ਸੂਬੇ ਭਰ 'ਚ ਕਰਮਚਾਰੀਆਂ ਨੇ ਲਾਈਆਂ ਪਨਬੱਸ ਨੂੰ ਬਰੇਕਾਂ

Tuesday, Jul 02, 2019 - 01:26 PM (IST)

ਸੂਬੇ ਭਰ 'ਚ ਕਰਮਚਾਰੀਆਂ ਨੇ ਲਾਈਆਂ ਪਨਬੱਸ ਨੂੰ ਬਰੇਕਾਂ

ਮੋਗਾ,ਲੁਧਿਆਣਾ, ਬਠਿੰਡਾ,ਪਟਿਆਲਾ, ਫਿਰੋਜ਼ਪੁਰ (ਵਿਪਨ)—ਪੰਜਾਬ ਰੋਡਵੇਜ਼ ਠੇਕਾ ਵਰਕਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਤੋਂ ਵਰਕਰਾਂ ਨੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਯੂਨੀਅਨ ਨੇ ਆਪਣੀਆਂ ਮੰਗਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਇਸ ਕਰਕੇ ਯੂਨੀਅਨ ਦੋ ਤੋਂ ਚਾਰ ਜੁਲਾਈ ਤੱਕ ਬੱਸਾਂ ਨੂੰ ਨਹੀਂ ਚੱਲਣ ਦੇਵੇਗੀ। ਇਸ ਦੇ ਤਹਿਤ ਮੋਗਾ 'ਚ ਪਨਬੱਸ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਬੱਸਾਂ ਦੀ ਹੜਤਾਲ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਕੇ ਪੁਤਲਾ ਵੀ ਸਾੜਿਆ ਗਿਆ ਹੈ। ਯੂਨੀਅਨ ਲੀਡਰਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ। 

ਦੱਸਣਯੋਗ ਹੈ ਕਿ ਇਸ ਹੜਤਾਲ ਦੇ ਕਾਰਨ ਅੱਜ ਕੋਈ ਵੀ ਬੱਸ ਨਹੀਂ ਚੱਲੇਗੀ ਅਤੇ ਨਾ ਹੀ ਕੋਈ ਬੱਸ ਸਟੈਂਡ 'ਚ ਆਵੇਗੀ। ਦੂਜੇ ਪਾਸੇ ਬੁੱਧਵਾਰ ਨੂੰ ਟਰਾਂਸਪੋਰਟ ਮੰਤਰੀ ਦੇ ਘਰ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਹੜਤਾਲ ਦੇ ਕਾਰਨ  ਕੁਝ ਜ਼ਿਲੇ ਕਾਫੀ ਪ੍ਰਭਾਵਿਤ ਹੋ ਰਹੇ ਹਨ। ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ ਤੇ ਮੋਗਾ 'ਚ ਲੋਕਾਂ ਨੂੰ ਬੇਹੱਦ ਦਿੱੱਕਤਾਂ ਆ ਰਹੀਆਂ ਹਨ। ਆਪਣੀਆਂ ਮੰਗਾਂ ਮਨਾਉਣ ਲਈ ਰੋਡਵੇਜ਼ ਦੇ ਕਰੀਬ 3000 ਕਰਮਚਾਰੀ ਹੜਤਾਲ 'ਤੇ ਹਨ ਜਦਕਿ ਇਸ ਨਾਲ ਘੱਟੋ ਘੱਟ 15000 ਲੋਕ ਪ੍ਰਭਾਵਿਤ ਹੋਣਗੇ।


author

Shyna

Content Editor

Related News