ਪੀ. ਯੂ. ਦਾ ਬਾਇਓਮੈਟ੍ਰਿਕ ਅਟੈਂਡੈਂਸ ਪ੍ਰਾਜੈਕਟ ਫੇਲ

Sunday, Dec 31, 2017 - 08:52 AM (IST)

ਚੰਡੀਗੜ੍ਹ (ਰਸ਼ਿਮ ਹੰਸ)-ਪੰਜਾਬ ਯੂਨੀਵਰਸਿਟੀ ਦਾ ਬਾਇਓਮੈਟ੍ਰਿਕ ਅਟੈਂਡੈਂਸ ਦਾ ਪ੍ਰਾਜੈਕਟ ਫੇਲ ਹੋ ਗਿਆ ਹੈ। ਪ੍ਰਸ਼ਾਸਨਿਕ ਬਲਾਕ ਨੂੰ ਛੱਡ ਕੇ ਹੋਰ ਕਿਸੇ ਵੀ ਵਿਭਾਗ ਵਿਚ ਬਾਇਓਮੈਟ੍ਰਿਕ ਅਟੈਂਡੈਂਸ ਸ਼ੁਰੂ ਨਹੀਂ ਹੋ ਸਕੀ ਹੈ। ਪੀ. ਯੂ. ਦੇ ਪ੍ਰਸ਼ਾਸਨਿਕ ਬਲਾਕ ਵਿਚ ਸੈਸ਼ਨ 2016 ਦਸੰਬਰ ਮਹੀਨੇ ਤੋਂ ਟਰਾਇਲ ਦੇ ਤੌਰ 'ਤੇ ਬਾਇਓਮੈਟ੍ਰਿਕ ਮਸ਼ੀਨ ਤੋਂ ਅਟੈਂਡੈਂਸ ਲਾਉਣੀ ਸ਼ੁਰੂ ਹੋਈ ਸੀ। ਟ੍ਰਾਇਲ ਤੋਂ ਬਾਅਦ ਬਾਇਓਮੈਟ੍ਰਿਕ ਅਟੈਂਡੈਂਸ ਹੋਰ ਵਿਭਾਗਾਂ ਵਿਚ ਸ਼ੁਰੂ ਕੀਤੀ ਜਾਣੀ ਸੀ ਪਰ ਇਕ ਸਾਲ ਬਾਅਦ ਵੀ ਇਹ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕਿਆ। 
ਧਿਆਨ ਰਹੇ ਕਿ ਜਦ ਪ੍ਰਸ਼ਾਸਨਿਕ ਬਲਾਕ ਵਿਚ ਬਾਇਓਮੈਟ੍ਰਿਕ ਅਟੈਂਡੈਂਸ ਸ਼ੁਰੂ ਹੋਈ ਸੀ ਤਾਂ ਕਰਮਚਾਰੀਆਂ ਵਿਚ ਰੋਸ ਸੀ। ਕਰਮਚਾਰੀਆਂ ਦਾ ਕਹਿਣਾ ਸੀ ਕਿ ਬਾਇਓਮੈਟ੍ਰਿਕ ਅਟੈਂਡੈਂਸ ਸਿਰਫ ਨਾਨ ਟੀਚਿੰਗ ਸਟਾਫ ਲਈ ਸ਼ੁਰੂ ਕੀਤੀ ਗਈ ਹੈ, ਜਦ ਕਿ ਨਾਨ ਟੀਚਿੰਗ ਦੇ ਨਾਲ-ਨਾਲ ਟੀਚਿੰਗ ਸਟਾਫ ਤੇ ਸਟੂਡੈਂਟਸ ਲਈ ਵੀ ਇਸ ਨੂੰ ਸ਼ੁਰੂ ਕੀਤਾ ਜਾਣਾ ਸੀ, ਤਾਂ ਕਿ ਸਟੂਡੈਂਟਸ ਦੀ ਅਟੈਂਡੈਂਸ ਤੇ ਸਿੱਖਿਅਕਾਂ ਵਲੋਂ ਲਏ ਜਾਣ ਵਾਲੇ ਲੈਕਚਰ 'ਤੇ ਵੀ ਨਜ਼ਰ ਰੱਖੀ ਜਾ ਸਕੇ।
ਨਾਨ ਟੀਚਿੰਗ ਸਟਾਫ 'ਤੇ ਹੀ ਨਿਯਮ ਕਿਉਂ?: ਕਰਮਚਾਰੀਆਂ ਦਾ ਕਹਿਣਾ ਹੈ ਕਿ ਸਿਰਫ ਨਾਨ ਟੀਚਿੰਗ ਸਟਾਫ 'ਤੇ ਹੀ ਬਾਇਓਮੈਟ੍ਰਿਕ ਅਟੈਂਡੈਂਸ ਦੇ ਨਿਯਮ ਲਾਗੂ ਕੀਤੇ ਗਏ ਹਨ, ਬਾਕੀ ਸਟਾਫ ਦੀ ਅਟੈਂਡੈਂਸ ਰਜਿਸਟਰ 'ਤੇ ਕਿਉਂ ਲਾਈ ਜਾ ਰਹੀ ਹੈ? ਪੀ. ਯੂ ਦੇ ਕਈ ਵਿਭਾਗਾਂ ਵਿਚ ਬਾਇਓਮੈਟ੍ਰਿਕ ਅਟੈਂਡੈਂਸ ਲਾਉਣ ਲਈ ਪਿਛਲੇ ਸਾਲ ਬਾਇਓਮੈਟ੍ਰਿਕ ਮਸ਼ੀਨਾਂ ਮੰਗਵਾਈਆਂ ਗਈਆਂ ਸਨ ਪਰ ਇਹ ਮਸ਼ੀਨਾਂ ਸਾਰੇ ਵਿਭਾਗਾਂ ਵਿਚ ਨਹੀਂ ਲਾਈਆਂ ਗਈਆਂ ਹਨ। ਉਥੇ ਹੀ ਪੀ. ਯੂ. ਦੇ ਰਜਿਸਟਰਾਰ ਜੀ. ਐੱਸ. ਚੱਢਾ ਨਾਲ ਸੰਪਰਕ ਨਹੀਂ ਹੋ ਸਕਿਆ।

ਬਾਇਓਮੈਟ੍ਰਿਕ ਅਟੈਂਡੈਂਸ ਅਨੁਸ਼ਾਸਨ ਬਣਾਈ ਰੱਖਣ ਲਈ ਸ਼ੁਰੂ ਕੀਤੀ ਗਈ ਹੈ ਪਰ ਇਹ ਨਿਯਮ ਟੀਚਿੰਗ, ਨਾਨ ਟੀਚਿੰਗ ਤੇ ਸਟੂਡੈਂਟਸ ਸਾਰਿਆਂ ਲਈ ਬਰਾਬਰ ਲਾਗੂ ਹੋਣੇ ਚਾਹੀਦੇ ਹਨ ਪਰ ਪੀ. ਯੂ. ਪ੍ਰਬੰਧਕਾਂ ਨੇ ਸਿਰਫ ਨਾਨ ਟੀਚਿੰਗ ਸਟਾਫ ਲਈ ਬਾਇਓਮੈਟ੍ਰਿਕ ਅਟੈਂਡੈਂਸ ਸ਼ੁਰੂ ਕੀਤੀ ਹੈ।
¸ਦੀਪਕ ਕੌਸ਼ਿਕ,
ਪ੍ਰਧਾਨ ਨਾਨ ਟੀਚਿੰਗ ਸਟਾਫ


Related News