44 ਸਾਲਾਂ ਤੋਂ ਪਾਕਿ ਦੀ ਜੇਲ ''ਚ ਸੜ ਰਿਹੈ ਜਵਾਨ, ਰਿਹਾਈ ਲਈ ਦਰ-ਦਰ ਭਟਕ ਰਿਹੈ ਪਰਿਵਾਰ

04/09/2018 6:39:12 AM

ਫਰੀਦਕੋਟ (ਹਾਲੀ) - ਭਾਵੇਂ ਪਾਕਿਸਤਾਨ ਨੇ ਅਜੇ ਤੱਕ ਇਹ ਨਹੀਂ ਮੰਨਿਆਂ  ਕਿ ਉਨ੍ਹਾਂ ਦੀਆਂ ਜੇਲਾਂ ਵਿਚ ਭਾਰਤੀ ਜੰਗੀ ਕੈਦੀ ਬੰਦ ਹਨ ਪਰ ਭਾਰਤ 'ਚ ਰਹਿੰਦੇ ਜੰਗੀ ਕੈਦੀਆਂ ਦੇ ਪਰਿਵਾਰਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਮੁਖੀ ਅੱਜ ਵੀ ਜਿਊਂਦੇ ਹਨ ਅਤੇ ਪਾਕਿਸਤਾਨ ਦੀਆਂ ਜੇਲਾਂ ਵਿਚ ਹਨ। ਇਸ ਕਰ ਕੇ ਉਹ ਸਮੇਂ ਦੀਆਂ ਸਰਕਾਰਾਂ ਤੋਂ ਇਨ੍ਹਾਂ ਦੀ ਰਿਹਾਈ ਲਈ ਬੇਨਤੀਆਂ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਦਾ ਇਕ ਪਰਿਵਾਰ ਹੈ, ਫਰੀਦਕੋਟ ਵਿਖੇ, ਜੋ ਪਾਕਿਸਤਾਨ ਦੀਆਂ ਜੇਲਾਂ 'ਚੋਂ ਰਿਹਾਅ ਹੋ ਕੇ ਆਏ ਕੈਦੀਆਂ ਦੀ ਨਿਸ਼ਾਨਦੇਹੀ 'ਤੇ ਆਪਣੇ ਪਰਿਵਾਰ ਦੇ ਮੁਖੀ ਨੂੰ ਰਿਹਾਅ ਕਰਵਾਉਣ ਲਈ ਪਿਛਲੇ ਕਈ ਸਾਲਾਂ ਤੋਂ ਚੱਕਰ ਲਾ ਰਿਹਾ ਹੈ।  ਪਰਿਵਾਰ ਅਨੁਸਾਰ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ ਆਏ ਭਾਰਤੀ ਕੈਦੀ ਇਨਾਇਤ ਉੱਲਾ ਨੇ ਖੁਲਾਸਾ ਕੀਤਾ ਹੈ ਕਿ ਅੱਜ ਵੀ ਪਾਕਿ ਦੀਆਂ ਜੇਲਾਂ 'ਚ ਦਰਜਨਾਂ ਅਜਿਹੇ ਭਾਰਤੀ ਕੈਦੀ ਹਨ, ਜੋ ਪਾਗਲ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਆਪਣਾ ਨਾਂ-ਪਤਾ ਤੱਕ ਨਹੀਂ ਪਤਾ। ਇਸ ਖੁਲਾਸੇ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਭਾਰਤੀ ਜੰਗੀ ਕੈਦੀਆਂ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ ਹੈ, ਜਿਨ੍ਹਾਂ ਨੂੰ ਪਾਕਿ ਫੌਜ ਨੇ ਗ੍ਰਿਫ਼ਤਾਰ ਤਾਂ ਕਰ ਲਿਆ ਪਰ ਅੱਜ ਤੱਕ ਰਿਹਾਅ ਨਹੀਂ ਕੀਤਾ।
ਅਜਿਹਾ ਹੀ ਬੀ. ਐੱਸ. ਐੱਫ. ਦਾ ਇਕ ਜਵਾਨ ਹੈ, ਸੁਰਜੀਤ ਸਿੰਘ, ਜੋ ਪਿਛਲੇ 44 ਸਾਲਾਂ ਤੋਂ ਪਾਕਿਸਤਾਨ ਦੀ ਕਿਸੇ ਜੇਲ ਵਿਚ ਸੜ ਰਿਹਾ ਹੈ ਪਰ ਭਾਰਤ ਸਰਕਾਰ ਆਪਣੇ ਇਸ ਜਵਾਨ ਨੂੰ ਬਚਾਉਣ ਲਈ ਕੋਈ ਠੋਸ ਕੋਸ਼ਿਸ਼ ਨਹੀਂ ਕਰ ਰਹੀ। ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਉਸ ਨੂੰ ਪਾਕਿ ਤੋਂ ਰਿਹਾਅ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ, ਇੱਥੋਂ ਤੱਕ ਕਿ ਜੰਤਰ-ਮੰਤਰ 'ਤੇ ਧਰਨਾ ਵੀ ਦੇ ਚੁੱਕਾ ਹੈ ਪਰ ਕੋਈ ਲਾਭ ਨਹੀਂ ਹੋਇਆ।
ਸੁਰਜੀਤ ਸਿੰਘ ਪਿੰਡ ਟਹਿਣਾ ਫ਼ਰੀਦਕੋਟ ਦਾ ਰਹਿਣ ਵਾਲਾ ਹੈ। ਉਸ ਦਾ ਬੈਚ ਨੰ. 66577672 ਹੈ ਅਤੇ ਉਹ ਬੀ. ਐੱਸ. ਐੱਫ. ਦੀ 57ਵੀਂ ਬਟਾਲੀਅਨ ਵਿਚ ਤਾਇਨਾਤ ਸੀ। ਸਾਂਬਾ ਸੈਕਟਰ ਵਿਚ ਡਿਊਟੀ ਸਮੇਂ ਭਾਰਤ-ਪਾਕਿ ਜੰਗ ਦੌਰਾਨ ਪਾਕਿਸਤਾਨੀ ਫੌਜ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਉਸ ਦਿਨ ਤੋਂ ਬਾਅਦ ਉਸ ਦੀ ਕੋਈ ਖਬਰ ਨਹੀਂ ਲੱਗੀ। ਸੁਰਜੀਤ ਸਿੰਘ ਦੇ ਬੇਟੇ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੇ ਪਿਤਾ ਦੇ ਜ਼ਿੰਦਾ ਹੋਣ ਦੀ ਖਬਰ ਉਦੋਂ ਮਿਲੀ, ਜਦੋਂ 4 ਜੁਲਾਈ, 1984 ਨੂੰ ਸਤੀਸ਼ ਕੁਮਾਰ ਮਰਵਾਹਾ ਨਿਵਾਸੀ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ ਭਾਰਤ ਆਇਆ।
ਸਤੀਸ਼ ਨੇ ਦੱਸਿਆ ਕਿ ਸੁਰਜੀਤ ਸਿੰਘ ਸਾਲ 1973 ਤੋਂ ਲੈ ਕੇ 1984 ਤੱਕ ਉਸ ਦੇ ਨਾਲ ਹੀ ਪਾਕਿਸਤਾਨ ਦੀ ਕੋਟ ਲੱਖਪਤ ਰਾਏ ਜੇਲ ਵਿਚ ਕੈਦ ਸੀ ਅਤੇ ਉਹ ਦੋਵੇਂ ਇਕੱਠੇ ਸਨ। ਇਸ ਤੋਂ ਬਾਅਦ ਸਾਲ 2004 ਵਿਚ ਭਾਰਤੀ ਕੈਦੀ ਖੁਸ਼ੀ ਮੁਹੰਮਦ ਨਿਵਾਸੀ ਮਾਲੇਰਕੋਟਲਾ ਪਾਕਿ ਦੀ ਜੇਲ ਤੋਂ ਰਿਹਾਅ ਹੋ ਕੇ ਭਾਰਤ ਆਇਆ ਤਾਂ ਉਸ ਨੇ ਵੀ ਸੁਰਜੀਤ ਸਿੰਘ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ। ਜਗਜੀਤ ਸਿੰਘ ਨਿਵਾਸੀ ਕਪੂਰਥਲਾ ਵੀ ਜਦੋਂ ਸਾਲ 2004 ਵਿਚ ਪਾਕਿ ਤੋਂ ਰਿਹਾਅ ਹੋ ਕੇ ਭਾਰਤ ਆਇਆ ਤਾਂ ਉਸ ਨੇ ਵੀ ਸੁਰਜੀਤ ਸਿੰਘ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ।
ਇੰਨਾ ਹੀ ਨਹੀਂ, ਪਾਕਿ ਵਿਚ 24 ਸਾਲ ਸਜ਼ਾ ਕੱਟਣ ਤੋਂ ਬਾਅਦ ਗੋਪਾਲ ਦਾਸ ਜਦੋਂ ਰਿਹਾਅ ਹੋ ਕੇ ਭਾਰਤ ਆਇਆ ਤਾਂ ਉਸ ਨੇ ਦੱਸਿਆ ਕਿ ਸੁਰਜੀਤ ਸਿੰਘ ਕੋਟ ਲੱਖਪਤ ਰਾਏ ਜੇਲ ਵਿਚ ਕੈਦ ਸੀ ਪਰ ਹੁਣ ਉਸ ਨੂੰ ਕਿਸੇ ਦੂਜੀ ਜੇਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਸੁਰਜੀਤ ਸਿੰਘ ਦੇ ਬੇਟੇ ਅਮਰੀਕ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਰਿਹਾਈ ਲਈ ਜੰਤਰ-ਮੰਤਰ 'ਤੇ ਧਰਨਾ ਵੀ ਦੇ ਚੁੱਕੇ ਹਨ।
ਇੱਥੋਂ ਤੱਕ ਕਿ ਅਟਾਰੀ ਬਾਰਡਰ 'ਤੇ ਬੀ. ਐੱਸ. ਐੱਫ. ਅਤੇ ਪਾਕਿ ਰੇਂਜਰਸ 'ਚ ਹੋਣ ਵਾਲੀ ਬੈਠਕ ਵਿਚ ਵੀ ਸੁਰਜੀਤ ਸਿੰਘ ਦਾ ਮੁੱਦਾ ਬੀ. ਐੱਸ. ਐੱਫ. ਵੱਲੋਂ ਚੁੱਕਿਆ ਗਿਆ ਪਰ ਪਾਕਿਸਤਾਨੀ ਅਧਿਕਾਰੀਆਂ ਨੇ ਸੁਰਜੀਤ ਸਿੰਘ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਦਿੱਤੇ, ਉਲਟਾ ਪਾਕਿਸਤਾਨੀ ਅਧਿਕਾਰੀ ਇਹ ਬੋਲ ਰਹੇ ਹਨ ਕਿ ਸੁਰਜੀਤ ਸਿੰਘ ਨਾਂ ਦਾ ਕੋਈ ਵੀ ਵਿਅਕਤੀ ਉਨ੍ਹਾਂ ਦੀ ਕਿਸੇ ਵੀ ਜੇਲ ਵਿਚ ਨਹੀਂ ਹੈ।
ਅੱਜ ਸੁਰਜੀਤ ਸਿੰਘ ਦਾ ਪਰਿਵਾਰ ਇਸ ਗੱਲ ਤੋਂ ਬੇਹੱਦ ਖਫਾ ਹੈ ਕਿ ਸੁਰਜੀਤ ਸਿੰਘ ਨੂੰ ਰਿਹਾਅ ਕਰਵਾਉਣ ਲਈ ਭਾਰਤ ਸਰਕਾਰ ਨੇ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ, ਜੋ ਕਰਨੀ ਚਾਹੀਦੀ ਸੀ।
ਜ਼ਿਕਰਯੋਗ ਹੈ ਕਿ ਪਾਕਿ ਦੀ ਜੇਲ ਵਿਚ ਸਿਰਫ ਸੁਰਜੀਤ ਸਿੰਘ ਹੀ ਨਹੀਂ, ਸਗੋਂ ਭਾਰਤ-ਪਾਕਿ ਜੰਗ 1965 ਅਤੇ 1971 ਦੇ 54 ਜੰਗੀ ਕੈਦੀ ਵੀ ਹਨ, ਜਿਨ੍ਹਾਂ ਦੇ ਜ਼ਿੰਦਾ ਹੋਣ ਸਬੰਧੀ ਸਮੇਂ-ਸਮੇਂ 'ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਨਾ ਮਿਲਦੀ ਰਹੀ ਹੈ ਪਰ ਪਾਕਿ ਦੀ ਸਰਕਾਰ ਨੇ ਭਾਰਤੀ ਜੰਗੀ ਕੈਦੀਆਂ ਨੂੰ ਅੱਜ ਤੱਕ ਰਿਹਾਅ ਨਹੀਂ ਕੀਤਾ। ਇੱਥੋਂ ਤੱਕ ਕਿ ਭਾਰਤੀ ਕੈਦੀਆਂ ਦੇ ਜ਼ਿੰਦਾ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਹੈ।


Related News