ਬਾਬੇ ਨਾਨਕ ਨਾਲ ਜੁੜੇ ਇਸ ਪਾਕਿਸਤਾਨੀ ਪਰਿਵਾਰ ਨੂੰ ਨਹੀਂ ਮਿਲਿਆ ਭਾਰਤ ਦਾ ''ਵੀਜ਼ਾ''

11/30/2019 11:23:53 AM

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਪਾਕਿਸਤਾਨ ਦੇ ਰਾਏ ਭੁੱਲਰ ਭੱਟੀ ਪਰਿਵਾਰ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਰਾਏ ਭੁੱਲਰ ਭੱਟੀ ਪਰਿਵਾਰ ਨੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 18,500 ਏਕੜ ਜ਼ਮੀਨ ਦਾਨ 'ਚ ਦਿੱਤੀ ਸੀ। ਇਸ ਪਰਿਵਾਰ ਦੀ 19ਵੀਂ ਪੀੜ੍ਹੀ ਦੇ ਪਰਿਵਾਰ ਦੇ ਪੁੱਤ ਰਾਏ ਸਲੀਮ ਭੱਟੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਸੱਦਾ ਦਿੱਤਾ ਗਿਆ ਸੀ।

ਭੱਟੀ ਨੇ ਇਕ ਪੰਜਾਬੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਵਕੀਲਾਂ ਦੇ ਇਕ ਸੰਗਠਨ ਵਲੋਂ ਸੱਦਾ ਦਿੱਤਾ ਗਿਆ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਪਤਾ ਲਗਿਆ ਕਿ ਉਨ੍ਹਾਂ ਦੀ ਵੀਜ਼ਾ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਤੇ ਪੁੱਤਰ ਪਹਿਲੀ ਵਾਰ ਪੰਜਾਬ ਦੀ ਯਾਤਰਾ 'ਤੇ ਉਨ੍ਹਾਂ ਨਾਲ ਆ ਰਹੇ ਸਨ। ਭੱਟੀ ਨੇ ਕਿਹਾ ਕਿ ਹਾਲਾਂਕਿ ਜਿਨ੍ਹਾਂ ਕੰਮਾਂ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ, ਉਹ ਪਹਿਲਾਂ ਹੀ ਹੋ ਚੁੱਕੇ ਸਨ ਪਰ ਫਿਰ ਵੀ ਉਨ੍ਹਾਂ ਨੂੰ ਆਸ ਸੀ ਕਿ ਉਹ ਪੰਜਾਬ ਦਾ ਦੌਰਾ ਕਰ ਸਕਣਗੇ ਅਤੇ ਸੁਲਤਾਨਪੁਰ ਲੋਧੀ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਸਕਣਗੇ ਪਰ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ।

ਇਸ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਭੱਟੀ ਪਰਿਵਾਰ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਪੰਜਾਬ ਦੇ ਮੰਤਰੀਆਂ ਦੇ ਵਫਦ ਨੂੰ ਪਾਕਿਸਤਾਨ ਜਾਣ ਦਾ ਇਜਾਜ਼ਤ ਨਹੀਂ ਦਿੱਤੀ ਅਤੇ ਹੁਣ ਜਿਸ ਵਿਅਕਤੀ ਦੇ ਪਰਿਵਾਰ ਨੇ ਗੁਰੂ ਜੀ ਨੂੰ ਇੰਨੀ ਵੱਡੀ ਜ਼ਮੀਨ ਦਾਨ ਕੀਤੀ, ਉਸ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਭੱਟੀ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਸੀਨੇਟ ਵਲੋਂ ਆਯੋਜਿਤ ਇਕ ਵੱਡੇ ਪ੍ਰੋਗਰਾਮ 'ਚ ਭਾਸ਼ਣ ਦੇਣ ਦਾ ਪ੍ਰੋਗਰਾਮ ਸਿਰਫ ਭਾਰਤ ਜਾਣ ਕਰਕੇ ਰੱਦ ਕਰ ਦਿੱਤਾ ਸੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ।


Babita

Content Editor

Related News