ਮਾਪਿਆਂ ਨੂੰ ਸੜਕਾਂ 'ਤੇ ਰੁਲਣ ਤੋਂ ਰੋਕਦੈ ਇਹ ਐਕਟ, ਸ਼ਿਕਾਇਤ ਕਰਨ 'ਤੇ 'ਕਪੁੱਤ' ਹੋਏ ਪੁੱਤਾਂ ਨੂੰ ਮਿਲੇਗਾ ਸਖ਼ਤ ਸਬਕ

Tuesday, Jun 06, 2023 - 05:04 PM (IST)

ਮਾਪਿਆਂ ਨੂੰ ਸੜਕਾਂ 'ਤੇ ਰੁਲਣ ਤੋਂ ਰੋਕਦੈ ਇਹ ਐਕਟ, ਸ਼ਿਕਾਇਤ ਕਰਨ 'ਤੇ 'ਕਪੁੱਤ' ਹੋਏ ਪੁੱਤਾਂ ਨੂੰ ਮਿਲੇਗਾ ਸਖ਼ਤ ਸਬਕ

ਗੁਰਦਾਸਪੁਰ (ਵਿਨੋਦ, ਹਰਮਨ, ਹੇਮੰਤ)- ‘ਕਪੁੱਤ’ ਹੋ ਚੁੱਕਿਆਂ ਨੂੰ ‘ਪੁੱਤ’ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਮੈਂਟੀਨੈਂਸ ਐਂਡ ਵੈੱਲਫ਼ੇਅਰ ਆਫ਼ ਪੇਰੇਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ-2007 ਕਾਰਗਰ ਸਿੱਧ ਹੋ ਰਿਹਾ ਹੈ। ਇਸ ਐਕਟ ਅਨੁਸਾਰ ਮਾਪੇ ਆਪਣੇ ਪੁੱਤਰਾਂ ਵੱਲੋਂ ਦੇਖਭਾਲ ਨਾ ਕਰਨ ਜਾਂ ਪ੍ਰੇਸ਼ਾਨ ਕਰਨ ’ਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਸਕਦੇ ਹਨ। ਇਸ ਐਕਟ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਿਹੜੇ ਮਾਂ-ਪਿਉ ਆਪਣੀ ਜ਼ਮੀਨ-ਜਾਇਦਾਦ ਆਪਣੇ ਬੱਚਿਆਂ ਦੇ ਨਾਮ ਕਰ ਚੁੱਕੇ ਹਨ ਅਤੇ ਬਾਅਦ ’ਚ ਉਹ ਬੱਚੇ ਮਾਪਿਆਂ ਦੀ ਦੇਖ-ਭਾਲ ਨਹੀਂ ਕਰਦੇ, ਉਹ ਮਾਪੇ ਐੱਸ. ਡੀ. ਐੱਮ. ਦਫ਼ਤਰ ’ਚ ਸ਼ਿਕਾਇਤ ਕਰ ਕੇ ਬੱਚਿਆਂ ਕੋਲੋਂ ਆਪਣੀ ਜ਼ਮੀਨ ਵਾਪਸ ਲੈ ਸਕਦੇ ਹਨ।

ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ, ਪਿੰਡ ਮਾੜੀ ਟਾਂਡਾ ਦੇ ਨੌਜਵਾਨ ਦੀ ਮੌਤ

ਉਨ੍ਹਾਂ ਦੱਸਿਆ ਕਿ ਇਸ ਐਕਟ ਅਨੁਸਾਰ ਜਦੋਂ ਕੋਈ ਮਾਤਾ-ਪਿਤਾ ਤਹਿਸੀਲ ’ਚ ਜਾਂ ਆਪਣੀ ਜ਼ਮੀਨ ਜਾਇਦਾਦ ਬੱਚਿਆਂ ਦੇ ਨਾਮ ਕਰਵਾਉਂਦੇ ਹਨ ਤਾਂ ਰਜਿਸਟਰੀ ਵਿਚ ਇਹ ਲਿਖਣਾ ਜ਼ਰੂਰੀ ਹੁੰਦਾ ਹੈ ਕਿ ਜੇਕਰ ਬੱਚਿਆਂ ਨੇ ਜ਼ਮੀਨ ਲੈਣ ਤੋਂ ਬਾਅਦ ਆਪਣੇ ਮਾਪਿਆਂ ਦੀ ਸੇਵਾ ਨਹੀਂ ਕੀਤੀ ਤਾਂ ਮਾਪੇ ਮੁੜ ਆਪਣੀ ਜ਼ਮੀਨ ਵਾਪਸ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੁੱਤ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ ਨਹੀਂ ਕਰਦਾ ਤਾਂ ਬਜ਼ੁਰਗ ਮਾਪੇ ਆਪਣਾ ਹੱਕ ਲੈਣ ਲਈ ਐੱਸ. ਡੀ. ਐੱਮ. ਦਫਤਰ ਵਿਚ ਸਾਦੇ ਕਾਗਜ਼ ’ਤੇ ਲਿਖ ਕੇ ਸ਼ਿਕਾਇਤ ਕਰ ਸਕਦੇ ਹਨ।

ਇਹ ਵੀ ਪੜ੍ਹੋ- ਚਾਵਾਂ ਨਾਲ ਮਾਪਿਆਂ ਨੇ ਇਕਲੌਤੇ ਪੁੱਤ ਨੂੰ ਭੇਜਿਆ ਸੀ ਅਮਰੀਕਾ, ਸੋਚਿਆ ਵੀ ਨਹੀਂ ਇੰਝ ਹੋਵੇਗੀ ਵਾਪਸੀ

ਉਨ੍ਹਾਂ ਕਿਹਾ ਕਿ ਬਜ਼ੁਰਗਾਂ ਵੱਲੋਂ ਸ਼ਿਕਾਇਤ ਮਿਲਣ ’ਤੇ ਐੱਸ. ਡੀ. ਐੱਮ. ਵੱਲੋਂ ਆਪਣੀ ਕੋਰਟ ’ਚ ਉਸਦੇ ਬੱਚਿਆਂ ਨੂੰ ਤਲਬ ਕੀਤਾ ਜਾਂਦਾ ਹੈ ਅਤੇ ਬਜ਼ੁਰਗਾਂ ਦੇ ਬਣਦੇ ਹੱਕ ਦਿਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਐਕਟ ਅਨੁਸਾਰ ਮਾਪਿਆਂ ਵੱਲੋਂ ਆਪਣੇ ਪੁੱਤਰਾਂ ਨੂੰ ਦਿੱਤੀ ਜ਼ਮੀਨ ਵਾਪਸ ਮਾਪਿਆਂ ਨੂੰ ਮਿਲ ਸਕਦੀ ਹੈ ਅਤੇ ਹਰ ਮਹੀਨੇ ਬਜ਼ੁਰਗਾਂ ਦੀ ਦੇਖਭਾਲ ਲਈ ਖਰਚਾ ਵੀ ਬੰਨ੍ਹਿਆ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਮਕਸਦ ਇਹ ਹੈ ਕਿ ਕੋਈ ਵੀ ਬਜ਼ੁਰਗ ਆਪਣੇ ਬੱਚਿਆਂ ਦੇ ਹੁੰਦਿਆਂ ਸੜਕਾਂ ’ਤੇ ਨਾ ਰੁਲੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਮਾਪੇ ਪ੍ਰਸ਼ਾਸਨ ਤੱਕ ਪਹੁੰਚ ਕਰਨ ਤਾਂ ਜੋ ਅਜਿਹੇ ‘ਕਪੁੱਤਾਂ’ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਕਰਨਾ ਪਰਮਾਤਮਾ ਦੀ ਸੇਵਾ ਕਰਨ ਦੇ ਬਰਾਬਰ ਹੈ ਅਤੇ ਹਰ ਕਿਸੇ ਨੂੰ ਆਪਣੇ ਮਾਪਿਆਂ ਨੂੰ ਪੂਰਾ ਸਤਿਕਾਰ ਦਿੰਦਿਆਂ ਉਨ੍ਹਾਂ ਦੀ ਦਿਨ-ਰਾਤ ਸੇਵਾ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਦੀ ਅਚਨਚੇਤ ਚੈਕਿੰਗ, ਰੈਸਟੋਰੈਂਟ ਤੇ ਬਾਰ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਬਜ਼ੁਰਗਾਂ ਦੀ ਸੇਵਾ ’ਚ ਹਰ ਸਮੇਂ ਹਾਜ਼ਰ ਹੈ ਅਤੇ ਸਾਰੇ ਸਰਕਾਰੀ ਦਫ਼ਤਰਾਂ ’ਚ ਇਹ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਬਜ਼ੁਰਗਾਂ ਨੂੰ ਪੂਰਾ ਸਤਿਕਾਰ ਦੇਣ ਦੇ ਨਾਲ ਉਨ੍ਹਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ 'ਤੇ ਕੀਤਾ ਜਾਵੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News