ਪੰਚਾਇਤੀ ਚੋਣਾਂ : ਸਵੇਰੇ 8 ਤੋਂ ਸ਼ਾਮ 4 ਵਜੇ ਤਕ ਹੋਵੇਗੀ ਪੋਲਿੰਗ, ਸ਼ਾਮ ਨੂੰ ਆਉਣਗੇ ਨਤੀਜੇ

Tuesday, Oct 15, 2024 - 05:32 AM (IST)

ਪੰਚਾਇਤੀ ਚੋਣਾਂ : ਸਵੇਰੇ 8 ਤੋਂ ਸ਼ਾਮ 4 ਵਜੇ ਤਕ ਹੋਵੇਗੀ ਪੋਲਿੰਗ, ਸ਼ਾਮ ਨੂੰ ਆਉਣਗੇ ਨਤੀਜੇ

ਜਲੰਧਰ (ਚੋਪੜਾ) – ਪੰਚਾਇਤੀ ਚੋਣਾਂ ਸਬੰਧੀ 15 ਅਕਤੂਬਰ ਨੂੰ ਹੋਣ ਵਾਲੀ ਪੋਲਿੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸਾਰੇ 1209 ਪੋਲਿੰਗ ਕੇਂਦਰਾਂ ’ਤੇ ਸਵੇਰੇ 8 ਵਜੇ ਪੋਲਿੰਗ ਸ਼ੁਰੂ ਹੋਵੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ 195 ਗ੍ਰਾਮ ਪੰਚਾਇਤਾਂ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ ਅਤੇ ਬਾਕੀ 695 ਪੰਚਾਇਤਾਂ ਲਈ ਮੰਗਲਵਾਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤਕ ਪੋਲਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਕੁੱਲ 8,15,033 ਵੋਟਰ ਹਨ, ਜਿਨ੍ਹਾਂ ਵਿਚ 4,20,756 ਮਰਦ, 3,94,268 ਔਰਤਾਂ ਤੇ 9 ਹੋਰ ਵੋਟਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਪੋਲਿੰਗ ਪ੍ਰਕਿਰਿਆ ਨੂੰ ਸੁਚਾਰੂ ਅਤੇ ਉਚਿਤ ਢੰਗ ਨਾਲ ਕਰਵਾਉਣ ਲਈ 10 ਹਜ਼ਾਰ ਤੋਂ ਵੱਧ ਪੋਲਿੰਗ ਕਰਮਚਾਰੀ ਆਪਣੀ ਡਿਊਟੀ ਨਿਭਾਅ ਰਹੇ ਹਨ।

ਡਾ. ਅਗਰਵਾਲ ਨੇ ਦੱਸਿਆ ਕਿ ਪੋਲਿੰਗ ਦੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ, ਜਿਸ ਦੇ ਬਾਅਦ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ। ਉਨ੍ਹਾਂ ਵੋਟਰਾਂ ਨੂੰ ਸਮੇਂ ’ਤੇ ਪੋਲਿੰਗ ਕੇਂਦਰ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸੂਬਾਈ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਪੋਲਿੰਗ ਕੇਂਦਰਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਆਜ਼ਾਦ ਅਤੇ ਨਿਰਪੱਖ ਚੋਣ ਪ੍ਰਸ਼ਾਸਨ ਦੀ ਮੁੱਖ ਪਹਿਲ ਹੈ। ਉਨ੍ਹਾਂ ਚੋਣ ਕਰਮਚਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਤੇ ਈਮਾਨਦਾਰੀ ਨਾਲ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਪੋਲਿੰਗ ਕਰਮਚਾਰੀਆਂ ਨੂੰ ਇਸ ਗੱਲ ’ਤੇ ਮਾਣ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਸ ਮਹੱਤਵਪੂਰਨ ਕੰਮ ਵਿਚ ਆਪਣੀ ਡਿਊਟੀ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਵੋਟਰਾਂ ਨੂੰ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵੋਟਰ ਸ਼ਾਂਤੀ ਅਤੇ ਅਨੁਸ਼ਾਸਨ ਨਾਲ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਲੋਕਤੰਤਰਿਕ ਪ੍ਰਕਿਰਿਆ ਨੂੰ ਸਫਲ ਬਣਾਉਣ।

ਇਨ੍ਹਾਂ ’ਚੋਂ ਕੋਈ ਇਕ ਦਸਤਾਵੇਜ਼ ਦਿਖਾ ਕੇ ਵੋਟਰ ਪਾ ਸਕਣਗੇ ਵੋਟ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਨਾਗਰਿਕ ਪੋਲਿੰਗ ਕੇਂਦਰ ’ਤੇ ਪਛਾਣ-ਪੱਤਰ ਵਜੋਂ ਆਪਣਾ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਮਨਰੇਗਾ ਜੌਬ ਕਾਰਡ, ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ ਅਤੇ ਨੀਲਾ ਕਾਰਡ ਦਿਖਾ ਕੇ ਆਪਣੀ ਵੋਟ ਪਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸਦੇ ਇਲਾਵਾ ਫੋਟੋ ਵਾਲੀ ਨਾਗਰਿਕ ਪਾਸਬੁੱਕ, ਸਿਹਤ ਬੀਮਾ ਕਾਰਡ, ਸੇਵਾ ਪਛਾਣ ਪੱਤਰ (ਫੋਟੋ ਸਮੇਤ) ਜੋ ਕੇਂਦਰ/ਸੂਬਾਈ ਸਰਕਾਰ/ਪੀ. ਐੱਸ. ਯੂ./ਸਮਾਰਟ ਕਾਰਡ (ਵੱਲੋਂ ਜਾਰੀ ਐੱਨ. ਪੀ. ਆਰ. ਤਹਿਤ ਆਰ. ਜੀ. ਆਈ), ਪੈਨਸ਼ਨ ਦਸਤਾਵੇਜ਼, ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਐੱਮ. ਪੀ./ਐੱਮ. ਐੱਲ.ਏ. ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਪਛਾਣ-ਪੱਤਰ ਅਤੇ ਵਿਸ਼ੇਸ਼ ਦਿਵਿਆਂਗ ਆਈ. ਡੀ. ਕਾਰਡ (ਯੂ. ਡੀ. ਆਈ. ਡੀ. ਕਾਰਡ) ਦਿਖਾ ਕੇ ਵੀ ਵੋਟ ਪਾਈ ਜਾ ਸਕਦੀ ਹੈ।


author

Inder Prajapati

Content Editor

Related News