'ਆਪ' ਆਗੂ ਪਰਮਜੀਤ ਦੇ ਕਤਲ ਦਾ ਮਾਮਲਾ ਗਰਮਾਇਆ, ਵਰਕਰਾਂ ਨੇ SSP ਦਫਤਰ ਦਾ ਕੀਤਾ ਘਿਰਾਓ

Monday, Jun 01, 2020 - 02:57 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਪਿੰਡ ਮਾਣੇਵਾਲ ਵਿਖੇ 'ਆਪ' ਦੇ ਬੂਥ ਇੰਚਾਰਜ ਦੇ ਹੋਏ ਕਤਲ ਸਬੰਧੀ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਮੰਗ ਨੂੰ ਲੈ ਕੇ ਅੱਜ 'ਆਪ' ਵਰਕਰਾਂ ਨੇ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕੀਤਾ। ਇਸ ਮੌਕੇ ਵਿਧਾਇਕ ਬਰਨਾਲਾ ਨੀਤ ਹੇਅਰ, ਵਿਧਾਇਕ ਗੜ੍ਹਸ਼ੰਕਰ ਜੈ ਸਿੰਘ ਰੌੜੀ, ਪੰਜਾਬ ਯੂਥ ਪ੍ਰਧਾਨ ਵਿਸ਼ ਚਰਨ ਚੇਚੀ ਅਤੇ ਹਲਕਾ ਪ੍ਰਧਾਨ ਸਤਨਾਮ ਸਿੰਘ ਜਲਵਾਹਾ ਹਾਜ਼ਰ ਸਨ। ਰੋਸ ਧਰਨੇ ਦੇ ਉਪਰੰਤ ਪ੍ਰਦਰਸ਼ਨਕਾਰੀਆਂ ਦੇ ਵਫਦ ਨੇ ਐੱਸ.ਐੱਸ.ਪੀ. ਅਲਕਾ ਮੀਨਾ ਦੀ ਮਾਰਫਤ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ।

PunjabKesari

2 ਕਾਤਲਾਂ ਦੇ ਦੋਸ਼ 'ਚ ਸਜ਼ਾ ਭੁਗਤ ਰਹੇ ਦੋਸ਼ੀ ਗੁਰਮੁਖ ਸਿੰਘ ਦੀ ਪੈਰੋਲ 'ਤੇ ਵਿਧਾਇਕ ਨੀਤ ਹੇਅਰ ਨੇ ਕੀਤੇ ਸਵਾਲ
ਇਸ ਮੌਕੇ ਵਿਧਾਇਕ ਨੀਤ ਹੇਅਰ ਨੇ ਕਿਹਾ ਕਿ 'ਆਪ' ਕਾਰਜਕਾਰੀ ਪਰਮਜੀਤ ਸਿੰਘ ਦੇ ਕਾਤਲ ਦਾ ਇਕ ਦੋਸ਼ੀ ਗੁਰਮੁਖ ਸਿੰਘ ਪਹਿਲਾ ਵੀ 2 ਹੱਤਿਆਵਾਂ ਦਾ ਦੋਸ਼ੀ ਹੈ ਅਤੇ ਇਨ੍ਹੀਂ ਦਿਨ੍ਹੀਂ ਪੈਰੋਲ 'ਤੇ ਆਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਕਤਲ ਦਾਮੁਲਜ਼ਮ ਗੁਰਮੁਖ ਸਿੰਘ ਨੇ ਪੈਰੋਲ ਦੌਰਾਨ ਮ੍ਰਿਤਕ ਪਰਮਜੀਤ ਸਿੰਘ ਨਾਲ ਲੜਾਈ ਝਗੜਾ ਕੀਤਾ ਸੀ ਅਤੇ ਉਸ ਸਮੇਂ ਪਰਮਜੀਤ ਸਿੰਘ ਦੇ ਖ਼ਿਲਾਫ ਹੀ ਲੜਾਈ ਝਗੜੇ ਦਾ ਮਾਮਲਾ ਦਰਜ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਉਪਰੋਕਤ ਕਤਲ ਦੋਸ਼ੀ 'ਤੇ ਪੁਲਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਉਸ ਨੂੰ ਪੈਰੋਲ ਨਹੀਂ ਮਿਲਦੀ ਅਤੇ ਅੱਜ ਪਰਮਜੀਤ ਸਿੰਘ ਪੰਮਾ ਜਿਊਂਦਾ ਹੁੰਦਾ।
ਯੂਥ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਪੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਪੁਲਸ ਅਜੇ ਤਕ ਇਕ ਕਤਲ ਦੇ ਦੋਸ਼ੀ ਨੂੰ ਹੀ ਗ੍ਰਿਫਤਾਰ ਕਰ ਸਕੀ ਹੈ ਜਦਕਿ ਹੋਰ ਕਤਲ ਦੇ ਦੋਸ਼ੀ ਨਾ ਸਿਰਫ ਸ਼ਰੇਆਮ ਘੁੰਮ ਰਹੇ ਹਨ, ਸਗੋਂ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਨੂੰ ਧਮਕੀਆਂ ਵੀ ਦੇ ਰਹੇ ਹਨ।

PunjabKesari

ਉਨ੍ਹਾਂ ਕਿਹਾ ਕਿ ਜੇਕਰ 1 ਹਫਤੇ ਦੇ ਅੰਦਰ ਪੁਲਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ 'ਆਪ' ਕਾਰਜਕਾਰੀ ਲਗਾਤਾਰ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਦੇ ਕਤਲ ਦਾ ਸਾਜ਼ਿਸ਼ਕਰਤਾ ਪੁਲਸ ਮੁਲਾਜਮ ਨੂੰ ਸਿਆਸੀ ਸ਼ਹਿ ਪ੍ਰਾਪਤ ਹੈ ਅਤੇ ਉਸ ਨੂੰ ਇਸ ਕੇਸ 'ਚੋਂ ਬਾਹਰ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਗੜ੍ਹਸ਼ੰਕਰ ਜੈ ਸਿੰਘ ਰੌੜੀ, ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ, ਜਿਲ੍ਹਾ ਪ੍ਰਧਾਨ ਸ਼ਿਵਕਰਨ ਚੇਚੀ, ਗਗਨ ਅਗਨੀਹੋਤਰੀ, ਬਲਵੀਰ ਰਾਣਾ, ਹਰਵਿੰਦਰ ਬਖ਼ਸ਼ੀ, ਮਨਦੀਪ ਅਟਵਾਲ ਆਦਿ ਨੇ ਵੀ ਪੁਲਸ ਪ੍ਰਸ਼ਾਸਨ ਦੀ ਢਿੱਲਮੁੱਲ ਕਾਰਵਾਈ ਦੀ ਸਖਤ ਸ਼ਬਦਾਂ 'ਚ ਨਿਖੇਦੀ ਕੀਤੀ।

ਭਾਵੇਂ ਮੈਨੂੰ ਗੋਲੀ ਮਾਰ ਦਿਓ ਪਰ ਮੈਨੂੰ ਆਪਣੇ ਪੁੱਤਰ ਦੇ ਕਾਤਲਾਂ ਤੋਂ ਇਨਸਾਫ ਚਾਹੀਦੈ
ਰੋਸ਼ ਧਰਨੇ 'ਚ ਮ੍ਰਿਤਕ ਦੀ ਨੌਜਵਾਨ ਪਤਨੀ ਅਤੇ 2 ਬੱਚੀਆਂ ਨਾਲ ਬੈਠੀ ਬਜ਼ੁਰਗ ਮਾਤਾ ਨੇ ਕਿਹਾ ਕਿ ਭਾਵੇਂ ਮੈਨੂੰ ਗੋਲੀ ਮਾਰ ਦਿਓ ਪਰ ਮੇਰੇ ਪੁੱਤਰ ਦਾ ਜਿਨ੍ਹਾਂ ਨੇ ਕਤਲ ਕੀਤਾ ਹੈ ਉਨ੍ਹਾਂ ਨੂੰ ਜੇਲ੍ਹ 'ਚ ਬੰਦ ਕਰਕੇ ਇਨਸਾਫ ਜ਼ਰੂਰ ਚਾਹੀਦਾ ਹੈ।


shivani attri

Content Editor

Related News