ਮਜ਼ਦੂਰਾਂ ਨੇ ਪੰਚਾਇਤੀ ਜ਼ਮੀਨ ’ਤੇ ਕੀਤਾ ਕਬਜ਼ਾ, ਕਿਹਾ ਖੁਦ ਵੰਡ ਲਵਾਂਗੇ ਪਲਾਟ
Tuesday, Jul 10, 2018 - 04:59 AM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਪਿੰਡ ਮੌਡ਼ ਵਿਖੇ ਖੇਤ ਮਜ਼ਦੂਰਾਂ ਨੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰ ਕੇ ਰੋਸ ਰੈਲੀ ਕੱਢੀ। ਇਸ ਸਮੇਂ ਸਭਾ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਸੂਬਾ ਸਕੱਤਰ ਜਗਜੀਤ ਸਿੰਘ ਜੱਸੇਆਣਾ ਅਤੇ ਜਸਵਿੰਦਰ ਸਿੰਘ ਸੰਗੂਧੌਣ ਮੌਜੂਦ ਸਨ। ਪਿੰਡ ਦੇ ਮਜ਼ਦੂਰਾਂ ਹਰਮੀਤ ਸਿੰਘ ਮੌਡ਼, ਦਲੀਪ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ ਨੇ ਦੋਸ਼ ਲਾਇਆ ਕਿ ਸਾਨੂੰ ਪੰਚਾਇਤ ਵੱਲੋਂ 5-5 ਮਰਲਿਅਾਂ ਦੇ ਪਲਾਟ ਨਹੀਂ ਦਿੱਤੇ ਜਾ ਰਹੇ, ਇਸ ਕਾਰਨ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਉਨ੍ਹਾਂ ਨੇ ਆਪ ਹੀ ਪਲਾਟ ਵੰਡ ਲਏ ਹਨ।
ਇਸ ਮੌਕੇ ਗੁਰਜੰਟ ਸਿੰਘ, ਨਛੱਤਰ ਸਿੰਘ, ਜਸਪਾਲ ਸਿੰਘ, ਰਾਜਾ ਸਿੰਘ, ਜਸਕਰਨ ਸਿੰਘ, ਮਨਪ੍ਰੀਤ ਕੌਰ, ਹਰਮੀਤ ਕੌਰ, ਲਖਵਿੰਦਰ ਸਿੰਘ, ਬਲਜਿੰਦਰ ਕੌਰ, ਸੰਦੀਪ ਕੌਰ, ਜਸਵੀਰ ਕੌਰ, ਸਤਪਾਲ ਸਿੰਘ ਆਦਿ ਮੌਜੂਦ ਸਨ।
ਕੀ ਕਹਿਣਾ ਪਿੰਡ ਦੇ ਸਰਪੰਚ ਦਾ
ਇਸ ਮਾਮਲੇ ਸਬੰਧੀ ਜਦੋਂ ਪਿੰਡ ਮੌਡ਼ ਦੇ ਸਰਪੰਚ ਸਰਵਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਬੀ. ਡੀ. ਪੀ. ਓ. ਨੂੰ ਕਾਰਵਾਈ ਕਰਨ ਹਿੱਤ ਲਿਖਤੀ ਰੂਪ ’ਚ ਭੇਜ ਦਿੱਤਾ ਹੈ ਪਰ ਜਦੋਂ ਇਸ ਸਬੰਧ ’ਚ ਬੀ. ਡੀ. ਪੀ. ਓ. ਸੁਖਮੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ।
ਕੀ ਕਹਿਣਾ ਹੈ ਐੱਸ. ਐੱਚ. ਓ. ਦਾ
ਜਦੋਂ ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਜਦੋਂ ਆਵੇਗੀ ਤਾਂ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
