ਤੇਜ਼ਾਬ ਸੁੱਟਣ ਦੇ ਮਾਮਲਿਆਂ 'ਚ ਪਾਕਿ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ

07/13/2019 3:29:28 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਸੁਪਰੀਮ ਕੋਰਟ ਨੇ ਇਕ ਇਤਿਹਾਸਕ ਫੈਸਲਾ ਸੁਣਾਇਆ ਜੋ ਪੂਰੇ ਵਿਸ਼ਵ ਲਈ ਇਕ ਸਬਕ ਹੈ। ਪਾਕਿਸਤਾਨ ਸੁਪਰੀਮ ਕੋਰਟ ਨੇ ਇਕ ਲੜਕੀ 'ਤੇ ਤੇਜ਼ਾਬ ਸੁੱਟ ਕੇ ਉਸ ਦਾ ਚਿਹਰਾ ਸਾੜ ਦੇਣ ਵਾਲੇ ਦੋਸ਼ੀ ਦੀ ਦਇਆ ਪਟੀਸ਼ਨ 'ਤੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕਿਸੇ ਦਾ ਤੇਜ਼ਾਬ ਨਾਲ ਚਿਹਰਾ ਸਾੜ ਦੇਣਾ ਕਤਲ ਕਰਨ ਤੋਂ ਵੀ ਸੰਗੀਨ ਮਾਮਲਾ ਹੈ। ਇਸ ਕੇਸ 'ਚ ਦੋਸ਼ੀ ਦੀ ਪਟੀਸ਼ਨ 'ਚ ਪੀੜਤਾ ਵੱਲੋਂ ਦੋਸ਼ੀ ਨੂੰ ਮੁਆਫ ਕਰਨ ਦਾ ਬਿਆਨ ਵੀ ਸ਼ਾਮਲ ਸੀ। ਸਰਹੱਦ ਪਾਰ ਸੂਤਰਾਂ ਅਨੁਸਾਰ ਦੋਸ਼ੀ ਜਾਵੇਦ ਇਕਬਾਲ ਨੇ ਸਾਲ 2017 'ਚ ਇਕ ਔਰਤ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਕੇ ਉਸ ਦਾ ਚਿਹਰਾ ਇਸ ਲਈ ਸਾੜ ਦਿੱਤਾ ਸੀ ਕਿਉਂਕਿ ਉਸ ਨੇ ਦੋਸ਼ੀ ਦਾ ਪ੍ਰੇਮ-ਪ੍ਰਸਤਾਵ ਅਸਵੀਕਾਰ ਕਰ ਦਿੱਤਾ ਸੀ।

ਇਸ ਸਬੰਧੀ ਹੇਠਲੀ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਸਜ਼ਾ ਵਿਰੁੱਧ ਦੋਸ਼ੀ ਨੇ ਸੁਪਰੀਮ ਕੋਰਟ ਪਾਕਿਸਤਾਨ 'ਚ ਮੁਆਫੀ ਲਈ ਪਟੀਸ਼ਨ ਦਾਇਰ ਕੀਤੀ ਸੀ ਅਤੇ ਜਿਸ ਲੜਕੀ 'ਤੇ ਦੋਸ਼ੀ ਨੇ ਤੇਜ਼ਾਬ ਸੁੱਟਿਆ ਸੀ ਉਸ ਨੇ ਵੀ ਸੁਪਰੀਮ ਕੋਰਟ 'ਚ ਲਿਖਤੀ ਦਿੱਤਾ ਸੀ ਕਿ ਉਸ ਨੇ ਦੋਸ਼ੀ ਨੂੰ ਮੁਆਫ ਕਰ ਦਿੱਤਾ ਹੈ ਪਰ ਪਾਕਿਸਤਾਨ ਸੁਪਰੀਮ ਕੋਰਟ ਦੇ ਜੱਜ ਆਸਿਫ ਸੈਯਦ ਖੋਸਾ ਨੇ ਇਸ ਮੁਆਫੀ ਪਟੀਸ਼ਨ 'ਤੇ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਕਿ ਇਹ ਮਾਮਲਾ ਹੱਤਿਆ ਮਾਮਲੇ ਤੋਂ ਵੀ ਸੰਗੀਨ ਹੈ ਅਤੇ ਇਸ ਤਰ੍ਹਾਂ ਦੇ ਮਾਮਲੇ 'ਚ ਕਿਸੇ ਤਰ੍ਹਾਂ ਦੀ ਰਿਆਇਤ ਸੰਭਵ ਨਹੀਂ ਹੈ ਬੇਸ਼ੱਕ ਪੀੜਤਾ ਨੇ ਦੋਸ਼ੀ ਨੂੰ ਮੁਆਫ ਕਰਨ ਦੀ ਗੱਲ ਕੀਤੀ ਹੈ। ਪੀੜਤਾ ਵੱਲੋਂ ਮੁਆਫ ਕਰਨਾ ਵੱਖ ਗੱਲ ਹੈ ਅਤੇ ਕਾਨੂੰਨ ਦੀ ਗੱਲ ਅਲੱਗ ਹੈ। ਦੋਸ਼ੀ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣਾ ਜ਼ਰੂਰੀ ਹੈ। ਕਿਸੇ ਨੂੰ ਤੇਜ਼ਾਬ ਪਾ ਕੇ ਸਾੜ ਦੇਣਾ ਕਿਸੇ ਦੀ ਹੱਤਿਆ ਕਰਨ ਤੋਂ ਵੀ ਜ਼ਿਆਦਾ ਸੰਗੀਨ ਮਾਮਲਾ ਹੈ। ਇਸ ਤਰ੍ਹਾਂ ਦੇ ਦੋਸ਼ੀ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।


Anuradha

Content Editor

Related News