ਵੱਡੀ ਖਬਰ! ਪਾਕਿਸਤਾਨ ਤੋਂ ਆਈ 2600 ਕਰੋੜ ਤੋਂ ਵੱਧ ਦੀ ਹੈਰੋਇਨ ਜ਼ਬਤ

06/30/2019 6:07:51 PM

ਅੰਮ੍ਰਿਤਸਰ : ਪਾਕਿਸਤਾਨ ਵਲੋਂ ਬੀਤੇ ਦਿਨੀਂ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਟਰੱਕ ਰਾਹੀ ਆਈਆਂ ਨਮਕ ਦੀਆਂ ਬੋਰੀਆਂ 'ਚੋਂ ਲਗਭਗ 533 ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਦਰਅਸਲ ਬੀਤੇ ਦਿਨੀਂ ਬਾਰਡਰ 'ਤੇ ਪਾਕਿ ਵਲੋਂ ਨਮਕ ਦੇ ਭਰੇ ਟਰੱਕ ਆਏ ਸਨ ਜਦੋਂ ਕਸਟਮ ਵਿਭਾਗ ਦੀ ਟੀਮ ਨੇ ਸ਼ੱਕ ਦੇ ਆਧਾਰ 'ਤੇ ਡਿਲੀਵਰੀ ਤੋਂ ਪਹਿਲਾਂ ਟਰੱਕ 'ਚ ਪਈਆਂ ਬੋਰੀਆਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੇ ਅੰਦਰ 1-1 ਕਿਲੋ ਦੇ ਚਿੱਟੇ ਰੰਗ ਦੇ ਪਾਊਡਰ ਵਾਲੇ ਪੈਕੇਟ ਮਿਲੇ, ਜਦੋਂ ਜਾਂਚ ਕੀਤੀ ਤਾਂ ਵਿਚੋਂ ਹੈਰੋਇਨ ਦੇ 100 ਪੈਕੇਟ ਬਰਾਮਦ ਹੋਏ। ਇਸ ਦੌਰਾਨ ਜਦੋਂ ਰਾਤ ਭਰ ਅਧਿਕਾਰੀਆਂ ਵਲੋਂ ਟਰੱਕਾਂ ਦੀ ਜਾਂਚ ਕੀਤੀ ਗਈ, ਇਨ੍ਹਾਂ ਪੈਕੇਟਾਂ ਦੀ ਗਿਣਤੀ ਵੱਧ ਕੇ 600 ਤੋਂ ਜ਼ਿਆਦਾ ਹੋ ਗਈ। 

ਇਸ ਨਮਕ ਦੀ ਡਿਲੀਵਰੀ ਲੈਣ ਪਹੁੰਚੇ ਇੰਪੋਰਟਰ ਦੇ ਏਜੰਟ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਖੇਪ ਹੈ। ਸੂਤਰਾਂ ਮੁਤਾਬਕ ਇਸ ਹੈਰੋਇਨ ਦੀ ਕੀਮਤ 2500 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। 

ਸੂਤਰਾਂ ਮੁਤਾਬਕ ਪਾਕਿ ਦੇ ਐਕਸਪੋਰਟਰ ਨੇ ਅੰਮ੍ਰਿਤਸਰ ਦੇ ਇਕ ਇੰਪੋਰਟਰ ਦੇ ਨਾਮ 26 ਜੂਨ ਨੂੰ ਨਮਕ ਦੀ ਇਕ ਗੱਡੀ ਆਈ. ਸੀ. ਪੀ. ਅਟਾਰੀ ਭੇਜੀ ਸੀ। ਗੱਡੀ ਵਿਚ ਨਮਕ ਦੇ ਲਗਭਗ 670 ਪੈਕੇਟ ਸਨ। ਇੰਪੋਰਟਰ ਦਾ ਏਜੰਟ ਨਮਕ ਦੀ ਕਨਸਾਈਨਮੈਂਟ ਨੂੰ ਰਿਲੀਜ਼ ਕਰਵਾਉਣ ਆਈ. ਸੀ. ਪੀ. ਪਹੁੰਚਿਆ। ਕਸਟਮ ਅਧਿਕਾਰੀਆਂ ਨੂੰ ਇਸ ਏਜੰਟ ਦੇ ਹਾਵ-ਭਾਵ ਦੇਖ ਕੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਕੁਝ ਬੋਰੀਆਂ ਨੂੰ ਖੁੱਲ੍ਹਵਾ ਕੇ ਜਾਂਚ ਕੀਤੀ ਤਾਂ ਵਿਚੋਂ ਚਿੱਟੇ ਰੰਗ ਦਾ ਪਾਊਡਰ ਬਰਾਮਦ ਹੋਇਆ।


Gurminder Singh

Content Editor

Related News