ਜੇਲ ''ਚ ਪੈਕੇਟ ਡਿੱਗਿਆ, ਭੱਜ-ਦੌੜ ਮਚੀ

Monday, Sep 04, 2017 - 04:12 AM (IST)

ਲੁਧਿਆਣਾ,   (ਸਿਆਲ)-  ਇਥੋਂ ਦੀ ਸੈਂਟਰਲ ਜੇਲ 'ਚ ਅੱਜ ਤੜਕੇ ਪੈਕੇਟ ਡਿੱਗਣ ਨਾਲ ਭੱਜ-ਦੌੜ ਮਚ ਗਈ। ਇਥੇ ਇਕ ਵਾਰ ਫਿਰ ਜੇਲ ਪ੍ਰਸ਼ਾਸਨ ਦੀ ਸੁਰੱਖਿਆ ਵਿਵਸਥਾ ਦਾ ਦਾਅਵਾ ਠੁੱਸ ਹੁੰਦਾ ਨਜ਼ਰ ਆਇਆ, ਉਥੇ ਪੈਕੇਟ ਖੋਲ੍ਹੇ ਨਾ ਜਾਣ ਤੱਕ ਸੁਰੱਖਿਆ ਕਰਮਚਾਰੀ ਅਤੇ ਕੈਦੀ ਸਹਿਮ ਗਏ। ਪੈਕੇਟ 'ਚ ਬੀੜੀਆਂ ਦੇ ਬੰਡਲ ਤੇ ਜ਼ਰਦੇ ਦੀਆਂ ਪੁੜੀਆਂ ਨਿਕਲਣ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ।  ਜਾਣਕਾਰੀ ਮੁਤਾਬਕ ਐਤਵਾਰ ਸਵੇਰੇ 4 ਵਜੇ ਦੇ ਕਰੀਬ ਜੇਲ ਦੇ ਬਾਹਰ ਤੋਂ ਇਕ ਬੰਦ ਪੈਕੇਟ ਅੰਦਰ ਐੱਨ. ਬੀ. ਬੈਰਕਾਂ ਵੱਲ ਆ ਕੇ ਡਿੱਗਿਆ, ਜਿਸ ਕਾਰਨ ਇਕਦਮ ਸੁਚੇਤ ਹੋਏ ਸੁਰੱਖਿਆ ਕਰਮਚਾਰੀ ਪੈਕੇਟ ਦੇ ਇਧਰ-ਓਧਰ ਇਕੱਠੇ ਹੋ ਗਏ। ਪਤਾ ਲੱਗਦੇ ਹੀ ਜੇਲ ਦੀਆਂ ਬੈਰਕਾਂ ਵਿਚ ਕੈਦੀਆਂ ਅਤੇ ਹਵਾਲਾਤੀਆਂ 'ਚ ਡਰ ਦਾ ਮਾਹੌਲ ਬਣ ਗਿਆ। ਕੁਝ ਕੈਦੀ ਗੱਲਾਂ ਕਰਨ ਲੱਗੇ ਕਿ ਇਸ 'ਚ ਕਿਤੇ ਬੰਬ ਨਾ ਹੋਵੇ।  ਸੁਰੱਖਿਆ ਗਾਰਦ ਨੇ ਤੁਰੰਤ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ, ਉਪਰੰਤ ਉਸ ਨੂੰ ਖੋਲ੍ਹਿਆ ਗਿਆ ਤਾਂ ਇਸ 'ਚੋਂ 4 ਬੀੜੀਆਂ ਦੇ ਬੰਡਲ ਅਤੇ 1 ਜ਼ਰਦੇ ਦੀ ਪੁੜੀ ਮਿਲੀ। ਜੇਲ ਪ੍ਰਸ਼ਾਸਨ ਅਨੁਸਾਰ ਪੈਕੇਟ ਨੂੰ ਪੂਰੀ ਤਰ੍ਹਾਂ ਟੇਪ ਕੀਤੀ ਗਈ ਸੀ, ਜਿਸ ਨੂੰ ਕੈਂਚੀ ਨਾਲ ਕੱਟਣਾ ਪਿਆ।
ਸੁਪਰਡੈਂਟ ਐੱਸ. ਪੀ. ਖੰਨਾ ਨੇ ਦੱਸਿਆ ਕਿ ਉਕਤ ਪੈਕੇਟ ਜੇਲ 'ਚ ਕਿਸ ਦੇ ਲਈ ਸੁੱਟਿਆ ਗਿਆ, ਇਸ ਗੱਲ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਇਸ ਤਰ੍ਹਾਂ ਹੀ ਰਿਹਾ ਤਾਂ ਕੋਈ ਵਿਸਫੋਟਕ ਚੀਜ਼ ਵੀ ਅੰਦਰ ਸੁੱਟ ਸਕਦਾ ਹੈ, ਜਿਸ ਨਾਲ ਕੋਈ ਹਾਦਸਾ ਹੋ ਸਕਦਾ ਹੈ ਪਰ ਉਨ੍ਹਾਂ ਜੇਲ ਸੁਰੱਖਿਆ ਕਰਮਚਾਰੀਆਂ ਦੀ ਟੀਮ ਅਤੇ ਜੇਲ ਦੇ ਬਾਹਰ 24 ਘੰਟੇ ਗਸ਼ਤ ਕਰ ਰਹੀ ਪੁਲਸ ਨੂੰ ਮੁਸ਼ਤੈਦੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। 


Related News