ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਅੰਮ੍ਰਿਤਸਰ ਦੀ ਜੇਲ੍ਹ ''ਚ ਕੈਦ ਨੇ ਇਹ ਭੈਣਾਂ, ਉੱਥੇ ਪੈਦਾ ਹੋਈ ਧੀ ਨੇ ਅੱਜ ਤੱਕ ਨਹੀਂ ਦੇਖੀ ਬਾਹਰਲੀ ਦੁਨੀਆ

08/03/2017 12:21:30 PM

ਅੰਮ੍ਰਿਤਸਰ— ਪਾਕਿਸਤਾਨ ਦੀਆਂ ਦੋ ਭੈਣਾਂ ਫਾਤਿਮਾ ਬੀਬੀ, ਮੁਮਤਾਜ ਅਤੇ ਫਾਤਿਮਾ ਦੀ ਧੀ  ਹੀਨਾ ਦੱਸ ਸਾਲਾਂ ਤੋਂ ਅੰਮ੍ਰਿਤਸਰ ਦੀ ਜੇਲ੍ਹ ਵਿਚ ਬੰਦ ਆਪਣੀ ਆਜ਼ਾਦੀ ਦਾ ਇੰਤਜ਼ਾਰ ਕਰ ਰਹੀਆਂ ਹਨ। ਉਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਜ਼ੁਰਮਾਨੇ ਦੇ ਪੈਸੇ ਵੀ ਅਦਾ ਕਰ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਬਾਹਰ ਦੀ ਦੁਨੀਆ ਦਾ ਸੂਰਜ ਦੇਖਣਾ ਨਸੀਬ ਨਹੀਂ ਹੋਇਆ। ਖਾਸ ਤੌਰ 'ਤੇ 10 ਸਾਲਾ ਹੀਨਾ, ਜਿਸ ਦਾ ਜਨਮ ਵੀ ਜੇਲ੍ਹ ਦੀ ਚਾਰਦੀਵਾਰੀ ਵਿਚ ਹੋਇਆ, ਉਸ ਨੇ ਤਾਂ ਆਜ਼ਾਦੀ ਦੀ ਹਵਾ ਵਿਚ ਇਕ ਸਾਹ ਵੀ ਨਹੀਂ ਲਿਆ। ਉਹ ਆਪਣੀ ਮਾਂ ਦੇ ਨਾਲ ਉਸ ਜ਼ੁਰਮ ਦੀ ਸਜ਼ਾ ਭੁਗਤ ਰਹੀ ਹੈ, ਜੋ ਉਸ ਦੇ ਇਸ ਦੁਨੀਆ 'ਤੇ ਆਉਣ ਤੋਂ ਪਹਿਲਾਂ ਹੋਇਆ ਸੀ। ਜਿਸ ਸਮੇਂ ਫਾਤਿਮਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹ ਛੇ ਮਹੀਨਿਆਂ ਦੀ ਗਰਭਵਤੀ ਸੀ ਅਤੇ ਉਸ ਨੇ ਜੇਲ੍ਹ ਵਿਚ ਹੀ ਹੀਨਾ ਨੂੰ ਜਨਮ ਦਿੱਤਾ।
ਇੱਥੇ ਦੱਸ ਦੇਈਏ ਕਿ ਫਾਤਿਮਾ ਅਤੇ ਉਸ ਦੀ ਭੈਣ ਮੁਮਤਾਜ ਨੂੰ ਸਾਲ 2006 ਵਿਚ ਅਟਾਰੀ ਰੇਲਵੇ ਸਟੇਸ਼ਨ ਤੋਂ ਡਰੱਗਜ਼ ਸਮੇਤ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਭਾਰਤ ਵਿਚ ਆਪਣੇ ਇਕ ਰਿਸ਼ਤੇਦਾਰ ਨੂੰ ਮਿਲਣ ਲਈ ਆ ਰਹੀਆਂ ਸਨ। ਇਸ ਮਾਮਲੇ ਵਿਚ ਬੀਤੇ ਸਾਲ ਨਵੰਬਰ ਵਿਚ ਦੋਹਾਂ ਭੈਣਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਜ਼ੁਰਮਾਨੇ ਦੇ ਪੈਸੇ ਅਦਾ ਨਾ ਕੀਤੇ ਜਾਣ ਕਾਰਨ ਉਹ ਦੋ ਸਾਲ ਵਧੇਰੇ ਜੇਲ੍ਹ ਵਿਚ ਦੀ ਸਜ਼ਾ ਕੱਟ ਰਹੀਆਂ ਸਨ। ਬੀਤੇ ਸਾਲ 'ਸਰਬਤ ਦਾ ਭਲਾ' ਸੰਗਠਨ ਨੇ ਉਨ੍ਹਾਂ ਦੇ ਜ਼ੁਰਮਾਨੇ ਦੀ ਰਕਮ ਅਦਾ ਕਰ ਦਿੱਤੀ ਪਰ ਸਰਕਾਰੀ ਕਾਰਵਾਈਆਂ ਕਾਰਨ ਅਜੇ ਤੱਕ ਉਨ੍ਹਾਂ ਦੀ ਰਿਹਾਈ ਮੁਮਕਿਨ ਨਹੀਂ ਹੋ ਸਕੀ। 
'ਸਰਬਤ ਦਾ ਭਲਾ' ਸੰਗਠਨ ਦੇ ਸੰਸਥਾਪਕ ਨਵਜੇਤ ਸਿੰਘ ਗੱਗੂ ਨੇ ਕਿਹਾ ਕਿ ਇਹ ਭੈਣਾਂ ਆਪਣੀ ਸਜ਼ਾ ਤੋਂ 8 ਮਹੀਨੇ ਜ਼ਿਆਦਾ ਭੁਗਤ ਚੁੱਕੀਆਂ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਗੱਗੂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦਾ ਇਰਾਦਾ ਇਨ੍ਹਾਂ ਭੈਣਾਂ ਨੂੰ ਮੁਕਤ ਕਰਨ ਦਾ ਨਹੀਂ ਹੈ ਤਾਂ ਉਹ ਜ਼ੁਰਮਾਨੇ ਦੇ ਪੈਸੇ ਵਾਪਸ ਕਰ ਦੇਵੇ ਤਾਂ ਜੋ ਇਸ ਪੈਸੇ ਨਾਲ ਕਿਸੇ ਹੋਰ ਦੀ ਮਦਦ ਕੀਤੀ ਜਾ ਸਕੇ। ਸੰਗਠਨ ਨੇ ਸਰਕਾਰ ਦੇ ਵਤੀਰੇ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿੱਟ ਵੀ ਫਾਈਲ ਕੀਤੀ ਹੈ। 
ਇਸ ਮਾਮਲੇ ਵਿਚ ਅੰਮ੍ਰਿਤਸਰ ਜੇਲ੍ਹ ਦੇ ਸੁਪਰੀਡੈਂਟ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਯੂਨੀਅਨ ਗੋਰਮਿੰਟ ਦੇ ਵਿਚਾਰ ਅਧੀਨ ਹੈ। ਭਾਵੇਂ ਸੰਗਠਨ ਨੇ ਜ਼ੁਰਮਾਨੇ ਦਾ ਭੁਗਤਾਨ ਕਰ ਦਿੱਤਾ ਹੈ, ਪਰ ਉਨ੍ਹਾਂ ਨੂੰ ਸਰਕਾਰੀ ਦੀ ਮਨਜ਼ੂਰੀ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਸ ਮਾਮਲੇ ਵਿਚ ਪਾਕਿਸਤਾਨ ਸਰਕਾਰ ਨਾਲ ਵੀ ਤਾਲਮੇਲ ਕੀਤਾ ਜਾਵੇਗਾ। ਹਾਲਾਂਕਿ ਅਦਾਲਤ ਨੇ ਕਿਹਾ ਹੈ ਕਿ ਫਾਤਿਮਾ ਦੀ ਧੀ ਹੀਨਾ ਦੀ ਰਿਹਾਈ ਤੋਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਖੁਦ ਫਾਤਿਮਾ ਆਪਣੀ ਬੱਚੀ ਨੂੰ ਇਕੱਲੇ ਪਾਕਿਸਤਾਨ ਨਹੀਂ ਭੇਜਣਾ ਚਾਹੁੰਦੀ। ਇਸ ਦੇ ਨਾਲ ਹੀ ਉਸ ਦੀ ਨਾਗਰਿਕਤਾ ਵੀ ਇਕ ਸਵਾਲ ਬਣ ਕੇ ਖੜ੍ਹੀ ਹੈ ਕਿਉਂਕਿ ਉਸ ਦਾ ਜਨਮ ਭਾਰਤ ਦੀ ਜੇਲ੍ਹ ਵਿਚ ਹੋਇਆ ਹੈ।


Related News