PAP ਚੌਕ 'ਚ ਧਰਨੇ 'ਤੇ ਬੈਠੇ ਵਿਧਾਇਕ ਰਾਜਿੰਦਰ ਬੇਰੀ, ਹਾਈਵੇਅ ਕੀਤਾ ਜਾਮ

02/19/2020 12:47:41 PM

ਜਲੰਧਰ (ਸੋਨੂੰ, ਜਤਿੰਦਰ)— ਨੈਸ਼ਨਲ ਹਾਈਵੇਅ ਅਥਾਰਿਟੀ ਖਿਲਾਫ ਸੈਂਟਰਲ ਹਲਕੇ ਤੋਂ ਵਿਧਾਇਕ ਰਾਜਿੰਦਰ ਸਿੰਘ ਬੇਰੀ ਵੱਲੋਂ ਲੋਕ ਹਿਤ ਦੇ ਮਾਮਲਿਆਂ ਨੂੰ ਲੈ ਕੇ ਪੀ. ਏ. ਪੀ. ਚੌਕ ਵਿਖੇ ਲੋਕਾਂ ਨਾਲ ਧਰਨਾ ਦਿੱਤਾ ਗਿਆ। ਦਿੱਤੇ ਗਏ ਧਰਨੇ ਕਾਰਨ ਉਕਤ ਸਥਾਨ 'ਤੇ ਭਾਰੀ ਟ੍ਰੈਫਿਕ ਜਾਮ ਲੱਗਾ ਰਿਹਾ, ਜਿਸ 'ਚ ਕਾਫੀ ਸਮਾਂ ਐਂਬੂਲੈਂਸ ਵੀ ਫਸੀ ਰਹੀ। ਇਸ ਕਰਕੇ ਰਾਹਗੀਰਾਂ ਨੂੰ ਆਉਣ-ਜਾਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਿਧਾਇਕ ਬੇਰੀ ਨੇ ਕਿਹਾ ਕਿ ਪੀ. ਏ. ਪੀ. ਰੇਲਵੇ ਓਵਰਬ੍ਰਿਜ ਦੀ ਬੰਦ ਸੜਕ 20 ਦਿਨਾਂ 'ਚ ਨਾ ਖੋਲ੍ਹੀ ਤਾਂ ਉਹ ਖੁਦ ਸਮਰਥਕਾਂ ਸਣੇ ਫਲਾਈਓਵਰ ਦੇ ਉਪਰ ਜਾਂਦੇ ਰਸਤੇ ਨੂੰ ਬੰਦ ਕਰਕੇ ਬੈਰੀਕੇਡ ਹਟਾ ਕੇ ਹੇਠਾਂ ਦੀ ਸੜਕ ਨੂੰ ਖੋਲ੍ਹ ਦੇਣਗੇ। ਵਿਧਾਇਕ ਬੇਰੀ ਨੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਦੇ ਕਾਰਨ ਫਲਾਈਓਵਰ ਬਣਾਉਣ 'ਚ ਲੱਗਾ ਕਰੋੜਾਂ ਰੁਪਿਆ ਫਜ਼ੂਲ ਹੁੰਦਾ ਨਜ਼ਰ ਆ ਰਿਹਾ ਹੈ ਉਨ੍ਹਾਂ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣਗੇ ਅਤੇ ਇਸ ਸਬੰਧ 'ਚ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਕ ਸ਼ਿਕਾਇਤ ਵੀ ਸੌਂਪੀ।

ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਨੇ ਇਹ ਚਿਤਾਵਨੀ ਵੱਡੀ ਗਿਣਤੀ 'ਚ ਕਾਂਗਰਸੀ ਆਗੂਆਂ ਅਤੇ ਸ਼ਹਿਰ ਵਾਸੀਆਂ ਦੇ ਨਾਲ ਪੀ. ਏ. ਪੀ. ਚੌਕ ਵਿਚ ਫਲਾਈਓਵਰ ਨੂੰ ਚੜ੍ਹਦੀ ਬੰਦ ਸੜਕ ਦੇ ਕੋਲ ਧਰਨਾ ਪ੍ਰਦਰਸ਼ਨ ਕਰਦੇ ਹੋਏ ਦਿੱਤੀ। ਧਰਨਾ ਪ੍ਰਦਰਸ਼ਨ ਦੌਰਾਨ ਵਿਧਾਇਕ ਬੇਰੀ ਅਤੇ ਸਮੂਹ ਕਾਂਗਰਸੀ ਆਗੂਆਂ ਨੇ ਫਲਾਈਓਵਰ 'ਤੇ ਵਾਹਨਾਂ ਨੂੰ ਰੋਕ ਕੇ ਚੱਕਾ ਜਾਮ ਕਰ ਿਦੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹਾਈਵੇਅ 'ਤੇ ਸੜਕ ਵਿਚਕਾਰ ਧਰਨਾ ਲਾ ਕੇ ਨੈਸ਼ਨਲ ਹਾਈਵੇਅ ਅਥਾਰਿਟੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਚੱਕਾ ਜਾਮ ਹੋਣ ਨਾਲ ਫਲਾਈਓਵਰ 'ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਲੋਕਾਂ ਨੂੰੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਰੀਬ ਅੱਧਾ ਘੰਟਾ ਹੋਏ ਚੱਕਾ ਜਾਮ ਦੌਰਾਨ ਐਡੀਸ਼ਨਲ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਪੁਲਸ ਬਲਕਾਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵਿਧਾਇਕ ਰਾਜਿੰਦਰ ਬੇਰੀ ਕੋਲੋਂ ਰਾਸ਼ਟਰਪਤੀ ਦੇ ਨਾਂ ਮੰਗ-ਪੱਤਰ ਲਿਆ ਅਤੇ ਫਲਾਈਓਵਰ ਦੇ ਬੰਦ ਰਸਤੇ ਕਾਰਣ ਲੋਕਾਂ ਨੂੰ ਆ ਰਹੀ ਸਮੱਸਿਆ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
 

PunjabKesari

ਇਸ ਤੋਂ ਪਹਿਲਾਂ ਸਵੇਰੇ ਪੀ. ਏ. ਪੀ. ਦੇ ਬੰਦ ਰਸਤੇ ਕੋਲ ਟੈਂਟ ਲਾ ਕੇ ਕਾਂਗਰਸੀ ਆਗੂ ਧਰਨੇ 'ਤੇ ਬੈਠ ਗਏ। ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਜਿੰਦਰ ਬੇਰੀ, ਜ਼ਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਦੇਵ, ਜ਼ਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਕੌਂਸਲਰ ਡਾ. ਜਸਲੀਨ ਸੇਠੀ, ਕੌਂਸਲਰ ਮਨਮੋਹਨ ਸਿੰਘ ਰਾਜੂ, ਕੌਂਸਲਰ ਮਨਦੀਪ ਜੱਸਲ, ਕੌਂਸਲਰਪਤੀ ਗੁਰਨਾਮ ਸਿੰਘ ਮੁਲਤਾਨੀ, ਕੌਂਸਲਰ ਮਨੂ ਬੜਿੰਗ, ਵਿਜੇ ਕੁਮਾਰ ਦਕੋਹਾ, ਕੌਂਸਲਰ ਬੰਟੀ ਨੀਲਕੰਠ, ਕੌਂਸਲਰ ਸ਼ੈਰੀ ਚੱਢਾ, ਕੌਂਸਲਰਪਤੀ ਮਹਿੰਦਰ ਸਿਘ ਗੁੱਲੂ, ਜਸਵਿੰਦਰ ਬਿੱਲਾ ਅਤੇ ਹੋਰਨਾਂ ਨੇ ਆਪਣੇ ਸੰਬੋਧਨ 'ਚ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ 'ਤੇ ਰੱਜ ਕੇ ਭੜਾਸ ਕੱਢੀ। ਕਾਂਗਰਸੀ ਵਿਧਾਇਕ ਦੇ ਧਰਨੇ 'ਤੇ ਬੈਠਣ ਤੋਂ ਇਕ ਘੰਟਾ ਬਾਅਦ ਵੀ ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਤਾਂ ਭੜਕੇ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਬੇਰੀ ਨੂੰ ਫਲਾਈਓਵਰ 'ਤੇ ਚੱਕਾ ਜਾਮ ਕਰਨ ਨੂੰ ਕਿਹਾ ਪਰ ਜਿਵੇਂ ਹੀ ਉਸ ਦੌਰਾਨ ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ ਫਲਾਈਓਵਰ ਦੇ ਰਸਤੇ ਸਾਥੀਆਂ ਸਣੇ ਮੌਕੇ 'ਤੇ ਪਹੁੰਚੇ ਤਾਂ ਮਾਹੌਲ ਭਖ ਗਿਆ। ਯੂਥ ਕਾਂਗਰਸੀ ਆਗੂਆਂ ਨੂੰ ਚੱਕਾ ਜਾਮ ਕਰਨ ਲਈ ਫਲਾਈਓਵਰ ਵਲ ਵਧਦਾ ਵੇਖ ਸਾਰੇ ਪ੍ਰਦਰਸ਼ਨਕਾਰੀ ਧਰਨੇ ਤੋਂ ਉਠ ਕੇ ਫਲਾਈਓਵਰ ਦੇ ਵਿਚਕਾਰ ਆ ਕੇ ਬੈਠ ਗਏ।

ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਵਿਧਾਇਕ ਬੇਰੀ ਨੇ ਦੱਸਿਆ ਕਿ ਉਹ ਜਨਤਾ ਦੇ ਹਿੱਤਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ, ਹਾਈਵੇਅ ਅਥਾਰਿਟੀ ਨੇ ਪਹਿਲਾਂ ਇਕ ਦਹਾਕੇ ਤੱਕ ਰਾਮਾਮੰਡੀ ਅਤੇ ਪੀ. ਏ. ਪੀ. ਫਲਾਈਓਵਰ ਦਾ ਨਿਰਮਾਣ ਲਟਕਾਈ ਰੱਖਿਆ। ਹੁਣ ਸਾਲਾਂ ਤੋਂ ਜਨਤਾ ਕੋਲੋਂ ਕਰੋੜਾਂ ਰੁਪਏ ਦਾ ਟੋਲ ਟੈਕਸ ਵਸੂਲਿਆ ਜਾਂਦਾ ਰਿਹਾ ਪਰ ਜਦੋਂ ਤੋਂ ਫਲਾਈਓਵਰ ਬਣਿਆ ਹੈ, ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵਿਧਾਇਕ ਬੇਰੀ ਨੇ ਕਿਹਾ ਕਿ ਫਲਾਈਓਵਰ ਦੇ ਗਲਤ ਡਿਜ਼ਾਈਨ ਕਾਰਣ ਪੀ. ਏ. ਪੀ. ਦੀ ਸੜਕ ਐਕਸੀਡੈਂਟ ਜ਼ੋਨ ਸਾਬਿਤ ਹੋਈ। ਹਾਈਵੇ ਅਥਾਰਿਟੀ ਨੇ ਗਲਤ ਡਿਜ਼ਾਈਨ ਕਰਨ ਕਾਰਣ ਆਈ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਪੀ. ਏ. ਪੀ. ਵੱਲੋਂ ਫਲਾਈਓਵਰ ਵਲ ਜਾਂਦੀ ਸੜਕ ਨੂੰ ਬੈਰੀਕੇਡ ਲਾ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ, ਜਿਸ ਕਾਰਣ ਲੋਕਾਂ ਨੂੰ ਪਹਿਲਾਂ ਰਾਮਾਮੰਡੀ ਫਿਰ ਉਥੋਂ ਵਾਪਸ ਘੁੰਮ ਕੇ ਪੀ. ਏ. ਪੀ. ਆਉਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਲੋਕਾਂ ਦਾ ਕੀਮਤੀ ਸਮਾਂ ਅਤੇ ਤੇਲ ਦੀ ਬਰਬਾਦੀ ਹੋ ਰਹੀ ਹੈ। ਉਥੇ ਇਸ ਸੜਕ ਦੇ ਬੰਦ ਹੋਣ ਕਾਰਣ ਗੁਰੂ ਗੋਬਿੰਦ ਸਿੰਘ ਐਵੇਨਿਊ, ਸੂਰਿਆ ਐਨਕਲੇਵ, ਚੁਗਿੱਟੀ, ਗੁਰੂ ਨਾਨਕਪੁਰਾ, ਕਮਲ ਵਿਹਾਰ, ਕੋਟ ਰਾਮਦਾਸ ਸਣੇ ਅਨੇਕਾਂ ਕਾਲੋਨੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨ ਹੋਣਾ ਪੈ ਿਰਹਾ ਹੈ। ਉਨ੍ਹਾਂ ਕਿਹਾ ਕਿ ਫਲਾਈਓਵਰ ਦੇ ਗਲਤ ਡਿਜ਼ਾਈਨ ਕਾਰਣ ਲੋਕਾਂ ਦੇ ਪੈਸੇ, ਸਮਾਂ ਅਤੇ ਤੇਲ ਦੀ ਬਰਬਾਦੀ ਹੋ ਰਹੀ ਹੈ। 
ਉਨ੍ਹਾਂ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਇਸ ਪ੍ਰਾਜੈਕਟ ਦੀਆਂ ਤਰੁੱਟੀਆਂ ਨੂੰ ਬਿਨਾਂ ਦੇਰ ਕੀਤਿਆਂ ਠੀਕ ਕਰਵਾਇਆ ਜਾਵੇ ਅਤੇ ਇਸ ਗਲਤ ਿਡਜ਼ਾਈਨ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਅਧੂਰੇ ਪ੍ਰਾਜੈਕਟ 'ਤੇ ਕਿਸ ਦੇ ਹੁਕਮਾਂ 'ਤੇ ਕਰੋੜਾਂ ਰੁਪਏ ਦਾ ਟੋਲ ਟੈਕਸ ਵਸੂਲਿਆ ਗਿਆ ਇਸ ਦੀ ਉੱਚ ਪੱਧਰੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਵਿਧਾਇਕ ਬੇਰੀ ਨੇ ਮੰਗ ਕੀਤੀ ਕਿ ਅਧੂਰੇ ਪ੍ਰਾਜੈਕਟ ਦੌਰਾਨ ਲੋਕਾਂ ਕੋਲੋਂ ਟੋਲ ਟੈਕਸ ਦੇ ਵਸੂਲੇ ਗਏ ਕਰੋੜਾਂ ਰੁਪਏ ਵਾਪਸ ਲੈ ਕੇ ਡਿਜ਼ਾਈਨ ਨੂੰ ਸਹੀ ਕਰਵਾਉਣ 'ਤੇ ਖਰਚ ਕੀਤੇ ਜਾਣ ਅਤੇ ਅਧਿਕਾਰੀਆਂ ਦੀਆਂ ਨਾਲਾਇਕੀਆਂ ਕਾਰਣ ਜਿਨ੍ਹਾਂ ਲੋਕਾਂ ਦੀ ਸੜਕ ਹਾਦਸੇ ਵਿਚ ਮੌਤ ਹੋਈ ਹੈ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਮੁਆਵਜ਼ਾ ਿਦੱਤਾ ਜਾਵੇ।

PunjabKesari

ਧਰਨਾ ਪ੍ਰਦਰਸ਼ਨ 'ਚ ਹਿੱਸਾ ਲੈਣ ਵਾਲੇ ਆਗੂ
ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਅਸ਼ੋਕ ਗੁਪਤਾ, ਸੂਬਾ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅੰਮ੍ਰਿਤ ਖੋਸਲਾ, ਸੂਬਾ ਕਾਂਗਰਸ ਦੇ ਸਾਬਕਾ ਸਕੱਤਰ ਯਸ਼ਪਾਲ ਧੀਮਾਨ, ਰਾਜ ਕੁਮਾਰ ਰਾਜੂ, ਟੋਨੂੰ ਜਿੰਦਲ, ਬਿੱਟੂ ਧੀਰ, ਡਾ. ਪ੍ਰਦੀਪ ਰਾਏ, ਅਰੁਣ ਜੈਨ, ਜਗਦੀਪ ਸਿੰਘ ਸੋਨੂੰ, ਪਰਮਜੀਤ ਬੱਲ, ਪੌਂਟੀ ਰਾਜਪਾਲ, ਜਤਿੰਦਰ ਜੋਨੀ, ਕਰਨ ਪਾਠਕ, ਪ੍ਰਵੀਨ ਪਹਿਲਵਾਨ, ਚੰਨਪ੍ਰੀਤ ਚੰਨੀ, ਬੌਬ ਮਲਹੋਤਰਾ, ਮਨਜੀਤ ਿਸਮਰਨ, ਅੰਜੂ ਦੁੱਗਲ, ਅਮਨ ਧੰਨੋਵਾਲੀ, ਰਾਜਿੰਦਰ ਧੰਨੋਵਾਲੀ, ਸੁਰਿੰਦਰ ਕੰਡੀ, ਰਾਮਨਾਥ, ਹਰਭਜਨ ਸਿੰਘ, ਮੇਲਾ ਸਿੰਘ, ਬਲਜਿੰਦਰ ਸਿੰਘ, ਨਰੇਸ਼ ਵਰਮਾ, ਹਨੀ ਕੁਮਾਰ, ਹਰਜੋਤ ਜੋਧਾ, ਜਗਤ ਸਿੰਘ, ਬਲਬੀਰ ਪੁਰੇਵਾਲ, ਪ੍ਰਤਾਪ ਸੈਣੀ, ਪ੍ਰੇਮ ਨਾਥ ਦਕੋਹਾ, ਰਾਮ ਮੂਰਤੀ, ਜਗਤ ਸਿੰਘ, ਅਮਰਜੋਤ ਸੰਨੀ, ਹਰੀ ਰਾਮ, ਕੁਲਦੀਪ ਸ਼ਰਮਾ, ਮਨਪ੍ਰੀਤ ਬੱਬਰ, ਤਜਿੰਦਰ ਪਵਾਰ, ਮੀਨੂੰ ਨੰਗਲਸ਼ਾਮਾ, ਤਿਲਕ ਰਾਜ ਚੋਹਕਾਂ, ਸਤਵੀਰ ਪਰਮਾਰ, ਰਣਦੀਪ ਸੂਰੀ, ਧਰਮਪਾਲ, ਪਾਸੀ ਦਕੋਹਾ, ਗੁਰਪਾਲ ਸਿੰਘ, ਸੰਦੀਪ ਖੋਸਲਾ, ਭੁਪੇਸ਼ ਸੁਗੰਧ, ਸੁਭਾਸ਼ ਡਲਹੋਤਰਾ, ਪਿਆਰਾ ਸਿੰਘ, ਰਵੀ ਚੁਗਿੱਟੀ, ਕਿਸ਼ਨ ਲਾਲ ਮੱਟੂ, ਰਾਜਨ ਗੁਪਤਾ, ਰਾਕੇਸ਼ ਕੁਮਾਰ, ਅਸ਼ੋਕ ਸੱਭਰਵਾਲ, ਆਸ਼ੂ ਧੀਰ, ਭੁਪਿੰਦਰ ਜੌਲੀ, ਗੁਰਮੀਤ ਮਿਨਹਾਸ, ਡਾ. ਸੁਰਿੰਦਰ ਕੌਰ, ਸੁਖਦੇਵ ਿਸੰਘ, ਇਕਬਾਲ ਸਿੰਘ ਆਦਿ ਮੌਜੂਦ ਸਨ।

ਪੀ. ਏ. ਪੀ. ਰੇਲਵੇ ਓਵਰਬ੍ਰਿਜ ਹੋਵੇਗਾ ਸਿਕਸ ਲੇਨ, ਪੁਲ ਦੀ ਚੌੜਾਈ ਵਧਣ ਨਾਲ ਖਤਮ ਹੋਵੇਗਾ ਐਕਸੀਡੈਂਟ ਜ਼ੋਨ : ਡਿਪਟੀ ਕਮਿਸ਼ਨਰ
ਪ੍ਰਸ਼ਾਸਨ ਹਾਈਵੇਅ ਅਥਾਰਿਟੀ ਦੇ ਨਾਲ ਸੰਪਰਕ 'ਚ, ਜਨਤਾ ਨੂੰ ਜਲਦੀ ਮਿਲੇਗੀ ਰਾਹਤ
ਪੀ. ਏ. ਪੀ. ਰੇਲਵੇ ਓਵਰਬ੍ਰਿਜ ਨੂੰ ਜਾਂਦੇ ਰਸਤੇ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਕਾਂਗਰਸੀ ਆਗੂਆਂ ਵੱਲੋਂ ਚੱਕਾ ਜਾਮ ਕਰਨ ਦੇ ਸੰਦਰਭ 'ਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਜਨਤਾ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਤਤਪਰ ਹੈ ਅਤੇ ਲੋਕਾਂ ਨੂੰ ਜਲਦੀ ਰਾਹਤ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਫਲਾਈਓਵਰ ਨੂੰ ਚੜ੍ਹਨ ਵਾਲੀ ਸੜਕ ਨੂੰ ਐਕਸੀਡੈਂਟ ਜ਼ੋਨ ਕਾਰਣ ਬੰਦ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਿਸਆ ਕਿ ਇਸ ਸਮੱਸਿਆ ਦੇ ਹੱਲ ਲਈ ਪ੍ਰਸਤਾਵ ਹਾਈਵੇ ਅਥਾਰਟੀ ਅਤੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਹਾਈਵੇਅ ਅਥਾਰਿਟੀ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਵਰਿੰਦਰ ਸ਼ਰਮਾ ਨੇ ਕਿਹਾ ਕਿ ਉਹ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਹੁਣ ਰੇਲਵੇ ਓਵਰਬ੍ਰਿਜ ਨੂੰ ਸਿਕਸ ਲੇਨ ਕੀਤਾ ਜਾਵੇਗਾ, ਜਿਸ ਦਾ ਡਿਜ਼ਾਈਨ ਹਾਈਵੇਅ ਅਥਾਰਿਟੀ ਵੱਲੋਂ ਬਣਾਇਆ ਜਾ ਰਿਹਾ ਹੈ। ਫਲਾਈਓਵਰ ਦੇ ਦੋਵਾਂ ਰਸਤਿਆਂ 'ਤੇ ਨਵੀਂ 1-1 ਲੇਨ ਬਣ ਜਾਣ ਨਾਲ ਬ੍ਰਿਜ ਨੂੰ ਜਾਂਦੀ ਸੜਕ ਚੌੜੀ ਹੋ ਜਾਵੇਗੀ, ਜਿਸ ਨਾਲ ਜਿਥੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਅਤੇ ਐਕਸੀਡੈਂਟ ਜ਼ੋਨ ਵੀ ਖਤਮ ਹੋ ਜਾਵੇਗਾ। ਅਗਲੇ ਮਹੀਨੇ ਤੱਕ ਹਾਈਵੇ ਅਥਾਰਿਟੀ ਦਾ ਪ੍ਰਾਜੈਕਟ ਪਲਾਂਟ ਬਣ ਜਾਵੇਗਾ, ਜਿਸ ਤੋਂ ਬਾਅਦ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

PunjabKesari
ਦਰਅਸਲ ਬੀਤੇ ਦਿਨ ਕੀਤੀ ਗਈ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ 'ਚ ਰਾਜਿੰਦਰ ਬੇਰੀ ਨੇ ਕੈਬਨਿਟ ਮੰਤਰੀ ਓ. ਪੀ. ਸੋਨੀ ਦੇ ਸਾਹਮਣੇ ਵਿਧਾਇਕ ਬੇਰੀ ਨੇ ਪੀ. ਏ. ਪੀ. ਦੀ ਬੰਦ ਸੜਕ ਨੂੰ ਖੋਲ੍ਹਣ ਲਈ ਅਤੇ ਲੰਮਾ ਪਿੰਡ-ਜੰਡੂਸਿੰਘਾ ਸੜਕ ਬਣਾਉਣ ਤੋਂ ਪਹਿਲਾਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਮਾਮਲਾ ਵੀ ਰੱਖਿਆ ਸੀ। ਇਸ ਦੌਰਾਨ ਰਾਜਿੰਦਰ ਬੇਰੀ ਨੈਸ਼ਨਲ ਹਾਈਵੇਅ ਆਥਾਰਿਟੀ ਖਿਲਾਫ ਬੁੱਧਵਾਰ ਨੂੰ ਦਿੱਤੇ ਜਾਣ ਵਾਲੇ ਧਰਨੇ-ਪ੍ਰਦਰਸ਼ਨ ਲਈ ਅੜ ਗਏ ਸਨ।

ਓ. ਪੀ. ਸੋਨੀ ਨੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਬੰਦ ਕਮਰੇ 'ਚ ਵਿਧਾਇਕ ਬੇਰੀ ਨੂੰ ਧਰਨਾ ਨਾ ਲਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਵਿਧਾਇਕ ਬੇਰੀ ਨੇ ਸਪੱਸ਼ਟ ਕਿਹਾ ਸੀ ਕਿ ਲੋਕ ਹਿਤ ਦੇ ਮਾਮਲੇ 'ਚ ਉਹ ਬੈਕਫੁਟ 'ਤੇ ਨਹੀਂ ਆਉਣਗੇ ਅਤੇ ਪੀ. ਏ. ਪੀ. ਦੀ ਬੰਦ ਸੜਕ ਨੂੰ ਲੋਕਾਂ ਲਈ ਖੋਲ੍ਹਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਇਲਾਵਾ ਵਿਧਾਇਕ ਬੇਰੀ ਨੇ ਲੰਮਾ ਪਿੰਡ ਤੋਂ ਲੈ ਕੇ ਜੰਡੂਸਿੰਘਾ ਤੱਕ ਬਣਾਈ ਜਾ ਰਹੀ ਸੜਕ 'ਤੇ ਪਹਿਲਾਂ ਸੀਵਰੇਜ ਦਾ ਕੰਮ ਅਤੇ ਮੀਂਹ ਦੇ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਕਰਨ ਦਾ ਮਾਮਲਾ ਰੱਖਿਆ ਸੀ। ਉਨ੍ਹਾਂ ਕਿਹਾ ਸੀ ਜੇਕਰ ਮੀਂਹ ਦੇ ਪਾਣੀ ਦੀ ਵਿਵਸਥਾ ਨਹੀਂ ਕੀਤੀ ਗਈ ਤਾਂ ਸੜਕ ਜ਼ਿਆਦਾ ਸਮੇਂ ਤੱਕ ਨਹੀਂ ਰਹੇਗੀ।


shivani attri

Content Editor

Related News