ਗੁਰਦਾਸਪੁਰ ’ਚ ਝੋਨੇ ਦਾ ਲਗਾਉਣ ਦਾ ਕੰਮ 85 ਫੀਸਦੀ ਮੁਕੰਮਲ, ਡੇਢ ਲੱਖ ਹੈੱਕਟੇਅਰ ਰਕਬੇ ’ਚ ਹੋਵੇਗੀ ਲਵਾਈ

07/02/2024 11:36:40 AM

ਗੁਰਦਾਸਪੁਰ (ਹਰਮਨ)-ਜ਼ਿਲ੍ਹੇ ਅੰਦਰ ਕਿਸਾਨਾਂ ਵੱਲੋਂ ਝੋਨੇ ਦੀ ਲਗਾਉਣ ਦਾ ਕਰੀਬ 85 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ, ਜਦੋਂ ਕਿ ਬਾਕੀ ਰਹਿੰਦੇ ਖੇਤਾਂ ’ਚ ਝੋਨਾ ਲਗਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਇਸ ਸਾਲ ਕਿਸਾਨਾਂ ਵੱਲੋਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ ਹੈ। ਜਿਸ ਤਹਿਤ ਕਿਸਾਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਪਨੀਰੀ ਤਿਆਰ ਕੀਤੀ ਸੀ ਅਤੇ ਹੁਣ ਉਸ ਦੀ ਲਵਾਈ ਦਾ ਕੰਮ ਕੀਤਾ ਹੈ।

ਦੱਸਣਯੋਗ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦਾ ਜਲਦੀ ਆਸਾਨੀ ਨਾਲ ਨਿਪਟਾਰਾ ਕਰਨ ਲਈ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ ਕਰਨ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਵੀ ਇਸ ਸਾਲ ਕਿਸਾਨਾਂ ਨੂੰ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਦੀ ਪ੍ਰੇਰਿਤ ਕੀਤਾ ਸੀ।

ਇਹ ਵੀ ਪੜ੍ਹੋ- ਨਸ਼ੇ ਦੀ ਭੇਟ ਚੜਿਆ ਮਾਪਿਆਂ ਦਾ ਇਕਲੌਤਾ ਸਹਾਰਾ, ਓਵਰਡੋਜ਼ ਕਾਰਨ ਨੌਜਵਾਨ ਦੀ ਗਈ ਜਾਨ

ਇਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਕਿਸਾਨਾਂ ਨੇ ਝੋਨੇ ਦੀ ਪੀ. ਆਰ. 128, ਪੀ. ਆਰ. 113, ਪੀ. ਆਰ. 126 ਅਤੇ ਪੀ.ਆਰ. 131 ਵਰਗੀਆਂ ਕਿਸਮਾਂ ਦੀ ਕਾਸ਼ਤ ਕਰਨ ਨੂੰ ਤਰਜੀਹ ਦਿੱਤੀ ਹੈ। ਕਿਸਾਨਾਂ ਵੱਲੋਂ ਇਨ੍ਹਾਂ ਕਿਸਮਾਂ ਦੀ ਹੀ ਪਨੀਰੀ ਤਿਆਰ ਕੀਤੀ ਗਈ ਸੀ ਅਤੇ ਹੁਣ ਇਨ੍ਹਾਂ ਦੀ ਲਵਾਈ ਹੀ ਕੀਤੀ ਗਈ ਹੈ। ਇਹ ਬਹੁਤ ਘੱਟ ਸਮੇਂ ਵਿਚ ਤਿਆਰ ਹੋ ਜਾਂਦੀਆਂ ਹਨ, ਜਿਨ੍ਹਾਂ ਦਾ ਜੂਨ ਦੇ ਦੂਸਰੇ ਪੱਧਰਵਾੜੇ ਵਿਚ ਲਵਾਈ ਦੇ ਬਾਵਜੂਦ ਇਹ ਅਕਤੂਬਰ ਮਹੀਨੇ ਸਮੇਂ ਸਿਰ ਖੇਤਾਂ ਨੂੰ ਵਿਹਲਾ ਕਰ ਦਿੰਦੀਆਂ ਹਨ।

ਜਿਸ ਤੋਂ ਬਾਅਦ ਕਿਸਾਨ ਆਸਾਨੀ ਨਾਲ ਰਹਿੰਦ ਖੂੰਹਦ ਦਾ ਨਿਪਟਾਰਾ ਕਰ ਸਕਦੇ ਹਨ ਅਤੇ ਖੇਤਾਂ ਵਿਚ ਕਣਕ ਦੀ ਬਿਜਾਈ ਵੀ ਸਮੇਂ ਸਿਰਫ ਕਰ ਸਕਣਗੇ। ਇਨ੍ਹਾਂ ਕਿਸਮਾਂ ਦੀ ਪੈਦਾਵਾਰ ਵੀ ਚੰਗੀ ਹੈ, ਜਿਸ ਕਾਰਨ ਇਹ ਕਿਸਮਾਂ ਕਿਸਾਨਾਂ ਦੀ ਪਹਿਲੀ ਪਸੰਦ ਬਣ ਰਹੀਆਂ ਹਨ। ਜ਼ਿਲ੍ਹਾ ਗੁਰਦਾਸਪੁਰ ਅੰਦਰ ਝੋਨੇ ਅਤੇ ਬਾਸਮਤੀ ਹੇਠ ਕੁੱਲ 1 ਲੱਖ 73 ਹੈੱਕਟੇਰਅਰ ਰਕਬਾ ਆਉਣ ਦੀ ਸੰਭਾਵਨਾ ਹੈ, ਜਿਸ ’ਚੋਂ ਇਕ ਲੱਖ 50 ਹਜ਼ਾਰ ਹੈੱਕਟੇਅਰ ਰਕਬੇ ਵਿਚ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ, ਜਦੋਂ ਕਿ 22 ਤੋਂ 23 ਹਜ਼ਾਰ ਹੈੱਕਟੇਅਰ ਰਕਬਾ ਬਾਸਮਤੀ ਦੀਆਂ ਕਿਸਮਾਂ ਹੇਠ ਰਹਿੰਦਾ ਹੈ। ਇਸ ਸਾਲ ਕਿਸਾਨਾਂ ਨੇ ਡੇਢ ਲੱਖ ਹੈੱਕਟੇਅਰ ਝੋਨੇ ਦੇ ਅਨੁਮਾਨਿਤ ਰਕਬੇ ’ਚੋਂ ਕਰੀਬ ਸਵਾ ਲੱਖ ਹੈੱਕਟੇਅਰ ਰਕਬੇ ਵਿਚ ਝੋਨੇ ਦੀ ਕਾਸ਼ਤ ਕਰ ਲਈ ਹੈ, ਜਦੋਂ ਕਿ ਬਾਕੀ ਦੇ ਰਕਬੇ ਵਿਚ ਝੋਨਾ ਲਗਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ।

ਇਹ ਵੀ ਪੜ੍ਹੋ- ਦੋਸਤਾਂ ਨਾਲ ਨਹਿਰ 'ਚ ਨਹਾਉਣ ਆਇਆ ਨੌਜਵਾਨ ਪਾਣੀ ਡੁੱਬਿਆ

ਦੂਜੇ ਪਾਸੇ ਬਾਸਮਤੀ ਹੇਠਲੇ ਕਰੀਬ 22 ਹਜ਼ਾਰ ਹੈੱਕਟੇਅਰ ਰਕਬੇ ਵਿਚ ਬਾਸਮਤੀ ਦੀ ਕਾਸ਼ਤ ਕਰਨ ਲਈ ਵੀ ਕਿਸਾਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਾਰ ਕਿਸਾਨਾਂ ਦਾ ਰੁਝਾਨ ਬਾਸਤਮੀ ਦੀ ਪੂਸਾ 1121 ਅਤੇ 1509 ਕਿਸਮਾਂ ਦੀ ਕਾਸ਼ਤ ਵੱਲ ਜ਼ਿਆਦਾ ਹੈ ਕਿਉਂਕਿ ਇਨ੍ਹਾਂ ਕਿਸਮਾਂ ਦੀ ਪੈਦਾਵਾਰ ਵੀ ਚੰਗੀ ਨਿਕਲਦੀ ਹੈ ਅਤੇ ਰੇਟ ਵੀ ਚੰਗਾ ਮਿਲਦਾ ਹੈ।

ਖਾਦਾਂ ਦੀ ਸੁਚੱਜੀ ਵਰਤੋਂ ਲਈ ਕਿਸਾਨਾਂ ਨੂੰ ਅਪੀਲ

ਇਸ ਮੌਕੇ ਕਿਸਾਨ ਫ਼ਸਲ ਵਿਚ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰ ਰਹੇ ਹਨ। ਇਸ ਕਾਰਨ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਿਫਾਰਸ਼ ਕੀਤੀ ਮਾਤਰਾ ਅਨੁਸਾਰ ਹੀ ਖਾਦਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਝੋਨੇ-ਬਾਸਮਤੀ ਨੂੰ ਲੱਗਣ ਵਾਲੀਆਂ ਕਈਆਂ ਬੀਮਾਰੀਆਂ ਦਾ ਕਾਰਨ ਖਤਰਨਾਕ ‘ਉਲੀ’ ਹੁੰਦੀ ਹੈ ਅਤੇ ਅਨੇਕਾਂ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜੋ ਯੂਰੀਆ ਖਾਦ ਦੀ ਜ਼ਿਆਦਾ ਵਰਤੋਂ ਨਾਲ ਹੋਰ ਵਧਦੀਆਂ ਹਨ ਅਤੇ ਫਸਲ ਦਾ ਨੁਕਸਾਨ ਵੀ ਜ਼ਿਆਦਾ ਕਰਦੀਆਂ ਹਨ।

ਇਹ ਵੀ ਪੜ੍ਹੋ-  ਨਸ਼ੇ ਦੇ ਦੈਂਤ ਨੇ ਉਜਾੜਿਆ ਇਕ ਪਰਿਵਾਰ, ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ

ਝੁਲਸ ਰੋਗ ਭੂਰੇ ਧੱਬਿਆਂ ਦਾ ਰੋਗ, ਤਣੇ ਦੁਆਲੇ ਪੱਤਿਆਂ ਦਾ ਝੁਲਸ ਰੋਗ, ਤਣੇ ਦੇ ਗਲਣ ਦਾ ਰੋਗ, ਝੂਠੀ ਕਾਂਗਿਆਰੀ ਅਤੇ ਬੰਟ ਵਰਗੀਆਂ ਬੀਮਾਰੀਆਂ ਦਾ ਹਮਲੇ ਲਈ ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਜ਼ਿੰਮੇਵਾਰ ਹੁੰਦੀ ਹੈ। ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਕਾਰਨ ਫ਼ਸਲ ਦੇ ਪੱਤੇ ਨਰਮ ਹੋ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ਦੇ ਕੀੜਿਆਂ ਮਕੌੜਿਆਂ ਦਾ ਹਮਲਾ ਵੀ ਵਧਦਾ ਹੈ। ਇਸ ਲਈ ਯੂਰੀਆ ਖਾਦ ਦੀ ਸੁਚੱਜੀ ਵਰਤੋਂ ਲਈ ਮਿੱਟੀ ਪਰਖ ਕਰਾਉਣ ਦੇ ਇਲਾਵਾ ਨਾਈਟ੍ਰੋਜਨ ਤੱਤ ਦੀ ਲੋੜ ਜਾਣਨ ਲਈ ‘ਪੱਤਾ ਰੰਗ ਚਾਰਟ’ ਦੀ ਵਰਤੋਂ ਕਰਨੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News