ਪੰਚਾਇਤੀ ਚੋਣਾਂ ਲਈ ਚੋਣ ਅਮਲੇ ਰਵਾਨਾ, ਸਰਪੰਚੀ ਲਈ 28,375 ਉਮੀਦਵਾਰ ਮੈਦਾਨ 'ਚ

12/29/2018 2:21:05 PM

ਜਲੰਧਰ (ਵੈੱਬ ਡੈਸਕ) : ਐਤਵਾਰ ਨੂੰ ਹੋਣ ਜਾ ਰਹੀਆਂ ਸੂਬੇ ਭਰ 'ਚ ਪੰਚਾਇਤੀ ਚੋਣਾਂ ਲਈ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ ਤੋਂ ਬੰਦ ਹੈ। 30 ਦਸੰਬਰ ਨੂੰ ਚੋਣ ਮੈਦਾਨ 'ਚ ਸੂਬੇ ਦੇ 13,276 ਪੰਚਾਇਤਾਂ ਲਈ 28,375 ਸਰਪੰਚ ਉਮੀਦਵਾਰ ਅਤੇ 1,0,40,27 ਉਮੀਦਵਾਰ ਪੰਚ ਅਹੁਦੇ ਦੀ ਚੋਣ ਲੜ ਰਹੇ ਹਨ। ਸੂਬਾ ਕਮਿਸ਼ਨ ਵਲੋਂ ਇਨ੍ਹਾਂ ਚੋਣਾਂ ਲਈ ਲਗਾਤਾਰ ਸਖ਼ਤੀ ਦਿਖਾਈ ਜਾ ਰਹੀ ਹੈ, ਉੱਥੇ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੂਬੇ 'ਚ ਇਹ ਚੋਣ ਅਮਨ-ਅਮਾਨ ਨਾਲ ਕਰਵਾਈ ਜਾਵੇਗੀ। ਸ਼ਨੀਵਾਰ ਸਵੇਰ ਤੋਂ ਹੀ ਚੋਣ ਅਮਲੇ ਨੂੰ ਪੋਲਿੰਗ ਪ੍ਰਕਿਰਿਆ ਨਾਲ ਸੰਬੰਧਿਤ ਸਾਮਾਨ ਉਨ੍ਹਾਂ ਦੇ ਬੂਥਾਂ ਲਈ ਰਵਾਨਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਚੋਣ ਪਾਰਟੀਆਂ ਪਿੰਡਾਂ 'ਚ ਜਾ ਕੇ ਚੋਣ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕਰਨਗੀਆਂ। ਪੁਲਸ ਪ੍ਰਸ਼ਾਸਨ ਵਲੋਂ ਚੋਣ ਪ੍ਰਕਿਰਿਆ ਦੌਰਾਨ ਸ਼ਾਂਤੀ ਬਣਾਏ ਰੱਖਣ ਲਈ ਸੂਬੇ ਭਰ 'ਚ ਖਾਸ ਮੁਸਤੈਦੀ ਦਿਖਾਈ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਰੱਦ ਹੋਈਆਂ ਨਾਮਜ਼ਦਗੀਆਂ ਨੂੰ ਲੈ ਕੇ ਕੁਝ ਉਮੀਦਵਾਰਾਂ ਵਲੋਂ ਹਾਈਕੋਰਟ ਦਾ ਰੁਖ ਵੀ ਕੀਤਾ ਗਿਆ ਸੀ, ਜਿਨ੍ਹਾਂ ਨੂੰ ਅਜੇ ਵੀ ਇਸ ਸਥਿਤੀ ਸਪਸ਼ਟ ਨਹੀਂ ਹੋ ਸਕੀ ਹੈ ਕਿ ਉਹ ਚੋਣ ਲੜ ਰਹੇ ਹਨ ਜਾਂ ਨਹੀਂ। ਇਸ ਤਰ੍ਹਾਂ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਹੀ ਸੂਬੇ ਭਰ 'ਚੋਂ 1863 ਸਰਪੰਚ ਅਤੇ 22,203 ਪੰਚ ਨਿਰਵਿਰੋਧ ਚੁਣੇ ਗਏ ਹਨ।

ਦੱਸ ਦਈਏ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਮਾਹੌਲ ਕਾਫੀ ਗਰਮਾਇਆ ਹੋਇਆ ਸੀ। ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਜਿੱਥੇ ਧੱਕੇਸ਼ਾਹੀਆਂ ਤੇ ਕਾਗਜ਼ ਰੱਦ ਕਰਨ ਦੇ ਕਈ ਮਾਮਲੇ ਵੀ ਸਾਹਮਣੇ ਆਏ, ਉੱਥੇ ਹੀ ਪੰਜਾਬ ਦੇ ਬਹੁਤ ਸਾਰੇ ਪਿੰਡਾਂ 'ਚ ਪੰਚਾਇਤਾਂ ਨੂੰ ਲੈ ਕੇ ਸਰਬਸਮੰਤੀ ਨਾਲ ਵੀ ਸਰਪੰਚ ਚੁਣਿਆ ਗਿਆ। ਇਸ ਦੌਰਾਨ ਸਰਪੰਚਾਂ ਨੇ ਚੋਣ ਪ੍ਰਚਾਰ ਦੇ ਕਈ ਤਰੀਕੇ ਵਰਤੇ, ਜਿਸ 'ਤੇ ਹੁਣ ਵਿਰਾਮ ਲੱਗ ਚੁੱਕਾ ਹੈ। ਦੱਸਣਯੋਗ ਹੈ ਕਿ 30 ਦਸੰਬਰ ਨੂੰ ਵੋਟਾਂ ਪੈਣ ਤੋਂ ਬਾਅਦ ਹੀ ਦੇਰ ਸ਼ਾਮ ਜਾਂ ਰਾਤ ਤੱਕ ਸਾਰੇ ਨਤੀਜੇ ਆ ਜਾਣਗੇ। 


Anuradha

Content Editor

Related News