ਪਟਿਆਲਾ: ਟੋਲ ਪਲਾਜ਼ਾ ਕਾਮਿਆਂ ਨੇ ਕੰਪਨੀ 'ਤੇ ਲਾਏ ਵੱਡੇ ਦੋਸ਼, ਦਿੱਤੀ ਧਰਨੇ ਦੀ ਚਿਤਾਵਨੀ

07/15/2020 4:19:32 PM

ਪਾਤੜਾਂ (ਅਡਵਾਨੀ) : ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧੀਨ ਪੈਂਦੇ ਪੇਂਦ ਟੋਲ ਪਲਾਜ਼ਾ ਕਾਮਿਆਂ ਦੀਆਂ ਹੱਕੀ ਮੰਗਾਂ ਸਬੰਧੀ ਬੈਠਕ ਪੇਂਦ ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਜਗਵੰਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਬੈਠਕ 'ਚ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਸੀਟੂ ਦੇ ਵਾਈਸ ਪ੍ਰਧਾਨ ਦਰਸ਼ਨ ਸਿੰਘ ਲਾਡੀ ਉਚੇਚੇ ਤੌਰ 'ਤੇ ਪਹੁੰਚੇ।

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੇਂਦ ਟੋਲ ਪਲਾਜ਼ਾ ਚਲਾ ਰਹੀ ਜੈ ਸਿੰਘ ਟੋਲ ਪਲਾਜ਼ਾ ਕੰਪਨੀ ਕਾਮਿਆਂ ਦਾ ਆਰਥਿਕ ਸ਼ੋਸ਼ਣ ਅਤੇ ਧੱਕੇਸ਼ਾਹੀ ਕਰ ਰਹੀ ਹੈ, ਹੱਕੀ ਅਤੇ ਕਿਰਤ ਕਾਨੂੰਨੀ ਮੰਗਾਂ ਮੰਗਣ ਵਾਲੇ ਕਾਮਿਆਂ ਨੂੰ ਤੰਗ-ਪਰੇਸ਼ਾਨ ਕਰਕੇ ਕੰਮ ਤੋਂ ਹਟਾਇਆ ਜਾ ਰਿਹਾ ਹੈ। ਦੂਜੇ ਪਾਸੇ ਟੋਲ ਕੰਪਨੀ ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾ ਚੋਰੀ ਕਰਨ ਵਾਲੇ ਚਹੇਤਿਆਂ ਦਾ ਪੱਖ ਪੂਰ ਰਹੀ ਹੈ। ਕਾਮਿਆਂ ਨੂੰ ਪੀ.ਐਫ, ਵੈਲਫੇਅਰ, ਈ. ਐਸ. ਆਈ ਅਤੇ ਬੋਨਸ ਵਰਗੀਆਂ ਜ਼ਰੂਰੀ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਅਤੇ ਕਈ ਕਾਮਿਆਂ ਤੋਂ ਧੱਕੇ ਨਾਲ 12-12 ਘੰਟੇ ਕੰਮ ਲਿਆ ਜਾਂਦਾ ਹੈ ਪਰ ਤਨਖ਼ਾਹ ਅੱਠ ਘੰਟੇ ਦੀ ਵੀ ਪੂਰੀ ਨਹੀਂ ਦਿੱਤੀ ਜਾ ਰਹੀ।

ਪੂਰੀ ਤਨਖ਼ਾਹ ਮੰਗਣ ਵਾਲੇ ਕਾਮੇ ਨੂੰ ਦੂਰ-ਦੁਰਾਡੇ ਦੀਆਂ ਬਦਲੀਆਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸੰਬੰਧਿਤ ਅਥਾਰਟੀਆਂ ਦੀ ਮਿਲੀ-ਭੁਗਤ ਨਾਲ ਕਾਮਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਹ ਇਸ ਮਾਮਲੇ ਸਬੰਧੀ ਕਿਰਤ ਮਹਿਕਮੇ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਮਹਿਕਮਿਆਂ ਨੂੰ ਜਾਣੂੰ ਕਰਵਾ ਚੁੱਕੇ ਹਨ ਪਰ ਸੰਬੰਧਿਤ ਮਹਿਕਮਿਆਂ ਵੱਲੋਂ ਅਜੇ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ। ਉਨ੍ਹਾਂ ਮੀਡੀਆ ਰਾਹੀਂ ਸਰਕਾਰ ਤੋਂ ਅਪੀਲ ਕੀਤੀ ਕਿ ਤਾਲਾਬੰਦੀ ਦੌਰਾਨ ਟੋਲ ਪਲਾਜ਼ਾ ਕਾਮਿਆਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਨੂੰ ਤੁਰੰਤ ਰੋਕਿਆ ਜਾਵੇ ਨਹੀਂ ਤਾਂ ਉਨ੍ਹਾਂ ਨੂੰ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਟੋਲ ਪਲਾਜ਼ਾ 'ਤੇ ਧਰਨਾ ਲਾਉਣ ਲਈ ਮਜ਼ਬੂਰ ਹੋਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਟੋਲ ਕੰਪਨੀ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜਗਵੰਤ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।


Babita

Content Editor

Related News