ਕਿਸਾਨਾਂ ਨੇ ਸੜਕ ਦੀਆਂ ਬਰਮਾਂ 'ਤੇ ਲਾਇਆ ਝੋਨਾ, ਹਾਦਸੇ ਵਧਣ ਦਾ ਖ਼ਦਸ਼ਾ

Monday, Jun 22, 2020 - 02:44 PM (IST)

ਕਿਸਾਨਾਂ ਨੇ ਸੜਕ ਦੀਆਂ ਬਰਮਾਂ 'ਤੇ ਲਾਇਆ ਝੋਨਾ, ਹਾਦਸੇ ਵਧਣ ਦਾ ਖ਼ਦਸ਼ਾ

ਅਮਰਗੜ੍ਹ (ਜੋਸ਼ੀ) : ਪੰਜਾਬ ਮੰਡੀ ਬੋਰਡ ਦੀ ਬਾਗੜੀਆਂ ਤੋਂ ਰਾਮਪੁਰ ਛੰਨਾ ਨੂੰ ਜਾਂਦੀ ਸੜਕ ਦੀਆਂ ਬਰਮਾਂ 'ਤੇ ਕਿਸਾਨਾਂ ਵੱਲੋਂ ਜ਼ੀਰੀ ਲਾ ਕੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। ਸੜਕ ਤੰਗ ਹੋਣ ਕਾਰਨ ਕਿਸੇ ਵੀ ਸਮੇਂ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਇਸ ਸੜਕ ’ਤੇ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ। ਇਸ ਸਬੰਧੀ ਪੰਜਾਬ ਮੰਡੀ ਬੋਰਡ ਦੇ ਐੱਸ. ਡੀ. ਓ. ਜਸਜੀਤ ਸਿੰਘ ਨੇ ਕਿਹਾ ਕਿ ਉਹ ਮਾਮਲਾ ਐਕਸਨੀਅਨ ਸੰਗਰੂਰ ਦੇ ਧਿਆਨ 'ਚ ਲਿਆਉਣਗੇ, ਜਿਨ੍ਹਾਂ ਰਾਹੀਂ ਅੱਗੇ ਐੱਸ. ਡੀ. ਓ. ਮਲੇਰਕੋਟਲਾ ਨੂੰ ਅਗਲੀ ਕਾਰਵਾਈ ਕਰਨ ਲਈ ਲਿਖਤੀ ਰੂਪ 'ਚ ਭੇਜਿਆ ਜਾਵੇਗਾ।

ਇਸੇ ਤਰ੍ਹਾਂ ਅਮਰਗੜ੍ਹ ਤੋਂ ਪਿੰਡ ਮੋਹਾਲੀ ਨੂੰ ਜਾਂਦੀ ਮਹਿਕਮਾ ਪੀ. ਡਬਲਯੂ. ਡੀ. ਦੇ ਪ੍ਰਬੰਧ ਅਧੀਨ ਬਣੀ ਸੜਕ ਦੇ ਦੋਵੇਂ ਪਾਸੇ ਦੀਆਂ ਬਰਮਾਂ ਨੂੰ ਕਿਸਾਨਾਂ ਵੱਲੋਂ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਹੈ, ਜਿਸ ਕਾਰਣ ਦੋਵਾਂ ਪਾਸਿਆਂ ਤੋਂ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ ਪਰ ਮਹਿਕਮਾ ਇਸ ਤੋਂ ਬੇਖ਼ਬਰ ਹੈ। ਇਨ੍ਹਾਂ ਦੋਵਾਂ ਸੜਕਾਂ ਦੀ ਹਾਲਤ ਦੇਖ ਕੇ ਇੰਝ ਹੈ ਲੱਗਦਾ ਹੈ ਕਿ ਇਨ੍ਹਾਂ ਮਹਿਕਮਿਆਂ ਦੇ ਅਧਿਕਾਰੀ ਜਾਂ ਕਰਮਚਾਰੀ ਸੜਕਾਂ ਵੱਲ ਕੋਈ ਧਿਆਨ ਨਹੀਂ ਦਿੰਦੇ ਸਗੋਂ ਆਪਣੇ ਦਫ਼ਤਰਾਂ ਦੇ ਏ. ਸੀ. ਰੂਮਾਂ 'ਚ ਬੈਠ ਕੇ ਹੀ ਸਮਾਂ ਗੁਜ਼ਾਰਦੇ ਹਨ। ਇਸ ਸਬੰਧੀ ਪੀ. ਡਬਲਯੂ. ਡੀ. ਦੇ ਮਲੇਰਕੋਟਲਾ 'ਚ ਤਾਇਨਾਤ ਐੱਸ. ਡੀ. ਓ. ਦਵਿੰਦਰ ਸਿੰਘ ਨਾਲ ਜਦੋਂ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿ ਉਹ ਇਸ ਦੀ ਪੜਤਾਲ ਕਰਵਾ ਕੇ ਬਰਮਾ ’ਤੇ ਮਿੱਟੀ ਪਵਾਉਣ ਦਾ ਪ੍ਰਬੰਧ ਕਰਨਗੇ।
 


author

Babita

Content Editor

Related News