲੜਕੀ ਦੇ ਪਿਤਾ ਅਤੇ ਯੂਨੀਅਨ ਦੇ ਮੈਂਬਰਾਂ ਨੇ ਜ਼ਿਲਾ ਸਿੱਖਿਆ ਅਧਿਕਾਰੀ ਦੀ ਪ੍ਰਿੰਸੀਪਲ ਦੇ ਨਾਲ ਗੱਲ ਕਰਵਾਉਣ ਦੀ ਗੱਲ ਕਹੀ। ਲੜਕੀ ਡੌਲੀ ਦੇ ਪਿਤਾ ਕ੍ਰਿਸ਼ਨ ਲਾਲ ਦੇ ਸਾਥੀ ਦੀਪਕ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਆਪਣੇ ਮੋਬਾਇਲ ਤੋਂ ਜ਼ਿਲਾ ਸਿੱਖਿਆ ਅਫਸਰ ਫਿਰੋਜ਼ਪੁਰ ਸੁਰੇਸ਼ ਅਰੋੜਾ ਨਾਲ ਗੱਲ ਕਰਵਾਈ ਤਾਂ ਲੜਕੀ ਦੇ ਪਿਤਾ ਦੇ ਮੋਬਾਇਲ ਫੋਨ ''ਤੇ ਰਿਕਾਰਡਿੰਗ ਲੱਗੀ ਹੋਈ ਸੀ। ਲੜਕੀ ਦੇ ਪਿਤਾ ਨੇ ਜਦੋਂ ਇਹ ਰਿਕਾਰਡਿੰਗ ਸੁਣੀ ਤਾਂ ਉਹ ਹੈਰਾਨ ਰਹਿ ਗਏ। ਉਸ ਰਿਕਾਰਡਿੰਗ ''ਚ ਜ਼ਿਲਾ ਸਿੱਖਿਆ ਅਧਿਕਾਰੀ, ਮਾਤਾ-ਪਿਤਾ ਨੂੰ ਹੀ ਗਾਲਾਂ ਕੱਢ ਰਹੇ ਸਨ ਅਤੇ ਪ੍ਰਿੰਸੀਪਲ ਨੂੰ ਬਚਾਉਣ ਦੇ ਸੁਝਾਅ ਵੀ ਦੇ ਰਹੇ ਸਨ, ਜਿਸ ਨਾਲ ਸਕੂਲ ''ਤੇ ਕੋਈ ਕਾਰਵਾਈ ਨਾ ਹੋਵੇ। 
ਉਥੇ ਹੀ ਇਸ ਸਾਰੇ ਮਾਮਲੇ ਨੂੰ ਲੈ ਕੇ ਆਲ ਇੰਡੀਆ ਸਟੂਡੈਂਟ ਫੈੱਡਰੇਸ਼ਨ ਅਤੇ ਪੇਰੈਂਟਸ ਯੂਨੀਅਨ ਦੇ ਮੈਂਬਰਾਂ ਨੇ ਫਿਰੋਜ਼ਪੁਰ ਦੇ ਪ੍ਰੈੱਸ ਕਲੱਬ ''ਚ ਪ੍ਰੈੱਸ ਵਾਰਤਾ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਅਤੇ ਜ਼ਿਲਾ ਸਿੱਖਿਆ ਅਧਿਕਾਰੀ ਸੁਰੇਸ਼ ਅਰੋੜਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਗੱਲ ਕਹੀ।
ਜਦੋਂ ਇਸ ਮਾਮਲੇ ''ਚ ਉਹ ਜ਼ਿਲਾ ਅਧਿਕਾਰੀ ਸੁਰੇਸ਼ ਅਰੋੜਾ ਦੇ ਦਫਤਰ ਗਏ ਤਾਂ ਅੱਜ ਸੋਮਵਾਰ ਹੋਣ ਦੇ ਬਾਵਜੂਦ ਵੀ ਆਪਣੇ ਦਫਤਰ ''ਚ ਮੌਜੂਦ ਨਹੀਂ ਸਨ, ਸਗੋਂ ਉਨ੍ਹਾਂ ਦੇ ਕਮਰੇ ''ਚ ਏ. ਸੀ. ਅਤੇ ਪੱਖੇ ਚੱਲ ਰਹੇ ਸਨ ਅਤੇ ਉਥੇ ਹੀ ਦੂਜੇ ਪਾਸੇ ਜਦੋਂ ਇਸ ਮਾਮਲੇ ''ਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਮਵੀਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਜਵਾਬ ਦੇਣਾ ਮੁਨਾਸਿਬ ਸਮਝਿਆ। ਇਕ ਪਾਸੇ ਜਿੱਥੇ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ, ਉਥੇ ਹੀ ਜ਼ਿਲੇ ਦੇ ਸਿੱਖਿਆ ਵਿਭਾਗ ਦੇ ਅਧਿਕਾਰੀ ਦੀ ਫੋਨ ਕਾਲ ''ਤੇ ਆਮ ਲੋਕਾਂ ਲਈ ਬੋਲੀ ਜਾ ਰਹੀ ਭਾਸ਼ਾ ਅਤੇ ਗਾਲਾਂ ਨੂੰ ਲੈ ਕੇ ਫਿਰੋਜ਼ਪੁਰ ਵਾਸੀਆਂ ''ਚ ਰੋਸ ਹੈ। ਜ਼ਿਲੇ ਦੇ ''ਜਾਗੋ ਪੇਰੈਂਟਸ ਜਾਗੋ ਯੂਨੀਅਨ'' ਨੇ ਸੋਮਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਕਰਨ ਲਈ ਕਿਹਾ। ਫਿਰੋਜ਼ਪੁਰ ਦੀ ਆਮ ਜਨਤਾ ਅਤੇ ਸਟੂਡੈਂਟ ਯੂਨੀਅਨ ਨੇ ਡੀ. ਈ. ਓ. ਦੇ ਖਿਲਾਫ ਜਲਦੀ ਮਾਮਲਾ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


Related News