PAP ਓਵਰਬ੍ਰਿਜ ''ਤੇ ਆਉਣ ਵਾਲੀਆਂ ਦਿੱਕਤਾਂ ਹੁਣ ਹੋਣਗੀਆਂ ਦੂਰ, ਨਵਾਂ ਪ੍ਰਾਜੈਕਟ ਹੋਇਆ ਸ਼ੁਰੂ

Wednesday, Nov 04, 2020 - 02:21 PM (IST)

PAP ਓਵਰਬ੍ਰਿਜ ''ਤੇ ਆਉਣ ਵਾਲੀਆਂ ਦਿੱਕਤਾਂ ਹੁਣ ਹੋਣਗੀਆਂ ਦੂਰ, ਨਵਾਂ ਪ੍ਰਾਜੈਕਟ ਹੋਇਆ ਸ਼ੁਰੂ

ਜਲੰਧਰ (ਚੋਪੜਾ)— ਜਲੰਧਰ ਸ਼ਹਿਰ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੇ ਵਾਹਨ ਚਾਲਕਾਂ ਨੂੰ ਪੀ. ਏ. ਪੀ. ਤੋਂ ਫਲਾਈਓਵਰ 'ਤੇ ਚੜ੍ਹਨ ਲਈ ਨਵੇਂ ਮਾਰਗ ਦੀ ਵਿਵਸਥਾ ਕਰਨ ਸਮੇਤ ਹੋਰ ਦਿੱਕਤਾਂ ਨੂੰ ਦੂਰ ਕਰਨ ਲਈ 32 ਕਰੋੜ ਦੀ ਲਾਗਤ ਨਾਲ ਇਕ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਇਕ ਰੈਂਪ ਬਣਾਇਆ ਜਾਵੇਗਾ, ਜਿਸ ਨੂੰ ਪੀ. ਏ. ਪੀ. ਰੇਲਵੇ ਕਰਾਸਿੰਗ 'ਤੇ ਬਣਨ ਵਾਲੇ ਨਵੇਂ ਆਰ. ਓ. ਬੀ. ਨਾਲ ਕੁਨੈਕਟ ਕੀਤਾ ਜਾਵੇਗਾ। ਇਸ ਉਪਰੰਤ ਫਲਾਈਓਵਰ 'ਤੇ ਚੜ੍ਹਨ ਲਈ ਰਾਹਗੀਰਾਂ ਨੂੰ ਰਾਮਾ ਮੰਡੀ ਤੋਂ ਯੂ-ਟਰਨ ਲੈਣ ਦੀ ਲੋੜ ਨਹੀਂ ਹੋਵੇਗੀ ਅਤੇ ਵਾਹਨ ਸਿੱਧਾ ਰੈਂਪ ਜ਼ਰੀਏ ਆਰ. ਓ. ਬੀ. 'ਤੇ ਚੜ੍ਹ ਜਾਣਗੇ।

ਇਹ ਵੀ ਪੜ੍ਹੋ: ਦੋਆਬਾ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਇੰਨੀ ਤਾਰੀਖ਼ ਨੂੰ ਆਦਮਪੁਰ ਤੋਂ ਦਿੱਲੀ ਲਈ ਉਡੇਗੀ ਉਡਾਣ
ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਆ ਕੇ ਜਲੰਧਰ ਸ਼ਹਿਰ 'ਚ ਦਾਖ਼ਲ ਹੋਣ ਵਾਲੇ ਲੋਕਾਂ ਲਈ ਵੱਖ ਰੈਂਪ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਸਿੱਧੀ ਸ਼ਹਿਰ 'ਚ ਐਂਟਰੀ ਮਿਲੇਗੀ। ਉਕਤ ਜਾਣਕਾਰੀ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅੱਜ ਪੀ. ਏ. ਪੀ. ਚੌਕ 'ਚ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਪ੍ਰਗਟ ਕੀਤੀ।

ਇਹ ਵੀ ਪੜ੍ਹੋ: ਤਰੁਣ ਚੁੱਘ ਦੇ ਨਿਸ਼ਾਨੇ 'ਤੇ ਕੈਪਟਨ ਅਮਰਿੰਦਰ ਸਿੰਘ, ਲਾਏ ਵੱਡੇ ਦੋਸ਼

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਦੇ ਪ੍ਰਾਜੈਕਟ ਡਾਇਰੈਕਟਰ ਯਸ਼ਪਾਲ ਸਿੰਘ ਨੇ ਦੱਸਿਆ ਕਿ ਪ੍ਰਾਜੈਕਟਾਂ ਦੇ ਰੂਪ-ਰੇਖਾ ਆਖਰੀ ਪੜਾਅ 'ਚ ਹੈ, ਜਿਸ ਨਾਲ ਸਬੰਧਤ ਟੈਂਡਰ ਦਸੰਬਰ ਮਹੀਨੇ ਤੱਕ ਲਾਏ ਜਾਣੇ ਹਨ ਅਤੇ ਵਰਕਆਰਡਰ ਜਾਰੀ ਹੋਣ ਤੋਂ ਬਾਅਦ 6 ਮਹੀਨਿਆਂ 'ਚ ਕੰਮ ਪੂਰਾ ਕਰ ਲਿਆ ਜਾਵੇਗਾ। ਯਸ਼ਪਾਲ ਸਿੰਘ ਨੇ ਦੱਸਿਆ ਕਿ ਜੂਨ 2021 ਦੇ ਅੰਤ ਤੱਕ ਪੂਰਾ ਪ੍ਰਾਜੈਕਟ ਸਮਾਪਤ ਹੋ ਜਾਵੇਗਾ।

PunjabKesari

ਉਨ੍ਹਾਂ ਦੱਸਿਆ ਕਿ ਪੀ. ਏ. ਪੀ. ਚੌਂਕ 'ਚ ਟਰੈਫਿਕ ਜੰਕਸ਼ਨ ਨੂੰ ਸੁਧਾਰਨ ਲਈ ਇਕ ਹੋਰ ਪ੍ਰਾਜੈਕਟ ਚੱਲ ਰਿਹਾ ਹੈ, ਜਿਸ 'ਤੇ ਲਗਭਗ 7 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪੀ. ਏ. ਪੀ. ਚੌਕ 'ਚ ਆਵਾਜਾਈ ਨੂੰ ਸੁਚਾਰੂ ਅਤੇ ਨਿਰਵਿਘਨ ਬਣਾਉਣ, ਸੜਕ ਹਾਦਸਿਆਂ ਨੂੰ ਘੱਟ ਕਰਨ ਅਤੇ ਸੁੰਦਰੀਕਰਨ ਦੇ ਕੰਮਾਂ ਲਈ ਵਾਧੂ ਰਾਊਂਡ-ਅਬਾਊਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਂਕ 'ਚ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਜਾ ਰਹੇ ਹਨ। ਚੌਕ ਦੇ ਹੇਠਾਂ ਇਕ ਮਾਡਿਊਲਰ ਰੇਨ ਵਾਟਰ ਸਿਸਟਮ ਵਿਕਸਿਤ ਕੀਤਾ ਗਿਆ ਹੈ, ਜੋ ਕਿ ਪੰਜਾਬ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਸਿਸਟਮ ਹੋਵੇਗਾ, ਜਿਹੜਾ ਨੇੜਲੇ ਇਲਾਕਿਆਂ ਦੇ ਮੀਂਹ ਦੇ ਪਾਣੀ ਨੂੰ ਰੀਚਾਰਜ ਕਰੇਗਾ। ਇਸ ਮੌਕੇ ਐੱਸ. ਡੀ. ਐੱਮ. ਰਾਹੁਲ ਸਿੰਧੂ, ਐੱਸ. ਡੀ. ਐੱਮ. ਡਾ. ਜੈਇੰਦਰ ਸਿੰਘ, ਸਹਾਇਕ ਕਮਿਸ਼ਨਰ ਹਰਦੀਪ ਸਿੰਘ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਟਾਂਡਾ: ਦੁਕਾਨ 'ਚ ਦਾਖ਼ਲ ਹੋ ਲੁਟੇਰਿਆਂ ਨੇ ਕੀਤੀ ਫਾਇਰਿੰਗ, ਦਿੱਤਾ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ

ਪੀ. ਏ. ਪੀ. ਤੋਂ ਅੰਮ੍ਰਿਤਸਰ ਜਾਣ ਵਾਲੀ ਲੈਗ ਦੇ ਬੰਦ ਹੋਣ ਵਿਰੁੱਧ ਵਿਧਾਇਕ ਬੇਰੀ ਵੀ ਲਾ ਚੁੱਕੇ ਹਨ ਧਰਨਾ
ਲਗਭਗ ਇਕ ਦਹਾਕੇ ਦੇ ਲੰਮੇ ਅੰਤਰਾਲ ਉਪਰੰਤ ਬਣ ਕੇ ਤਿਆਰ ਹੋਏ ਪੀ. ਏ. ਪੀ. ਫਲਾਈਓਵਰ ਦੇ ਨਕਸ਼ੇ 'ਚ ਖਾਮੀਆਂ ਕਾਰਣ ਜਲੰਧਰ ਸ਼ਹਿਰ ਤੋਂ ਅੰਮ੍ਰਿਤਸਰ ਜਾਣ ਲਈ ਪੀ. ਏ. ਪੀ. ਵੱਲੋਂ ਲੈਗ ਨੂੰ ਐਕਸੀਡੈਂਟ ਜ਼ੋਨ ਹੋਣ ਕਾਰਣ ਬੰਦ ਕਰ ਦਿੱਤਾ ਗਿਆ ਸੀ, ਜਿਸ ਵਿਰੁੱਧ ਵਿਧਾਇਕ ਰਾਜਿੰਦਰ ਬੇਰੀ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਨੇ ਧਰਨਾ-ਪ੍ਰਦਰਸ਼ਨ ਵੀ ਕੀਤਾ ਸੀ। ਇਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਇਸ ਚੌਕ ਵਿਚ ਲੋਕਾਂ ਨੂੰ ਹੋਣ ਵਾਲੀਆਂ ਦਿੱਕਤਾਂ ਸਬੰਧੀ ਕਈ ਮੰਗਾਂ ਰੱਖੀਆਂ ਗਈਆਂ ਸਨ। ਧਰਨੇ ਤੋਂ ਬਾਅਦ ਐੱਨ. ਐੱਚ. ਏ. ਆਈ. ਦੇ ਪ੍ਰਾਜੈਕਟ ਡਾਇਰੈਕਟਰ ਯਸ਼ਪਾਲ ਸਿੰਘ ਨੇ ਪ੍ਰਸ਼ਾਸਨ ਵੱਲੋਂ ਜਲਦ ਇਸ ਸਮੱਸਿਆ ਦੇ ਹੱਲ ਦਾ ਭਰੋਸਾ ਦਿੰਦਿਆਂ ਓਵਰਬ੍ਰਿਜ ਨੂੰ ਫੋਰ ਲੇਨ ਤੋਂ ਵਧਾ ਕੇ ਸਿਕਸ ਲੇਨ ਬਣਾਉਣ ਦੀ ਬਜਾਏ 8 ਲੇਨ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਉਪਰੰਤ ਐੱਨ. ਐੱਚ. ਏ. ਆਈ. ਨੇ ਇਸ ਪ੍ਰਾਜੈਕਟ ਨੂੰ ਗੰਭੀਰਤਾ ਨਾਲ ਲੈਂਦਿਆਂ ਇਥੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਸੀ। ਕੋਵਿਡ-19 ਦਾ ਕਹਿਰ ਘੱਟ ਹੁੰਦੇ ਹੀ ਹੁਣ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਇਸ ਮੁੱਦੇ 'ਤੇ ਪਹਿਲ ਕਰਦਿਆਂ ਫਰੰਟ ਫੁੱਟ 'ਤੇ ਲਗਾਤਾਰ ਹਾਈਵੇ ਅਥਾਰਿਟੀ ਨਾਲ ਚਰਚਾ ਕੀਤੀ ਜਾ ਰਹੀ ਹੈ ਤਾਂ ਕਿ ਇਸ ਪ੍ਰਾਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ 'ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ


author

shivani attri

Content Editor

Related News