ਫਿਲਮੀ ਅਦਾਕਾਰ ਸਰਦਾਰ ਸੋਹੀ ਝੋਨਾ ਲਗਾਉਣ ਲਈ ਖੇਤਾਂ ਦਾ ਪੁੱਤ ਬਣ ਕੇ ਨਿੱਤਰਿਆ
Saturday, Jun 20, 2020 - 05:53 PM (IST)
ਸ਼ੇਰਪੁਰ (ਅਨੀਸ਼): ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਨਾਲ ਵਿਸ਼ੇਸ਼ ਪਛਾਣ ਬਣਾ ਚੁੱਕਿਆ ਅਦਾਕਾਰ ਸਰਦਾਰ ਸੋਹੀ ਅੱਜ-ਕੱਲ੍ਹ ਆਪਣੇ ਪਿੰਡ ਟਿੱਬਾ 'ਚ ਆਪਣੀ ਜ਼ਮੀਨ 'ਚ ਛੋਟੇ ਭਰਾ ਨਾਲ ਝੋਨਾ ਲਗਾਉਣ ਲਈ ਖੁਦ ਖੇਤਾਂ ਦਾ ਪੁੱਤ ਬਣ ਕੇ ਨਿੱਤਰਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿੰਡ ਟਿੱਬਾ ਸ਼ੇਰਪੁਰ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਅਦਾਕਾਰ ਨੂੰ ਸਮੇਂ ਦੀਆਂ ਸਰਕਾਰਾਂ ਵਲੋਂ ਖੇਤੀ ਮੰਡੀਕਰਨ ਬਾਰੇ ਜਾਰੀ ਕਿਸਾਨ ਵਿਰੋਧੀ ਆਰਡੀਨੈਂਸਾਂ ਤੇ ਕਿਸਾਨੀ ਦੀ ਦਿਨੋਂ-ਦਿਨ ਪੇਤਲੀ ਹੁੰਦੀ ਜਾ ਰਹੀ ਰਹੀ ਹਾਲਤ 'ਤੇ ਬਹੁਤ ਝੋਰਾ ਹੈ।
ਇਹ ਵੀ ਪੜ੍ਹੋ: ਮਲੋਟ ਦੇ 22 ਸਾਲਾ ਨੌਜਵਾਨ ਦੀ ਕੈਨੇਡਾ 'ਚ ਹੋਈ ਮੌਤ
ਆਪਣੇ ਖੇਤਾਂ 'ਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੁਦ ਝੋਨਾ ਲਗਵਾ ਰਹੇ ਸਰਦਾਰ ਸੋਹੀ ਦਾ ਕਹਿਣਾ ਹੈ ਕਿ ਆਪਣੇ ਖੇਤਾਂ 'ਚ ਖੁਦ ਜ਼ੀਰੀ ਲਗਾਉਣੀ ਕੋਈ ਹੈਰਾਨੀਜਨਕ ਗੱਲ ਨਹੀਂ ਕਿਉਂਕਿ ਖੇਤੀਬਾੜੀ ਉਸ ਦਾ ਪਿਤਾ ਪੁਰਖੀ ਕਿੱਤਾ ਹੈ, ਜਿਸ ਨਾਲ ਫ਼ਿਲਮਾਂ 'ਚ ਸਥਾਪਿਤ ਹੋਣ ਦੇ ਬਾਵਜੂਦ ਖੇਤੀ ਨਾਲ ਉਸ ਦਾ ਰਿਸ਼ਤਾ ਹਮੇਸ਼ਾਂ ਹੀ ਨਹੁੰ-ਮਾਸ ਵਾਲਾ ਰਿਹਾ ਹੈ। ਸੋਹੀ ਨੇ ਦੱਸਿਆ ਕਿ ਉਸ ਦੀਆਂ ਚਾਰ ਭੈਣਾਂ ਹਨ ਦੇ ਉਸ ਦਾ ਛੋਟਾ ਭਰਾ ਖੇਤੀ ਕਰਦਾ ਹੈ। ਇਸ ਵਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਪਰਤ ਗਏ ਅਤੇ ਮੰਦੀ ਦੀ ਮਾਰ ਦੇ ਚਲਦਿਆਂ ਝੋਨੇ ਦੀ ਲਵਾਈ ਦੇ ਰੇਟ ਕਾਫ਼ੀ ਮਹਿੰਗੇ ਹੋਣ ਕਾਰਨ ਉਨ੍ਹਾਂ ਖੁਦ ਖੇਤਾਂ 'ਚ ਆ ਕੇ ਆਪਣੇ ਭਰਾ ਦੀ ਇਮਦਾਦ ਕਰਨ ਦਾ ਫੈਸਲਾ ਕੀਤਾ। ਫ਼ਿਲਮਾਂ 'ਚ ਜਾਣ ਤੋਂ ਬਾਅਦ ਵੀ ਉਸਨੇ ਆਪਣੇ ਪਿਤਾ ਪੁਰਖੀ ਕਿਸਾਨ ਕਿੱਤੇ ਨਾਲ ਕਦੇ ਵੀ ਆਪਣਾ ਵਾਹ ਨਹੀਂ ਛੱਡਿਆ ਜਦੋਂ ਵੀ ਕਦੇ ਸਮਾਂ ਮਿਲਿਆ ਤਾਂ ਆਪਣੇ ਪਰਿਵਾਰ ਨਾਲ ਆ ਕੇ ਫਸਲਾਂ ਦੀ ਵਾਹ ਵਹਾਈ, ਤੂੜੀ ਦੀ ਢੁਆਈ, ਸ਼ਰਤਾਂ ਲਗਾ ਕੇ ਹਾੜੀ ਦੀ ਵਾਢੀ ਕਰਨ ਕਾਰਨ ਹੱਥਾਂ 'ਤੇ ਪਏ ਛਾਲੇ ਤੋਂ ਬਣੇ ਅੱਟਣ ਚੇਤਿਆਂ 'ਚ ਗੂੜੇ ਉਕਰੇ ਹੋਏ ਹਨ।
ਇਹ ਵੀ ਪੜ੍ਹੋ: ਚੀਕ-ਚੀਕ ਕੇ ਬੋਲ੍ਹਿਆ ਸ਼ਹੀਦ ਗੁਰਬਿੰਦਰ ਦਾ ਪਰਿਵਾਰ 'ਲੜਾਈ ਲੜਨ ਤੋਂ ਪਹਿਲਾਂ ਇਕ ਵਾਰ ਦੱਸ ਤਾਂ ਦਿੰਦਾ' (ਵੀਡੀਓ)
ਸਰਦਾਰ ਸੋਹੀ ਨੇ ਦਾਅਵਾ ਕੀਤਾ ਕਿ ਭਾਵੇਂ ਇਸ ਵਾਰ ਤਾਂ ਉਹ ਪਛੜ ਗਏ ਹਨ ਪਰ ਅਗਲੀ ਵਾਰ ਉਹ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਾਣੀ ਬਚਾਉਣ ਲਈ ਲੋਕਾਂ ਨੂੰ ਜ਼ਰੂਰ ਹੋਕਾ ਦੇਣ ਲਈ ਅੱਗੇ ਆਉਣਗੇ। ਕਿਸਾਨੀ ਦੀ ਮਾੜੀ ਹਾਲਤ ਸਬੰਧੀ ਸਰਦਾਰ ਸੋਹੀ ਕਹਿੰਦੇ ਹਨ ਕਿ ਬਿਜ਼ਨੈਸਮੈਨ ਆਪਣੀਆਂ ਤਿਆਰ ਕੀਤੀਆਂ ਵਸਤਾਂ ਦਾ ਰੇਟ ਖੁਦ ਤੈਅ ਕਰਦੇ ਹਨ ਪਰ ਹੈਰਾਨੀਜਨਕ ਹੈ ਕਿ ਫਸਲਾਂ ਦਾ ਭਾਅ ਕਿਸਾਨ ਦੀ ਥਾਂ ਸਮੇਂ ਦੀਆਂ ਸਰਕਾਰਾਂ ਤੈਅ ਕਰਦੀਆਂ ਹਨ ਜਿਸ ਕਰਕੇ ਫਸਲਾਂ ਦਾ ਵਾਜਬ ਮੁੱਲ ਨਾ ਮਿਲਣ ਕਾਰਨ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ।